image caption: ਜਥੇਦਾਰ ਮਹਿੰਦਰ ਸਿੰਘ ਖਹਿਰਾ

ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਖ ਪੰਥ ਦੀ ਨੀਂਹ ਰੱਖੀ ਸੀ - ਜਿਸ ਦੇ ਦੋ ਵੱਡੇ ਥੰਮ ਹਨ, 'ਗੁਰੂ ਗ੍ਰੰਥ - ਗੁਰੂ ਪੰਥ'

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੇ ਨਾਲ ਨਿਰਮਲ ਪੰਥ ਦੀ ਨੀਂਹ ਵੀ ਰੱਖੀ (ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ) ਨਾਨਕ ਨਿਰਮਲ ਪੰਥ ਦਾ ਮੂਲ ਆਦੇਸ਼ ਸੰਸਾਰ ਦੇ ਹਰ ਮਾਨਵ ਨੂੰ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਜੋ ਸਰਬ-ਸ਼ਕਤੀਮਾਨ ਤੇ ਸਰਬ ਵਿਆਪਕ ਹੈ, ਨਾਲ ਜੋੜਨਾ ਤੇ ਮਾਨਵਤਾ ਨੂੰ ਹਰ ਤਰ੍ਹਾਂ ਦੀ ਗੁਲਾਮੀ ਤੋਂ ਸੁਤੰਤਰ ਕਰਕੇ ਬੇਗਮਪੁਰੇ ਦੇ ਵਾਸੀ ਬਣਾਉਣਾ ਹੈ । ਗੁਰੂ ਸਾਹਿਬਾਨ ਨੇ ਇਸ ਆਦਰਸ਼ ਦੀ ਸਥਾਪਤੀ ਵਾਸਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸਿਰਜਣਾ ਤੇ ਸਥਾਪਨਾ ਕੀਤੀ । ਗੁਰੂ ਨਾਨਕ ਪਾਤਿਸ਼ਾਹ ਨੇ ਤਿੰਨ ਨਿਸ਼ਾਨਿਆਂ ਦੀ ਪੂਰਤੀ ਲਈ ਸਿੱਖ ਧਰਮ ਦਾ ਅਗਾਜ਼ ਕੀਤਾ ਅਤੇ ਨਾਲ ਤੀਸਰਾ ਪੰਥ, ਨਾਨਕ ਨਿਰਮਲ ਪੰਥ ਚਲਾਇਆ "ਪਹਿਲਾ ਨਿਸ਼ਾਨਾ ਸੀ ਮਨੁੱਖ ਜਾਤੀ ਦੀ ਮੁਕੰਮਲ ਅਜ਼ਾਦੀ ਤੇ ਬਰਾਬਰੀ ਦੇ ਆਦਰਸ਼ ਦਾ ਪ੍ਰਚਾਰ ਕਰਨਾ, ਦੂਸਰਾ ਨਿਸ਼ਾਨਾ ਸੀ 'ਜਾਤ-ਪਾਤੀ ਵਿਚਾਰਧਾਰਾ ਵਰਣ-ਵੰਡ' ਦਾ ਖੰਡਨ ਕਰਕੇ ਪਹਿਲੇ ਨਿਸ਼ਾਨੇ ਦੀ ਪੂਰਤੀ ਲਈ ਉਸ ਆਦਰਸ਼ ਦੀਆਂ ਨੀਹਾਂ ਉੱਤੇ ਇਕ ਨਵਾਂ ਸਮਾਜ ਨਿਰਮਲ ਪੰਥ (ਖਾਲਸਾ ਪੰਥ) ਉਸਾਰਨਾ, ਤੀਸਰਾ ਨਿਸ਼ਾਨਾ ਸੀ ਖਾਲਸਾ ਪੰਥ ਨੂੰ ਰਾਜਸੀ ਇਨਕਲਾਬ ਲਿਆਉਣ ਦਾ ਵਸੀਲਾ ਬਣਾਉਣਾ" । ਨਾਨਕ ਨਿਰਮਲ ਪੰਥ ਵਿੱਚੋਂ ਖਾਲਸਾ ਪ੍ਰਗਟ ਕਰਨ ਲਈ ਨਾਨਕ ਪਾਤਿਸ਼ਾਹ ਨੇ ਆਪਣੀ ਗੁਰ-ਗੱਦੀ ਦੇ ਦੱਸਵੇਂ ਗੱਦੀ-ਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਤੱਕ ਨਿਰੰਤਰ ਗੁਰੂ-ਜੋਤਿ (ਲਗਪਗ 200 ਸਾਲ) ਵਿੱਚ ਵਿਚਰਕੇ 'ਨਾਨਕ ਪੰਥ' ਦੀ ਅਗਵਾਈ ਕੀਤੀ । ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ।। ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ।। --- ਸਹਿ ਟਿਕਾ ਦਿਤੋਸੁ ਜੀਵਦੈ ।।1।। ਅਰਥਾਤ "ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ।। ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ।। ਝੁਲੇ ਸੁ ਛਤੁ ਨਿਰੰਜਨੀ ਮਲਿ ਤਖ਼ਤੁ ਬੈਠਾ ਗੁਰ ਹਟੀਐ ।। (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 966) ਅਤੇ ਭਾਈ ਗੁਰਦਾਸ ਜੀ ਨੇ ਉਕਤ ਸ਼ਬਦ ਦਾ ਖੁਲਾਸਾ ਆਪਣੀ ਵਾਰ ਪਹਿਲੀ ਦੀ 45ਵੀਂ ਪਾਉੜੀ ਵਿੱਚ ਹੇਠ ਲਿਖੇ ਅਨੁਸਾਰ ਅੰਕਿਤ ਕੀਤਾ ਹੈ । ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ।। ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ ।। ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ ।। ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ ।। ਕਾਇਆ ਪਲਟਿ ਸਰੂਪ ਬਣਾਇਆ ।। ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਸਾਹਿਬਾਨਾਂ ਦੇ ਸਮਕਾਲੀ ਮੁਸਲਮਾਨ ਇਤਿਹਾਸਕਾਰਾਂ ਨੇ ਨਿਰਮਲ ਪੰਥ ਨੂੰ 'ਨਾਨਕ ਪੰਥ' ਲਿਖਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ 'ਨਾਨਕ ਪੰਥੀਆ' ਆਖ ਕੇ ਸੰਬੋਧਨ ਕੀਤਾ ਗਿਆ ਹੈ । 'ਪੰਥ' ਦੀ ਪਰਿਭਾਸ਼ਾ ਸਾਰੇ ਗੁਰੂ ਕਾਲ ਵਿੱਚ ਵਿਕਸਿਤ ਹੁੰਦੀ ਗਈ ਅਤੇ ਸਹਿਜੇ ਸਹਿਜੇ 'ਨਾਨਕ ਪੰਥ' ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਇਆ । ਸਿੱਖ ਧਰਮ ਦੇ ਅਨੁਆਈਆਂ ਦੀ ਸੰਗਤ ਦਾ ਇਕੱਠ ਹੀ 'ਪੰਥ' ਰੂਪ ਵਿੱਚ ਸੁਭਾਇਮਾਨ ਹੋਇਆ ਅਤੇ ਇਸ ਦੀ ਸੌਂਪਣਾ ਭਾਈ ਲਹਿਣਾ ਜੀ ਨੂੰ ਅਤੇ ਅੱਗੇ ਹੋਰ ਗੁਰੂ ਸਾਹਿਬਾਨਾਂ ਨੂੰ ਹੁੰਦੀ ਗਈ । "ਲਹਣੈ ਪੰਥੁ ਧਰਮ ਕਾ ਕੀਆ ।। ਅਮਰਦਾਸ ਭਲੇ ਕੋ ਦੀਆ ।। ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਹਉ ।।" (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1401) ਫਿਰ ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਨੂੰ ਸੀਸ ਭੇਂਟ ਕੌਤਕ ਵਰਤਾ ਕੇ ਖਾਲਸਾ ਪ੍ਰਗਟ ਕੀਤਾ । "ਖਾਲਸਾ ਅਕਾਲ ਪੁਰਖ ਕੀ ਫੌਜ ।। ਪਰਗਟਿਉ ਖਾਲਸਾ ਪਰਮਾਤਮ ਕੀ ਮੌਜ ।" ਅਤੇ - "ਗੁਰ ਘਰ ਅਕਾਲ ਕੇ ਹੁਕਮ ਸਿਉਂ ਉਪਜਿਓੁ ਬਿਗਆਨਾ ।। ਤਬ ਸਹਿਜੇ ਰਚਿਓੁ ਖਾਲਸਾ ਸਾਬਤ ਮਰਦਾਨਾ ।।' ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਕਰਨ ਵਾਲੇ ਪੰਜਾਂ ਪਿਆਰਿਆਂ (ਜੋ ਕਿ ਵੱਖ ਵੱਖ ਜਾਤਾਂ ਵਿੱਚੋਂ ਸਨ) ਨੂੰ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛੱਕ ਕੇ ਆਪਣੇ ਆਪ ਨੂੰ ਖਾਲਸੇ ਵਿੱਚ ਅਭੇਦ ਕਰ ਲਿਆ । ਖਾਲਸੇ ਨੂੰ ਕੁਰਹਿਤਾਂ ਦਾ ਤਿਆਗ ਕਰਕੇ ਪੰਜ ਕਕਾਰੀ ਰਹਿਤ ਰੱਖਣ ਦਾ ਹੁਕਮ ਕੀਤਾ । 1699 ਦੀ ਵਿਸਾਖੀ ਤੋਂ ਹੀ ਸਿੱਖ ਕੌਮ ਦਾ ਕੌਮੀ ਸਰੂਪ 'ਖਾਲਸਾ ਪੰਥ' ਹੈ ਜਾਂ ਇੰਜ ਆਖ ਲਈਏ ਕਿ ਉਦੋਂ ਤੋਂ ਹੀ ਸਿੱਖਾਂ ਨੂੰ ਸਿੱਖ ਇਕ ਵੱਖਰੀ ਰਾਜਨੀਤਕ ਕੌਮ ਵਜੋਂ ਤਸਲੀਮ ਕੀਤਾ ਤੇ ਕਬੂਲਿਆ ਜਾ ਚੁੱਕਾ ਹੈ । "ਪ੍ਰਸਿੱਧ ਇਤਿਹਾਸਕਾਰ ਜੇ।ਡੀ। ਕਨਿੰਘਮ ਦੇ ਕਹਿਣ ਅਨੁਸਾਰ ਖਾਲਸੇ ਦੀ ਸਿਰਜਣਾ ਉਪਰੰਤ ਦੱਸਵੇਂ ਗੁਰੂ ਸਾਹਿਬ ਨੇ ਖਾਲਸੇ ਲਈ ਇਕ ਸਿਧਾਂਤ ਦਿੱਤਾ, ਜਿਸ ਨੂੰ ਇਤਿਹਾਸ ਵਿੱਚ 'ਨਾਸ਼ ਸਿਧਾਂਤ' (Nash Doctrine) ਨਾਲ ਜਾਣਿਆ ਜਾਣ ਲੱਗਾ । ਹਰ ਵਿਅਕਤੀ ਨੂੰ ਖਾਲਸਾ ਬਣਨ ਤੋਂ ਪਹਿਲਾਂ ਚਾਰ ਗੱਲਾਂ ਦਾ ਤਿਆਗ ਜਰੂਰੀ ਹੈ, ਜਿਵੇਂ ਕਿ 'ਧਰਮ ਨਾਸ਼, ਕੁਲ ਨਾਸ਼, ਕਿਰਤ ਨਾਸ਼ ਅਤੇ ਕਰਮ ਨਾਸ਼ । ਖਾਲਸਾ ਬਣਨ ਲਈ ਆਪਣੇ ਸਾਰੇ ਪਿਛਲੇ ਸੰਸਕਾਰਾਂ ਨੂੰ ਛੱਡਣਾ ਹੋਵੇਗਾ ਅਤੇ ਨਵੇਂ ਨਿਵੇਕਲੇ ਧਰਮ ਨੂੰ ਅਪਨਾਉਣਾ ਹੋਵੇਗਾ, ਜਿਸ ਦੇ ਆਪਣੇ ਬਿਲਕੁੱਲ ਵੱਖਰੇ ਨਵੇਂ ਨਰੋਏ ਸੰਸਕਾਰ, ਰਹੁ ਰੀਤਾਂ ਅਤੇ ਰਿਵਾਜ ਹੋਣਗੇ । ਖਾਲਸਾ ਪੰਜਾਂ ਕਕਾਰਾਂ ਦਾ ਧਾਰਨੀ ਹੋਵੇਗਾ । ਜਿਸ ਦਾ ਆਪਣੇ ਪਿਛੋਕੜ ਨਾਲ ਕੋਈ ਨਾਤਾ ਨਹੀਂ ਹੋਵੇਗਾ । ਖਾਲਸੇ ਦੇ ਪਿਤਾ ਗੁਰੂ ਗੋਬਿੰਦ ਸਿੰਘ ਹੋਣਗੇ, ਮਾਤਾ ਸਾਹਿਬ ਕੌਰ ਹੋਵੇਗੀ ਅਤੇ ਉਹ ਵਾਸੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਹੋਣਗੇ" (ਪੁਸਤਕ ਪੰਜਾਬ ਦਾ ਸੰਤਾਪ 1947 ਤੋਂ 2015 ਤੱਕ) "ਸਿੱਖ ਧਰਮ ਦਾ ਅਰੰਭ ਸ਼ਬਦ ਅਤੇ ਸੰਗਤ ਦੇ ਸੰਕਲਪਾਂ ਨਾਲ ਹੋਇਆ । ਸ਼ਬਦ ਦੀ ਬ੍ਰਹਿਮੰਡੀ ਚੇਤਨਾ ਨੂੰ ਘਟ-ਘਟ ਵਿੱਚ ਅਨੁਭਵ ਕਰਦਿਆਂ ਹੋਇਆਂ 'ਸ਼ਬਦ' ਨੂੰ ਸਭ ਤੋਂ ਪਹਿਲਾਂ ਸਰਬ-ਸ਼ਕਤੀਮਾਨ ਗੁਰੂ ਰੂਪ ਵਿੱਚ (ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ) ਸਵੀਕਾਰ ਸ੍ਰੀ ਗੁਰੂ ਨਾਨਕ ਸਾਹਿਬ ਨੇ ਕੀਤਾ । ਸ਼ਬਦ ਸਿੱਖ ਧਰਮ ਵਿੱਚ ਪਹਿਲਾਂ ਪੋਥੀ ਸਾਹਿਬ ਦੇ ਰੂਪ ਵਿੱਚ ਆਇਆ ਅਤੇ ਪੁਰਾਤਨ ਜਨਮ ਸਾਖੀ ਅਨੁਸਾਰ ਇਹ "ਪੋਥੀ ਜਬਾਨ ਗੁਰੂ ਅੰਗਦ ਜੋਗ ਮਿਲੀ" । ਕਾਲਲਾਂਤਰ ਵਿੱਚ ਇਹੀ ਪੋਥੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਘਾਲਣਾ ਦੇ ਫਲਸਰੂਪ ਸ਼ਬਦ ਦੀ ਆਦਿ ਬੀੜ ਦੇ ਰੂਪ ਵਿੱਚ ਪ੍ਰਗਟ ਹੋਈ ਅਤੇ ਇਸ ਦਾ ਸਤਿਕਾਰ ਸਿੱਖਾਂ ਨੇ ਪਰਮੇਸ਼ਰ ਸਮਾਨ ਕੀਤਾ ਅਰਥਾਤ "ਪੋਥੀ ਪਰਮੇਸ਼ਰ ਕਾ ਥਾਨੁ" ਗੁਰੂ ਸਾਹਿਬ ਦੇ ਸਰੀਰੀ ਰੂਪ ਵਿੱਚ ਵਿਚਰਨ ਸਮੇਂ ਵੀ 'ਸ਼ਬਦ' ਨੂੰ ਪੋਥੀ ਰੂਪ ਵਿੱਚ ਜਾਂ ਫਿਰ ਗ੍ਰੰਥ ਰੂਪ ਵਿੱਚ ਸਤਿਗੁਰੂ ਦਾ ਹੀ ਦਰਜਾ ਦਿੱਤਾ ਜਾਂਦਾ ਰਿਹਾ ਅਤੇ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤਿ ਸਮਾਉਣ ਸਮੇਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੇ ਤੱਥ 'ਤੇ ਪੱਕੀ ਮੋਹਰ ਲਾ ਦਿੱਤੀ ਅਰਥਾਤ "ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓੁ ਗ੍ਰੰਥ" । ਗੁਰੂ ਗੋਬਿੰਦ ਸਿੰਘ ਜੀ ਦੇ ਅਤਿਅੰਤ ਨਿਕਟਵਰਤੀ ਭਾਈ ਨੰਦ ਲਾਲ ਸਿੰਘ ਜੀ ਦਾ ਇਹ ਰਹਿਤਨਾਮਾ ਇਸ ਹਕੀਕਤ ਦੀ ਪੁਸ਼ਟੀ ਕਰਦਾ ਹੈ ਕਿ - "ਜੋ ਸਿਖ ਗੁਰ ਦਰਸ਼ਨ ਕੀ ਚਾਹਿ । ਦਰਸ਼ਨ ਕਰੇ ਗ੍ਰੰਥ ਜੀ ਆਹਿ । ਜੋ ਮਮ ਸਾਥ ਚਾਹੇ ਕਰਿ ਬਾਤ । ਗ੍ਰੰਥ ਜੀ ਪੜੇ ਬਿਚਾਰਹਿ ਸਾਖ । ਮੇਰਾ ਰੂਪ ਗ੍ਰੰਥ ਜੀ ਜਾਨ । ਇਸ ਮੇਂ ਭੇਦ ਨ ਰੰਚਕ ਮਾਨ ।" (ਉਕਤ ਹਵਾਲਾ ਗੁਰਮਤਿ ਪ੍ਰਕਾਸ਼ ਦੇ 2016 ਦੇ ਨਵੰਬਰ ਅੰਕ ਵਿੱਚ ਛਪੇ ਗੁਰੂ ਗ੍ਰੰਥ ਅਤੇ ਗੁਰੂ-ਪੰਥ ਦਾ ਸਿੱਖ ਸਿਧਾਂਤ' ਵਿੱਚੋਂ ਲਿਆ ਗਿਆ ਹੈ ) ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਹੀ ਜੋਤੀ ਜੋਤਿ ਸਮਾਉਣ ਸਮੇਂ "ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ" ਦੇ ਸ਼ਬਦਾਂ ਰਾਹੀਂ ਗੁਰ-ਗੱਦੀ ਸ਼ਬਦ ਗੁਰੂ - 'ਗ੍ਰੰਥ ਅਤੇ ਪੰਥ' (ਖਾਲਸਾ ਪੰਥ) ਨੂੰ ਸੌਂਪ ਦਿੱਤੀ ਸੀ । ਦੁਨੀਆਂ ਦੇ ਇਤਿਹਾਸ ਵਿੱਚ 1708 ਈ: ਨੂੰ ਨੰਦੇੜ ਵਿਖੇ ਇਹ ਵੀ ਇਕ ਵੱਖਰੀ ਹੀ ਗੱਲ ਵਾਪਰੀ ਕਿ ਜਦੋਂ ਕਿਸੇ ਪੈਗੰਬਰ ਨੇ ਸਰੀਰ ਤਿਆਗਣ ਤੋਂ ਪਹਿਲਾਂ ਆਪਣੇ ਧਰਮ ਗ੍ਰੰਥ ਨੂੰ ਗੁਰੂ ਥਾਪਿਆ ਹੋਵੇ । "ਸਿੱਖੀ ਵਿੱਚ 'ਗੁਰੂ ਗ੍ਰੰਥ ਗੁਰੂ ਪੰਥ ਦਾ ਅਨੋਖਾ ਸੁਮੇਲ ਹੈ । ਇਕ ਦਾ ਸਬੰਧ ਗੁਰੂ ਪਰੰਪਰਾ ਦੇ ਸਿਧਾਂਤਕ ਪੱਖ ਨਾਲ ਹੈ, ਜਦਕਿ ਦੂਜੇ ਦਾ ਵਿਵਹਾਰਕ ਪੱਖ ਨਾਲ ਹੈ । ਸਿਧਾਂਤਕ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਸੰਸਾਰ ਤੱਕ ਕੀਰਤੀਮਾਨ ਕਰਨ ਪੱਖੋਂ ਪੰਥ (ਖਾਲਸਾ ਪੰਥ) ਗੁਰੂ ਹੈ । ਦੋਵੇਂ ਇਕ ਦੂਜੇ ਦੇ ਪੂਰਕ ਹਨ । ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀਆਂ ਮਾਨਵੀ ਕਦਰਾਂ ਕੀਮਤਾਂ ਅਤੇ ਸਿਧਾਂਤ ਨੂੰ ਵਿਸ਼ਵ ਭਰ ਵਿੱਚ ਵਿਵਹਾਰਕ ਤੌਰ 'ਤੇ ਸਥਾਪਤ ਕਰਨ ਦੀ ਜ਼ਿੰਮੇਦਾਰੀ 'ਗੁਰੂ-ਪੰਥ' ਦੀ ਹੈ ।" ਗੁਰੂ ਪੰਥ - "ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ । ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਿਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ" । ਗੁਰੂ ਪੰਥ ਦਾ ਦਾਸ ਜਥੇਦਾਰ ਮਹਿੰਦਰ ਸਿੰਘ ਖਹਿਰਾ