image caption: ਜਥੇਦਾਰ ਸੁਖਦੇਵ ਸਿੰਘ ਭੌਰ

ਭਾਜਪਾ ਭਾਰਤ ਵਿੱਚ ਹਿੰਦੂ ਏਜੰਡਾ ਲਾਗੂ ਕਰਨ ਲਈ ਘੱਟ ਗਿਣਤੀਆਂ ਦਾ ਘਾਣ ਕਰ ਰਹੀ ਹੈ - ਜਥੇਦਾਰ ਸੁਖਦੇਵ ਸਿੰਘ ਭੌਰ

 ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਭਾਜਪਾ ਦਾ ਏਜੰਡਾ, ਕੇਵਲ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦਾ ਹੀ ਨਹੀਂ ਹੈ, ਭਾਜਪਾ ਦੇ ਕਈ ਵੱਡੇ ਆਗੂ ਕਈ ਵਾਰ ਸਪਸ਼ੱਟ ਕਰ ਚੁੱਕੇ ਹਨ ਕਿ ਇਸ ਵਾਰ ਮਿਲੇ ਭਾਰੀ ਬਹੁਮਤ ਸਦਕਾ ਉਹ ਰਾਮ ਮੰਦਿਰ ਵੀ ਬਣਾਉਣਗੇ, ਪੰਜਾਬ ਦਾ ਪਾਣੀ ਵੀ ਖੋਹ ਕੇ ਲੈ ਜਾਣਗੇ, ਦੇਸ਼ ਨੂੰ ਹਿੰਦੀ ਭਾਸ਼ਾਈ ਦੇਸ਼ ਵੀ ਬਣਾਉਣਗੇ, ਇਨਸਾਫ ਲਈ ਜੂਝਣ ਵਾਲਿਆਂ ਨੂੰ ਅੱਤਵਾਦ ਵਿਰੁੱਧ ਬਣਾਏ ਨਵੇਂ ਕਾਨੂੰਨ USPA ਰਾਹੀਂ ਜੇਲਾਂ ਵਿੱਚ ਵੀ ਡੱਕਣਗੇ ਅਤੇ ਦੇਸ਼ ਨੂੰ ਕੁੱਝ ਸਾਲਾਂ ਵਿੱਚ ਹੀ ਹਿੰਦੂ ਰਾਸ਼ਟਰ ਵੀ ਘੋਸ਼ਿਤ ਕਰ ਦਿੱਤਾ ਜਾਵੇਗਾ | ਇਹ ਸਾਰਾ ਕੁੱਝ ਸੋਸ਼ਲ ਮੀਡਿਆ ਤੇ ਸਰੇਆਮ ਕਿਹਾ ਜਾ ਰਿਹਾ ਹੈ |
    ਉਹਨਾਂ ਹੋਰ ਕਿਹਾ ਕਿ ਭਾਰਤ ਦੇ ਕਾਨੂੰਨ ਅਨੁਸਾਰ, ਦੇਸ਼ ਦੀ ਪਾਰਲੀਮੈਂਟ ਵਿੱਚ ਬਹੁਮੱਤ ਨਾਲ ਕੋਈ ਭੀ ਕਾਨੂੰਨ ਬਣਾਇਆ ਜਾ ਸਕਦਾ ਹੈ, ਸਿਆਸੀ ਲੋਕ ਬਹੁਮੱਤ ਦਾ ਲਾਭ ਉਠਾ ਕੇ, ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਆਪਣੀ ਮਰਜ਼ੀ ਮੁਤਾਬਿੱਕ ਕੋਈ ਭੀ ਫੈਸਲਾ ਲੈ ਸਕਦੇ ਹਨ, ਇਹ ਉਨ੍ਹਾਂ ਦਾ ਕਾਨੂੰਨੀ ਅਧਿਕਾਰ ਭੀ ਹੈ | ਅਜਿਹੇ ਬਹੁਤੇ ਫੈਸਲੇ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਹੀ ਲਏ ਜਾਂਦੇ ਹਨ | ਕਸ਼ਮੀਰ ਸੰਬੰਧੀ ਲਏ ਫੈਸਲੇ ਤੋਂ ਵੀ ਐਸੀ ਹੀ ਬਦਬੂ ਆਉਣੀ ਸ਼ੁਰੂ ਹੋ ਗਈ ਹੈ | ਆਪਣਾਂ ਬਹੁਮੱਤੀ ਫੈਸਲਾ ਲਾਗੂ ਕਰਾਉਣ ਲਈ, ਫੌਜ ਦੀ ਮਦਦ ਨਾਲ ਲੋਕਾਂ ਦੇ ਮੁੱਢਲੇ ਹੱਕ ਖੋਹੇ ਜਾ ਰਹੇ ਹਨ | ਤਕਰੀਬਨ ਦੋ ਮਹੀਨੇ ਹੋ ਚੱਲੇ ਹਨ, ਲੋਕ ਘਰਾਂ ਵਿੱਚ ਕੈਦ ਹਨ, ਬੱਚੇ ਸਕੂਲ ਨਹੀਂ ਜਾ ਸਕਦੇ, ਸੱਭ ਕਾਰੋਬਾਰ ਬੰਦ ਪਏ ਹਨ, ਆਮ ਜਨਤਾ ਪ੍ਰੇਸ਼ਾਨ ਹੈ | ਆਖਿਰ ਉਨ੍ਹਾਂ ਦਾ ਕਸੂਰ ਕੀ ਹੈ ? ਉਹ ਕਿਸ ਗੱਲ ਦੀ ਸਜ਼ਾ ਭੁਗਤ ਰਹੇ ਹਨ ? ਜੋ ਲੋਕ ਸਜ਼ਾ ਭੁਗਤ ਰਹੇ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਤਾਂ 370 ਦੇ ਅਰਥ ਵੀ ਸ਼ਾਇਦ ਪਤਾ ਨਾ ਹੋਣ |