image caption:

ਕਬੱਡੀ ਟੀਮ ਬਿਨਾਂ ਮਨਜ਼ੂਰੀ ਤੋਂ ਪਾਕਿਸਤਾਨ ਜਾਣ ਨਾਲ ਸੁਖਬੀਰ ਸਿੰਘ ਬਾਦਲ ਵਿਵਾਦਾਂ ਵਿੱਚ

ਚੰਡੀਗੜ੍ਹ - ਭਾਰਤੀ ਕਬੱਡੀ ਟੀਮ ਵੱਲੋਂ ਚੁਪ-ਚੁਪੀਤੇ ਪਾਕਿਸਤਾਨ ਜਾਣ ਦਾ ਮੁੱਦਾ ਤੂਲ ਫੜ ਗਿਆ ਜਾਪਦਾ ਹੈ। ਇਸ ਦਾ ਸੰਬੰਧ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜਨ ਦੀਂ ਚਰਚਾ ਨਾਲ ਇਸ ਮੁੱਦੇ ਤੋਂ ਸਿਆਸੀ ਵਿਵਾਦ ਵਧਣ ਦੇ ਆਸਾਰ ਵੀ ਬਣ ਗਏ ਹਨ।
ਇਸ ਸੰਬੰਧ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ ਨਿਸ਼ਾਨਾ ਸਾਧਿਆ ਤੇ ਇਸ ਕਬੱਡੀ ਟੀਮ ਦੀ ਅਗਵਾਈ ਕਰਨ ਵਾਲੇ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰਦੇ ਹਨ, ਓਦੋਂ ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨੇੜਲਾ ਆਗੂ 60 ਮੈਂਬਰਾਂ ਦੇ ਗਰੁੱਪ ਨਾਲ ਪਾਕਿਸਤਾਨ ਵਿਚ ਕਬੱਡੀ ਕੱਪ ਖੇਡਣ ਤੁਰ ਗਿਆ ਹੈ। ਉਨ੍ਹਾ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਟੀਮ ਨੂੰ ਕਿਸ ਦੇ ਦਬਾਅ ਹੇਠ ਪਾਕਿਸਤਾਨ ਜਾਣ ਦੀ ਖੁੱਲ੍ਹ ਦਿਤੀ ਗਈ ਹੈ।
ਸੁਨੀਲ ਜਾਖੜ ਨੇ ਇਸ ਮੌਕੇ ਪਾਕਿਸਤਾਨ ਐਮੇਚਿਉਰ ਸਰਕਲ ਕਬੱਡੀ ਫ਼ੈਡਰੇਸ਼ਨ ਦੇ ਸੈਕਟਰੀ ਜਨਰਲ ਮੁਹੰਮਦ ਸਰਵਰ ਬੱਟ ਦਾ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਬੱਟ ਨੇ ਕਿਹਾ ਹੈ ਕਿ ਇਹ ਕੋਈ ਵਰਲਡ ਕੱਪ ਨਹੀਂ ਹੈ। ਬੱਟ ਦੇ ਕਹਿਣ ਅਨੁਸਾਰ ਕਈ ਦੇਸ਼ਾਂ ਨੇ ਅਪਣੀ ਟੀਮ ਭੇਜਣ ਤੋਂ ਨਾਂਹ ਕਰ ਦਿਤੀ, ਪਰ ਭਾਰਤ ਤੋਂ 60 ਮੈਂਬਰ ਆਏ ਹਨ। ਬੱਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿਰੁੱਧ ਇਸਲਾਮਾਬਾਦ ਅਦਾਲਤ ਵਿਚ ਅਰਜ਼ੀ ਵੀ ਦਿੱਤੀ ਹੋਈ ਹੈ।
ਵਰਨਣ ਯੋਗ ਹੈ ਕਿ ਇਹ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ, ਜਿਸ ਦੇ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇੱਕ ਕਰੀਬੀ ਵਲੋਂ ਟੀਮ ਲੈ ਕੇ ਪਾਕਿਸਤਾਨ ਜਾਣ ਬਾਰੇ ਉਨ੍ਹਾਂ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਸ ਦੀ ਜਾਂਚ ਐੱਨ ਆਈ ਏ ਤੋਂ ਕਰਾਉਣ ਦੀ ਮੰਗ ਕਰ ਕੇ ਕਿਹਾ ਕਿ ਜਦੋਂ ਪਾਕਿਸਤਾਨ ਵੱਲੋਂ ਹਥਿਆਰ ਅਤੇ ਨਸ਼ੇ ਆ ਰਹੇ ਹਨ, ਓਦੋਂ ਦੋਵਾਂ ਦੇਸ਼ਾਂ ਦੇ ਸੰਬੰਧ ਖ਼ਰਾਬ ਹੁੰਦਿਆਂ ਵੀ ਕਬੱਡੀ ਦੇ 60 ਮੈਂਬਰੀ ਗਰੁੱਪ ਨੂੰ ਪਾਕਿਸਤਾਨ ਭੇਜਿਆ ਗਿਆ ਹੈ ਤਾਂ ਕਿਸ ਦੇ ਇਸ਼ਾਰੇ ਉੱਤੇ ਗਿਆ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਦੌਰਾਨ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੇ ਅੱਜ ਸੋਮਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਸ ਨੇ ਵਿਸ਼ਵ ਪੱਧਰ ਦੇ ਕਿਸੇ ਟੂਰਨਾਮੈਂਟ ਲਈ ਕਿਸੇ ਕਬੱਡੀ ਟੀਮ ਨੂੰ ਪਾਕਿਸਤਾਨ ਦੌਰੇ ਲਈ ਮੰਜੂਰੀ ਨਹੀਂ ਦਿੱਤੀ। ਭਾਰਤ ਦੇ ਖੇਡ ਮੰਤਰਾਲੇ ਨੇ ਵੀ ਕਿਹਾ ਹੈ ਕਿ ਸਰਕਾਰ ਨੇ ਕਿਸੇ ਖਿਡਾਰੀ ਨੂੰ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ। ਆਈ ਓ ਏ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਇੰਡੀਅਨ ਐਮੇਚਿਉਰ ਕਬੱਡੀ ਫੈਡੇਰਸ਼ਨ ਕਹਿ ਚੁੱਕੀ ਹੈ ਕਿ ਉਸ ਨੇ ਕਿਸੇ ਟੀਮ ਨੂੰ ਪਾਕਿਸਤਾਨ ਦੌਰੇ ਦੀ ਮੰਜੂਰੀ ਨਹੀਂ ਦਿੱਤੀ ਅਤੇ ਆਈ ਓ ਏ ਵੱਲੋਂ ਵੀ ਇਸ ਦੌਰੇ ਦੀ ਮੰਜੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਪਾਕਿਸਤਾਨ ਦੌਰੇ ਉੱਤੇ ਕੌਣ ਗਿਆ, ਪਰ ਆਈ ਓ ਏ ਅਤੇ ਸਰਕਾਰ ਦੀ ਮੰਜੂਰੀ ਦੇ ਬਿਨਾ ਕੋਈ ਵੀ ਭਾਰਤ ਦੇ ਨਾਂ ਦੀ ਵਰਤੋਂ ਨਹੀਂ ਕਰ ਸਕਦਾ।