image caption:

ਦਿੱਲੀ ਵਿੱਚ ਭਾਜਪਾ ਦੀ ਕਿਸ਼ਤੀ ਨੈਗੇਟਿਵ ਪ੍ਰਚਾਰ ਨੇ ਡੁਬੋਈ

ਜਲੰਧਰ- ਹਰ ਵਕਤ ਕੰਮ ਦੇ ਰਿਪੋਰਟ ਕਾਰਡ ਦੀ ਗੱਲ ਕਰਦੇ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਦਿੱਲੀ ਚੋਣਾਂ ਵਿੱਚ ਇਸ ਖੇਡ ਦੇ ਆਪਣੇ ਨਿਯਮ ਭੁੱਲ ਗਈ। ਇੱਕ ਪਾਸੇ ਜਦੋਂ ਅਰਵਿੰਦ ਕੇਜਰੀਵਾਲ ਨੇ 2018 ਤੋਂ ਆਪਣੇ ਮੁਹੱਲਾ ਕਲੀਨਿਕ ਅਤੇ ਸਿਖਿਆ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ, ਦੂਜੇ ਪਾਸੇ ਭਾਜਪਾ ਦਿੱਲੀ ਵਿੱਚ ਕੇਜਰੀਵਾਲ ਦੇ ਮੁਕਾਬਲੇ ਕੰਮ ਦੀ ਵੱਡੀ ਲਾਈਨ ਖਿੱਚਣ ਵਿੱਚ ਨਾਕਾਮ ਰਹੀ ਤੇ ਪਾਰਟੀ ਨੇਤਾਵਾਂ ਨੇ ਆਜਿਹੀਆਂ ਗਲਤੀਆਂ ਕੀਤੀਆਂ, ਜੋ ਸਿਆਸੀ ਪੱਖੋਂ ਖਤਰਨਾਕ ਸਨ।
ਮੋਟੇ ਤੌਰ ਉੱਤੇ ਭਾਜਪਾ ਦਾ ਪ੍ਰਚਾਰ ਨੈਗੇਵਿਟ ਲਾਈਨ 'ਤੇ ਰਿਹਾ ਸਮਝਿਆ ਜਾਂਦਾ ਹੈ, ਜਿਹੜਾ ਉਨ੍ਹਾਂ ਦੀ ਹਾਰ ਦਾ ਕਾਰਨ ਬਣਿਆ। ਅਸਲ ਵਿੱਚ ਭਾਜਪਾ ਕੋਲ ਇਸ ਚੋਣ ਪ੍ਰਚਾਰ ਦੌਰਾਨ ਜਨਤਾ ਨੂੰ ਦਿਖਾਉਣ ਲਈ ਕੁਝ ਖਾਸ ਨਹੀਂ ਸੀ। ਪਾਰਟੀ ਨੇ ਦਿੱਲੀ ਦੇ ਨੇਤਾਵਾਂ ਉੱਤੇ ਭਰੋਸਾ ਕਰਨ ਦੀ ਥਾਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ, ਆਪਣੇ ਸਹਿਯੋਗੀ ਨਿਤੀਸ਼ ਕੁਮਾਰ ਅਤੇ ਸੁਖਬੀਰ ਸਿੰਘ ਬਾਦਲ ਤੱਕ ਦਾ ਸਹਾਰਾ ਲਿਆ, ਪਰ ਦਿੱਲੀ ਦਾ ਕੋਈ ਚਿਹਰਾ ਪਾਰਟੀ ਚਿਹਰੇ ਦੇ ਤੌਰ 'ਤੇ ਪੇਸ਼ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਆਪਣੇ ਕੰਮ 'ਤੇ ਵੋਟ ਮੰਗ ਰਹੇ ਸਨ ਤੇ ਭਾਜਪਾ ਇਸ ਦੀ ਕਾਟ ਵਾਲਾ ਕੋਈ ਪਲਾਨ ਪੇਸ਼ ਨਹੀਂ ਕਰ ਸਕੀ, ਜਿਸ 'ਤੇ ਜਨਤਾ ਨੂੰ ਭਰੋਸਾ ਹੋਵੇ। ਪਾਰਟੀ ਨੇ ਦਿੱਲੀ ਚੋਣਾਂ ਵਿੱਚ ਰਾਸ਼ਟਰੀ ਮੁੱਦੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਕਾਮ ਰਹੀ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਆਖ ਕੇ ਕਿਹਾ ਕਿ ਉਸ ਦੇ ਅੱਤਵਾਦੀ ਹੋਣ ਦੇ ਸਬੂਤ ਮੌਜੂਦ ਹਨ। ਕੇਜਰੀਵਾਲ ਨੇ ਇਸ ਹਮਲੇ ਦਾ ਜਵਾਬ ਬਿਲਕੁਲ ਉਸੇੇ ਤਰ੍ਹਾਂ ਦਿੱਤਾ, ਜਿਵੇਂ ਪ੍ਰਧਾਨ ਮੰਤਰੀ ਮੋਦੀ ਆਪਣੇ ਵਿਰੁੱਧ ਕੀਤੇ ਗਏ ਕਾਂਗਰਸ ਦੇ ਹਮਲਿਆਂ ਦਾ ਦਿੰਦੇ ਆਏ ਹਨ। ਕੇਜਰੀਵਾਲ ਨੇ ਜਾਵਡੇਕਰ ਦੇ ਬਿਆਨ ਨੂੰ ਹਥਿਆਰ ਬਣਾ ਕੇ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਤੈਅ ਕਰੇ ਕਿ ਮੈਂ ਅੱਤਵਾਦੀ ਹਾਂ ਜਾਂ ਦਿੱਲੀ ਦਾ ਬੇਟਾ ਹਾਂ ਅਤੇ ਜਾਵਡੇਕਰ ਦੇ ਇਸ ਬਿਆਨ ਦਾ ਜਵਾਬ ਭਾਜਪਾ ਨੂੰ ਚੋਣ ਨਤੀਜੇ ਰਾਹੀਂ ਮਿਲ ਗਿਆ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ ਵਾਲਾ ਬਿਆਨ ਵੀ ਵੋਟਰਾਂ ਨੂੰ ਰਾਸ ਨਹੀਂ ਆਇਆ ਅਤੇ ਉਨ੍ਹਾਂ ਦੇ ਇਸ ਬਿਆਨ ਨੇ ਕੇਜਰੀਵਾਲ ਦੇ ਪੱਖ 'ਚ ਧਰੁਵੀਕਰਨ ਦਾ ਕੰਮ ਕੀਤਾ। ਦਿੱਲੀ ਦਾ ਘੱਟ ਗਿਣਤੀ ਭਾਈਚਾਰਾ ਇਸ ਤੋਂ ਬਾਅਦ ਕੇਜਰੀਵਾਲ ਦੇ ਪੱਖ ਵਿੱਚ ਆ ਗਿਆ ਅਤੇ ਸਾਰੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਸੀਟਾਂ ਉੱਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ। ਚੋਣ ਪ੍ਰਚਾਰ ਦੌਰਾਨ ਭਾਜਪਾ ਪਾਰਲੀਮੈਂਟ ਮੈਂਬਰ ਪ੍ਰਵੇਸ਼ ਵਰਮਾ ਨੇ ਆਖਿਆ ਕਿ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਤੁਹਾਡੇ ਘਰਾਂ ਵਿੱਚ ਦਾਖਲ ਹੋ ਕੇ ਬਲਾਤਕਾਰ ਤੇ ਕਤਲ ਕਰਨਗੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਪ੍ਰਵੇਸ਼ ਵਰਮਾ ਦੇ ਪ੍ਰਚਾਰ 'ਤੇ ਰੋਕ ਲਾ ਦਿੱਤੀ। ਬਿਆਨ ਦਾ ਅਸਰ ਇਹ ਹੋਇਆ ਕਿ ਭਾਜਪਾ ਉਨ੍ਹਾਂ ਦੇ ਲੋਕ ਸਭਾ ਹਲਕੇ ਵਿਚਲੀਆਂ ਸਾਰੀਆਂ 10 ਸੀਟਾਂ ਹਾਰ ਗਈ। ਵੋਟਰਾਂ ਨੂੰ ਉਨ੍ਹਾਂ ਦਾ ਇਹ ਰੰਗ ਪਸੰਦ ਨਹੀਂ ਆਇਆ।
ਚੋਣ ਪ੍ਰਚਾਰ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਰਾਂ ਨੂੰ ਕਿਹਾ ਕਿ ਈ ਵੀ ਐਮ ਦਾ ਬਟਨ ਇੰਨੀ ਜ਼ੋਰ ਦੀ ਦਬਾਓ ਕਿ ਇਸ ਦਾ ਕਰੰਟ ਸ਼ਾਹੀਨ ਬਾਗ ਤੱਕ ਪਹੁੰਚੇ। ਸਦਰ ਬਾਜ਼ਾਰ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਟੁਕੜੇ-ਟੁਕੜੇ ਗੈਂਗ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਵਿਰੁੱਧ ਕਾਰਵਾਈ ਨਾਲ ਬੌਖਲਾਇਆ ਕਿਉਂ ਹੈ, ਪਰ ਸ਼ਾਹ ਦਾ ਇਹ ਬਿਆਨ ਵੀ ਵੋਟਰਾਂ ਦਾ ਭਾਜਪਾ ਵੱਲ ਖਿੱਚਣ ਵਿੱਚ ਨਾਕਾਮ ਰਿਹਾ। ਭਾਜਪਾ ਨੇਤਾਵਾਂ ਵੱਲੋਂ ਚੋਣ ਦੌਰਾਨ ਧਰੁਵੀਕਰਨ ਦੀ ਕੋਸ਼ਿਸ਼ ਉਲਟੀ ਪਈ ਅਤੇ ਭਾਜਪਾ ਦੇ ਵਿਰੋਧ ਵਿੱਚ ਧਰੁਵੀਕਰਨ ਹੁੰਦਾ ਗਿਆ।