image caption:

ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਈ ਹਰ ਕੁਰਬਾਨੀ ਲਈ ਹਾਂ ਤਿਆਰ : ਬ੍ਰਹਮਪੁਰਾ

ਫਤਿਆਬਾਦ : ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਵੱਲੋਂ ਸੰਭਾਲੀ ਜਾਣ ਦੇ ਸਮੇਂ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲੱਗੀ ਹੈ ਅਤੇ ਜਥੇਦਾਰ ਕੋਲੋਂ ਦਬਾਅ ਨਾਲ ਕੰਮ ਕਰਵਾਏ ਗਏ ਹਨ, ਜਿਨ੍ਹਾਂ ਵਿਚ ਡੇਰਾ ਮੁਖੀ ਨੂੰ ਮਾਫੀ ਵੀ ਸ਼ਾਮਲ ਹੈ, ਜਦੋਂਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸ਼ਹਿ ਦੇਣਾ ਵੀ ਸ਼ਰਮਨਾਕ ਹੈ, ਕਿਉਂਕਿ ਇਹ ਸਭ ਪੰਥ ਦੀ ਨੁਮਾਇੰਦਾ ਜਮਾਤ ਅਕਾਲੀ ਦਲ ਦੇ ਰਾਜ ਵੇਲੇ ਵਾਪਰਿਆ ਹੈ। ਇਸ ਤੋਂ ਇਲਾਵਾ ਗੁਰੂ ਦੀ ਗੋਲਕ ਦੀ ਅੰਨ੍ਹੇਵਾਹ ਲੁੱਟ ਕੀਤੀ ਜਾ ਰਹੀ ਹੈ।

ਇਹ ਪ੍ਰਗਟਾਵਾ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿੰਡ ਜਾਮਾਰਾਏ ਵਿਖੇ ਸਾਬਕਾ ਡੀਐੱਸਪੀ ਕੁਲਦੀਪ ਸਿੰਘ ਦੇ ਘਰ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਟਕਸਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਅਤੇ ਗੋਲਕਾਂ ਦੀ ਲੁੱਟ ਰੋਕਣ ਲਈ ਕਮਰਕੱਸੇ ਕਰ ਲਏ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਪਿੱਛੇ ਨਹੀਂ ਹੱਟਿਆ ਜਾਵੇਗਾ।

ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਲੋਕਾਂ ਨੂੰ 21 ਫਰਵਰੀ ਨੂੰ ਟਕਸਾਲੀਆਂ ਵੱਲੋਂ ਠੱਠੀਆਂ ਮਹੰਤਾਂ ਵਿਖੇ ਕਰਵਾਈ ਜਾ ਰਹੀ 'ਲੋਕ ਜਗਾਓ ਪੰਜਾਬ ਬਚਾਓ' ਰੈਲੀ ਵਿਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਡੀਐੱਸਪੀ ਕੁਲਦੀਪ ਸਿੰਘ, ਸਤਨਾਮ ਸਿੰਘ, ਸੁਲੱਖਣ ਸਿੰਘ, ਜੋਗਿੰਦਰ ਸਿੰਘ, ਜਗਬੀਰ ਸਿੰਘ, ਦੀਦਾਰ ਸਿੰਘ ਫ਼ੌਜੀ, ਬਲਰਾਜ ਸਿੰਘ ਬਲਾ, ਗੁਰਭੇਜ ਸਿੰਘ, ਬਾਬਾ ਕੁਲਵੰਤ ਸਿੰਘ, ਸੁਖਚੈਨ ਸਿੰਘ ਸਾਬਕਾ ਪੰਚ, ਸਰਬਜੀਤ ਕੌਰ ਪੰਚ, ਬਲਵਿੰਦਰ ਸਿੰਘ ਬਿੱਟਾ, ਗੁਰਭੇਜ ਸਿੰਘ ਪੰਪ ਵਾਲੇ, ਅਮਰੀਕ ਸਿੰਘ ਪੰਚ, ਚਰਨਜੀਤ ਸਿੰਘ ਸਾਬਕਾ ਪੰਚ, ਹਰਦੀਪ ਸਿੰਘ, ਹਰਜਿੰਦਰ ਸਿੰਘ ਪੰਚ, ਸੂਬੇਦਾਰ ਗੁਰਮੀਤ ਸਿੰਘ ਤੇ ਪਰਮਜੀਤ ਸਿੰਘ ਪਟਵਾਰੀ ਆਦਿ ਮੌਜੂਦ ਸਨ।