image caption:

ਈਰਾਨ ਦੇ ਹਮਲੇ ਵਿਚ ਜ਼ਖਮੀ ਹੋਏ ਅਮਰੀਕੀ ਸੈਨਿਕਾਂ ਦਾ ਸੱਚ ਆਇਆ ਸਾਹਮਣੇ

ਵਾਸ਼ਿੰਗਟਨ-  ਇਰਾਕ ਸਥਿਤ ਅਮਰੀਕਾ ਦੇ ਦੋ ਸੈਨਿਕ ਟਿਕਾਣਿਆਂ 'ਤੇ ਈਰਾਨ  ਵਲੋਂ ਕੀਤੇ ਗਏ ਹਮਲੇ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ ਹੈ। ਹੁਣ ਸਾਹਮਣੇ ਆਇਆ ਕਿ ਹਮਲੇ ਦੇ ਚਲਦਿਆਂ ਅਲ ਅਸਦ ਏਅਰ ਬੇਸ ਵਿਚ 100 ਤੋਂ ਜ਼ਿਆਦਾ ਅਮਰੀਕੀ ਸੈਨਿਕ ਦਿਮਾਗੀ ਸੱਟ ਨਾਲ ਪੀੜਤ ਪਾਏ ਗਏ ਹਨ। ਈਰਾਨ ਨੇ ਅਪਣੇ ਸੀਨੀਅਰ ਸੈਨਿਕ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਅੱਠ ਜਨਵਰੀ ਨੂੰ ਅਮਰੀਕੀ ਸੈਨਿਕ ਬੇਸ 'ਤੇ ਮਿਜ਼ਾਈਲਾਂ ਦਾਗੀਆਂ ਸਨ। ਸੁਲੇਮਾਨੀ ਦੀ ਤਿੰਨ ਜਨਵਰੀ ਨੂੰ ਬਗਦਾਦ ਏਅਰਪੋਰਟ ਦੇ ਕੋਲ ਅਮਰੀਕੀ ਡਰੋਨ ਹਮਲੇ ਵਿਚ ਮੌਤ ਹੋ ਗਈ ਸੀ।
ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ ਪ੍ਰੈਸ ਸਕੱਤਰ ਐਲਿਸਾ ਫਰਾਹ ਨੇ ਇੱਥੇ ਕਿਹਾ, ਹੁਣ ਤੱਕ 109 ਅਮਰੀਕੀ ਸੈਨਿਕ ਮਾਮੂਲੀ ਤੌਰ 'ਤੇ ਦਿਮਾਗੀ ਸੱਟ ਕਾਰਨ ਪੀੜਤ ਪਾਏ  ਜਾ ਚੁੱਕੇ ਹਨ। ਪੀੜਤ ਸੈਨਿਕਾਂ ਵਿਚੋਂ 76 ਡਿਊਟੀ 'ਤੇ ਪਰਤ ਆਏ ਹਨ ਅਤੇ ਬਾਕੀ ਦਾ ਇਲਾਜ ਚਲ ਰਿਹਾ ਹੈ।  ਇਸ ਦੇ ਲਈ ਅਸੀਂ ਅਪਣੇ ਡਾਕਟਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਨ੍ਹਾਂ ਦੀ ਦੇਖ ਰੇਖ ਕਰ ਰਹੇ ਹਨ। ਈਰਾਨ ਦੇ ਹਮਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਕੋਈ ਅਮਰੀਕੀ ਸੈਨਿਕ ਨੂੰ ਨੁਕਸਾਨ ਨਹੀਂ ਪੁੱਜਿਆ, ਸਿਰਫ ਸÎੈਟਿਕ ਟਿਕਾਣਿਆਂ ਨੂੰ ਨੁਕਸਾਨ ਪੁੱਜਿਆ ਹੈ। ਅਮਰੀਕੀ ਅਧਿਕਾਰੀਆਂ ਨੇ ਹਾਲਾਂਕਿ ਬਾਅਦ ਵਿਚ ਮੰਨਿਆ ਸੀ ਕਿ ਹਮਲੇ ਵਿਚ 11 ਸੈਨਿਕ ਜ਼ਖਮੀ ਹੋਏ ਹਨ।
ਈਰਾਨ ਨੇ ਇਰਾਕ ਵਿਚ ਅਲ ਅਸਦ ਏਅਰ ਬੇਸ ਤੋਂ ਇਲਾਵਾ ਇੱਕ ਹੋਰ ਅਮਰੀਕੀ ਸੈਨਿਕ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਸੀ। ਦੋਵੇਂ ਸੈਨਿਕ ਟਿਕਾਣਿਆਂ 'ਤੇ 22 ਮਿਜ਼ਾਈਲਾਂ ਦਾਗੀਆਂ ਸਨ। ਈਰਾਨ ਨੇ ਇਸ ਹਮਲੇ ਵਿਚ 80 ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ।