image caption: ਗੁਰੂ ਪੰਥ ਦਾ ਦਾਸ, ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਸੰਯੁਕਤ ਰਾਸ਼ਟਰ ਦੇ ਖਾਸ ਸਲਾਹਕਾਰ ਉਪ ਜਨਰਲ - ਸਕੱਤਰ ਮਿਸਟਰ ਅਦਾਮਾ ਦਾਇੰਗ ਵੱਲੋਂ ਵਿਸਾਖੀ 2017 ਦੇ ਜਸ਼ਨਾਂ ਦੇ ਅਵਸਰ 'ਤੇ ਸੁਨੇਹਾ -

ਸਿੱਖ ਕੌਮ ਦਾ ਕੌਮੀ ਸਰੂਪ ਖਾਲਸਾ ਪੰਥ ਹੈ

 ਜਬ ਲਗ ਖਾਲਸਾ ਰਹੈ ਨਿਆਰਾ ।।

ਤਬ ਲਗ ਤੇਜ ਦੇਊ ਮੈ ਸਾਰਾ ।।

ਜਬ ਇਹ ਗਹੈ ਬਿਪਰਨ ਕੀ ਰੀਤ ।।

ਮੈ ਨਾ ਕਰੋਂ ਇਨ ਕੀ ਪਰਤੀਤ ।।


ਅੱਜ ਜਦੋਂ ਖਾਲਸਾ ਪੰਥ (ਸਿੱਖ ਕੌਮ) ਨੂੰ ਆਪਣੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਕਾਇਮ ਰੱਖਣ ਲਈ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਤਾਂ ਖਾਲਸਾ ਪੰਥ ਲਈ ਜਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਤਿਹਾਸਕ ਤੱਥਾਂ ਦੇ ਆਧਾਰ 'ਤੇ ਉਪਰਾਲੇ ਕੀਤੇ ਜਾਣ। ਅੱਜ ਜਿਥੇ ਆਰ.ਐਸ.ਐਸ. ਤੇ ਸਿੱਖੀ ਸਰੂਪ ਵਾਲੀ ਉਸ ਦੀ ਭੈਣ ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ.) ਵੱਲੋਂ ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ ਦੇ ਸਿੱਖੀ ਸਿਧਾਂਤਾਂ ਦਾ ਹਿੰਦੂਕਰਨ ਕਰਨ ਲਈ ਅਨੇਕਾਂ ਦੁਬਿਧਾਵਾਂ ਪਾਈਆਂ ਜਾਂ ਉਥੇ ਸਿੱਖ ਤੇ ਖਾਲਸਾ ਸ਼ਬਦ ਦੀ ਵਿਆਖਿਆ ਵੀ ਚਾਣਕਿਆ ਨੀਤੀ ਅਨੁਸਾਰ ਹੀ ਕੀਤੀ ਜਾ ਰਹੀ ਹੈ। "ਰਾਸ਼ਟਰੀ ਸਿੱਖ ਸੰਗਤ ਜੋ ਸਿਰਫ ਸਿੱਖੀ ਨੂੰ ਹੜੱਪ ਕਰਨ ਲਈ ਬਣਾਈ ਗਈ ਸੰਸਥਾ ਹੈ, ਦਾ ਜਾਲ ਬਹੁਤ ਬਰੀਕ ਤੇ ਮਜਬੂਤ ਹੈ।
  ਆਰ.ਐਸ.ਐਸ. ਨੇ ਜਿੰਨਾਂ ਵੀ ਸਾਹਿਤ ਛੱਪਵਾ ਕੇ ਵੰਡਿਆ ਹੈ, ਉਸ ਵਿੱਚ ਥਾਂ-ਥਾਂ 'ਤੇ ਇਹ ਲਿਖਿਆ ਹੈ,
  "ਸਭੀ ਜਾਨਤੇ ਹੈਂ ਕਿ ਸਿੱਖ ਪੰਥ ਕਾ ਜਨਮ ਹੀ ਹਿੰਦੂ ਧਰਮ ਕੀ ਰੱਕਸ਼ਾ ਔਰ ਦੇਸ਼ ਕੀ ਆਜ਼ਾਦੀ ਕੇ ਲੀਏ ਹੂਆ ਥਾ ।"
   (ਪਰ ਕਿਹੜਾ ਦੇਸ਼ ਅੰਗ੍ਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੱਜ ਵਾਲਾ ਭਾਰਤ ਛੇ ਸੌ ਤੋਂ ਵੱਧ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਅਤੇ ਅਜੋਕਾ ਭਾਰਤ ਹਮੇਸ਼ਾ ਹੀ ਭਿੰਨ ਭਿੰਨ ਧਰਮਾਂ ਅਤੇ ਸੱਭਿਆਚਾਰਾਂ ਦਾ ਬਹੁ-ਕੌਮੀ ਰਾਜ ਰਿਹਾ ਹੈ)
   ਇਸੇ ਤਰ੍ਹਾਂ ਐਲ਼ ਕੇ. ਅਡਵਾਨੀ ਆਪਣੀ ਪੁਸਤਕ, 'ਮਾਈ ਕੰਟਰੀ, ਮਾਈ ਲਾਈਫ' ਦੇ 'ਪੰਜਾਬ ਸਮੱਸਿਆਵਾਂ ਦੀਆਂ ਇਤਿਹਾਸਕ ਜੜ੍ਹਾਂ' ਦੇ ਸਿਰਲੇਖ ਹੇਠ ਲਿਖਦਾ ਹੈ,
   "ਸਿੱਖ ਧਰਮ ਦੇ ਬਾਨੀਂ ਅਤੇ ਦਸਾਂ ਸਿੱਖ ਗੁਰੂਆਂ ਵਿੱਚੋਂ ਪਹਿਲਾ ਗੁਰੂ ਨਾਨਕ ਦੇਵ ਹੈ। ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਜਿੰਨੀ ਸਿੱਖ ਕੌਮ ਬਹਾਦਰੀ ਨਾਲ ਲੜੀ, ਉਨੀਂ ਕੋਈ ਹੋਰ ਕੌਮ ਨਹੀਂ ਲੜੀ। ਦਸਾਂ ਗੁਰੂਆਂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਨੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ 300 ਸਾਲ ਪਹਿਲਾਂ ਖਾਲਸਾ ਪੰਥ ਪੈਦਾ ਕੀਤਾ ਸੀ"।
  ਅਡਵਾਨੀ ਦੇ ਉਕਤ ਕਥਨ ਨੂੰ ਗਹੁ ਨਾਲ ਵਾਚੀਏ ਤਾਂ ਸੁੱਤੇ ਸਿੱਧ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਅਡਵਾਨੀ 'ਖਾਲਸਾ ਪੰਥ' ਨੂੰ ਸਿੱਖ ਕੌਮ ਵਜੋਂ ਸਵੀਕਾਰਦਾ ਹੈ। ਸਿਧਾਂਤਕ ਪੱਖੋਂ ਵੀ ਸਿੱਖ ਕੌਮ ਦਾ ਕੌਮੀ ਸਰੂਪ ਖਾਲਸਾ ਪੰਥ ਹੈ। 1699 ਦੀ ਵਿਸਾਖੀ ਤੋਂ ਬਾਅਦ ਇਮਾਨਦਾਰ ਇਤਿਹਾਸਕਾਰ 'ਸਿੱਖ ਤੇ ਖਾਲਸਾ' ਸ਼ਬਦ ਨੂੰ ਸਮ-ਅਰਥਾਂ ਵਿੱਚ ਲਿਖਦੇ ਤੇ ਪ੍ਰਚਾਰਦੇ ਰਹੇ ਹਨ। ਹੱਥਲੇ ਲੇਖ ਵਿੱਚ ਸਿੱਖ ਤੇ 'ਖਾਲਸਾ' ਦੀ ਸਮਾਨਤਾ ਬਾਰੇ ਕੁਝ ਇਤਿਹਾਸਕ ਤੱਥਾਂ 'ਤੇ ਵਿਚਾਰ ਕਰਾਂਗੇ। ਸਾਨੂੰ ਸਰਬਲੋਹ ਗ੍ਰੰਥ ਦੀ ਭੂਮਿਕਾ ਵਿੱਚ ਲਿਖਿਆ ਮਿਲਦਾ ਹੈ ਕਿ "ਸਰਬਲੋਹ ਗ੍ਰੰਥ ਵਿੱਚ ਹਰ ਪ੍ਰਕਰਣ ਨਾਲ ਪਹਿਲੇ ਸਤਿਗੁਰੂ ਜੀ ਦੀ ਆਦਿ ਬਾਣੀ ਨੂੰ ਹੀ ਮੁੱਖ ਰੱਖਿਆ ਹੋਇਆ ਹੈ। ਭਾਵੇਂ ਇਸ ਵਿੱਚ ਆਏ ਹੋਏ ਅਨੇਕਾਂ ਸਵੱਯੇ ਖਾਲਸਾ ਪ੍ਰਕਾਸ਼ ਦੇ ਹਨ, ਪਰ ਇਹ ਸਿੱਧ ਕਰਦੇ ਹਨ ਕਿ-ਕਲਗੀਧਰ ਜੀ ਦੇ 'ਖਾਲਸਾ' ਦੀ ਰੂਪ ਰੇਖਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਅਰੰਭ ਕੀਤੀ ਹੋਈ ਹੈ" ਇਸ ਕਰਕੇ ਹੀ ਦੱਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ 'ਖੰਡੇ ਦੀ ਪਹੁਲ' ਛਕਾਉਣ ਤੋਂ ਬਾਅਦ ਹੁਕਮ ਕੀਤਾ ਸੀ ਕਿ "ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ"।
   ਸਿੱਖਾਂ ਦੀ ਰੋਜ਼ਾਨਾ ਅਰਦਾਸ ਵਿੱਚ ਵੀ ਖਾਲਸਾ ਸ਼ਬਦ ਦੇ ਅਰਥ ਸਿੱਖ ਵਜੋਂ ਹੀ ਰੂਪਮਾਨ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸਿੱਖ ਸੰਗਤ, ਸੰਗਤੀ ਰੂਪ ਵਿੱਚ ਅਰਦਾਸ ਕਰਨ ਸਮੇਂ ਸਿੱਖ ਸ਼ਬਦ ਦੀ ਥਾਂ ਖਾਲਸਾ ਸ਼ਬਦ ਦਾ ਵੀ ਉਚਾਰਣ ਕਰਦੀ ਹੈ ਅਰਥਾਤ "ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ" ਅਤੇ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ" ਅਰਥਾਤ "ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ" ਦੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਸਿੱਖਾਂ ਨੂੰ ਬਖਸ਼ੋ ਨਾ ਕਿ ਰਾਸ਼ਟਰੀ ਸਿੱਖ ਸੰਗਤ ਦੇ ਭੇਖੀ ਸਿੱਖਾਂ ਨੂੰ ਜਿਹੜੇ ਭੂਤਾਂ ਵਾਂਗ ਸਿਰ ਦੇ ਵਾਲ ਖਿਲਾਰ ਕੇ ਅਤੇ ਪਾਗਲਾਂ ਵਾਂਗੂੰ ਬਾਹਾਂ ਉਲਾਰ ਉਲਾਰ ਕੇ ਸਿੱਖਾਂ ਦੀ ਅਰਦਾਸ ਦਾ ਮਜ਼ਾਕ ਉਡਾਉਂਦੇ ਹੋਣ: ਐਸਾ ਕਰਕੇ ਰਾਸ਼ਟਰੀ ਸਿੱਖ ਸੰਗਤ ਆਪਣਾ ਹੀ ਜਲੂਸ ਕੱਢ ਕੇ ਮੂਰਖਤਾ ਅਤੇ ਅਕ੍ਰਿਤਘਣਤਾ ਦਾ ਸਬੂਤ ਦੇ ਰਹੀ ਹੈ।
  ਖੈਰ ਅਸੀਂ ਗੱਲ ਕਰ ਰਹੇ ਸੀ, ਖਾਲਸਾ ਅਤੇ ਸਿੱਖ ਦੇ ਸਮ-ਅਰਥਾਂ ਦੀ। ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਜੀ ਨੇ ਖਾਲਸਾ ਸ਼ਬਦ ਆਪਣੇ ਹੁਕਮਨਾਮਿਆਂ ਵਿੱਚ ਸਿੱਖਾਂ ਵਾਸਤੇ 'ਨਿਜ' ਅਤੇ 'ਅਪਣੱਤ' ਦੇ ਅਰਥਾਂ ਵਿੱਚ ਵਰਤਿਆ ਹੈ, ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਸਿੱਖਾਂ ਨੂੰ ਭੇਜੇ ਹੋਏ ਹੁਕਮਨਾਮੇ ਵਿੱਚ ਲਿਖਦੇ ਹਨ ਕਿ
  "ਪੂਰਬ ਦੀ ਸੰਗਤ ਗੁਰੂ ਦਾ ਖਾਲਸਾ ਹੈ" ਅਰਥਾਤ ਇਥੇ ਕਾਰ ਭੇਟ ਆਦਿ ਲਈ ਕੋਈ ਵਿਚੋਲਾ (ਏਜੰਟ) ਨਹੀਂ ਹੈ, ਸਿੱਖ ਦਾ ਸਬੰਧ ਸਿੱਧਾ ਗੁਰੂ ਨਾਲ ਹੈ। ਅਪਣੱਤ ਦੇ ਅਰਥਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਦੀ ਸਿੱਖ ਸੰਗਤ ਨੂੰ ਲਿਖਦੇ ਹਨ "ਪਟਨੇ ਦੀ ਸੰਗਤ ਸ੍ਰੀ ਗੁਰੂ ਜੀ ਦਾ ਖਾਲਸਾ ਹੈ" ।
   (ਦੇਖੋ ਹੁਕਮਨਾਮੇ ਨੰਬਰ 3-8, ਸ੍ਰੀ ਗੁਰੂ ਸੋਭਾ ਪੰਨਾ 20)
     ਗੁਰੂ ਗੋਬਿੰਦ ਸਿੰਘ ਜੀ ਵੇਲੇ ਵੀ ਜਦੋਂ ਮਸੰਦਾਂ ਵਿਰੁੱਧ ਸ਼ਿਕਾਇਤਾਂ ਇਤਨੀਆਂ ਜ਼ਿਆਦਾ ਆਉਣ ਲੱਗ ਪਈਆਂ ਕਿ ਗੁਰੂ ਜੀ ਨੇ ਮਸੰਦਾਂ ਦੀ ਪ੍ਰਥਾ ਨੂੰ ਸਦਾ ਲਈ ਬੰਦ ਕਰਕੇ 'ਸਿੱਖ ਸੰਗਤਾਂ' ਨੂੰ ਹੁਕਮਨਾਮਿਆਂ ਰਾਹੀਂ ਖਾਲਸਾ (ਆਪਣੇ ਨਾਲ ਸਿੱਧਾ ਸੰਬੰਧਿਤ) ਕਰਨ ਲਈ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾ ਹੁਕਮਨਾਮਾ ਜਿਸ ਵਿੱਚ ਇਹ ਸਪੱਸ਼ਟ ਸੂਚਨਾ ਦਿੱਤੀ ਗਈ ਹੈ ਕਿ
   "ਸੰਗਤ ਮੇਰਾ ਖਾਲਸਾ' ਹੈ ਜੋ ਗੁਰੂ ਕੇ ਨਵਿਤ ਕਾ ਹੋਵੇ, ਗੋਲਕ, ਦਸਵੰਧ, ਮੰਨਤ, ਸੋ ਹਜੂਰ ਆਪ ਲੈ ਆਵਣਾ ਮਸੰਦਾਂ ਨੂੰ ਮੰਨਣਾ ਨਹੀਂ"
(ਸ੍ਰੀ ਗੁਰੂ ਸੋਭਾ ਪੰਨਾ 21)
  ਬੰਦਾ ਸਿੰਘ ਬਹਾਦਰ ਵੇਲੇ ਵੀ ਖਾਲਸਾ ਰਾਜ ਦੀ ਸਥਾਪਨਾ ਲਈ ਸਿੱਖ ਪੰਥ (ਖਾਲਸਾ ਪੰਥ) ਨੇ ਖੂਨ ਵਹਾਇਆ ਅਤੇ ਖਾਲਸਾ ਰਾਜ ਸਥਾਪਤ ਕੀਤਾ। ਅਠਾਰਵੀਂ ਸਦੀ ਵਿੱਚ ਸਿੱਖ ਮਿਸਲਾਂ ਦੇ ਸਰਦਾਰ ਵੀ ਸਿੱਖ ਮਿਸਲਾਂ ਦੇ ਸਰਦਾਰਾਂ ਦੀ ਇਕੱਤਰਤਾ 'ਸਰਬੱਤ ਖਾਲਸਾ' ਦੇ ਨਾਂ ਹੇਠ ਕਰਦੇ ਰਹੇ, ਅਰਥਾਤ ਸਿੱਖ ਅਤੇ ਖਾਲਸਾ' ਸਮ-ਅਰਥਾਂ ਵਿੱਚ ਹੀ ਵਰਤਿਆ ਜਾਂਦਾ ਰਿਹਾ।
   "ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਜੇ ਇਕ ਸਾਧਾਰਨ ਮਨੁੱਖ ਵਾਲੀਆਂ ਖਾਮੀਆਂ ਸਨ ਤਾਂ ਉਸ ਦੇ ਜੀਵਨ ਵਿੱਚ ਮਹਾਨ ਮਨੁੱਖਾਂ ਵਾਲੀਆਂ ਖੂਬੀਆਂ ਵੀ ਸਨ। ਧਾਰਮਿਕ ਅਤੇ ਰਾਜਨੀਤਕ ਖੇਤਰ ਵਿੱਚ ਉਹ ਇਤਨੇ ਚਿਤੰਨ ਤੇ ਵਫਾਦਾਰ ਸਨ ਕਿ ਉਨ੍ਹਾਂ ਸਿੱਖੀ ਪਰੰਪਰਾਵਾਂ ਦੀ ਸੰਸਾਰ ਸਾਹਵੇਂ ਪੈਂਠ ਬਣਾਈ" ।
(ਰਾਜ ਕਰੇਗਾ ਖਾਲਸਾ ਪੰਨਾ 23-24)
  ਮਹਾਰਾਜਾ ਰਣਜੀਤ ਸਿੰਘ ਨੇ ਰਵਾਇਤੀ ਸਮਰਾਟਾਂ ਵਾਲੇ ਬਹੁਤ ਸਾਰੇ ਦਸਤੂਰ ਤਿਆਗ ਕੇ, 'ਖਾਲਸੇ' ਦੀ ਜਮਹੂਰੀ ਤਬੀਅਤ ਤੇ ਕੌਮੀ ਸਪਿਰਟ ਨੂੰ ਰੂਪਮਾਨ ਕਰਦੀਆਂ ਕੁਝ ਨਿਆਰੀਆਂ ਰੀਤਾਂ ਚਾਲੂ ਕੀਤੀਆਂ, ਜਿਵੇਂ ਕਿ: ਇਕ ਪੁਰਖਾ ਸ਼ਾਹੀ ਦੀ ਪ੍ਰਚੱਲਤ ਮਰਿਯਾਦਾ ਨਾਲੋਂ ਇਕ ਦਮ ਲਾਂਭੇ ਜਾ ਕੇ, ਉਸ ਨੇ ਆਪਣੀ ਹਕੂਮਤ ਨੂੰ
  "ਸਰਕਾਰਿ ਖਾਲਸਾ ਜੀ ਦੇ ਨਾਉਂ ਨਾਲ ਨਿਵਾਜਿਆ: ਹੋਰਨਾਂ ਰਾਜਾਂ ਨਾਲ ਸਰਕਾਰੀ ਚਿੱਠੀ-ਪੱਤਰ 'ਖਾਲਸੇ' ਦੇ ਨਾਂ ਨਾਲ ਕੀਤਾ"
-(ਕਿਸ ਬਿਧ ਰੁਲੀ ਪਾਤਸ਼ਾਹੀ ਪੰਨਾ 38)
    ਗਿਆਨੀ ਦਿੱਤ ਸਿੰਘ ਨੇ ਅਠਾਰਵੀਂ ਸਦੀ ਦੇ ਅੰਤ ਵਿੱਚ ਖਾਲਸਾ ਅਖਬਾਰ ਲਾਹੌਰ 1898 ਦੇ ਅੰਕਾਂ ਵਿੱਚ 'ਖਾਲਸਾ' ਸ਼ਬਦ ਦੀ ਵਰਤੋਂ ਸਿੱਖ ਵਜੋਂ ਹੀ ਕੀਤੀ ਹੈ ਉਦਾਹਰਣ ਵਜੋਂ "ਕਿਆ ਖਾਲਸਾ ਹਿੰਦੂ ਰਹਿ ਕੇ ਬਚੇਗਾ, ਅਤੇ ਖਾਲਸਾ ਅਤੇ ਹਿੰਦੂ ਕੌਮ ਦਾ ਸਬੰਧ ਅਤੇ "ਖਾਲਸਾ ਕੌਮ ਅਤੇ ਉਸ ਦੀ ਰੱਖਯਾ" ਆਦਿ ਸ਼ਬਦਾਂ ਵਿੱਚ ਕੀਤੀ ਹੈ।
   28-3-1983 ਨੂੰ ਬ੍ਰਿਟਿਸ਼ ਹਾਊਸ ਆਫ ਲਾਰਡ ਵੱਲੋਂ ਵੀ "ਸਿੱਖ ਇਕ ਵੱਖਰੀ ਕੌਮ (ਖਾਲਸਾ ਪੰਥ) ਤੇ ਵੱਖਰੀ ਨਸਲ ਦਾ ਮਤਾ ਪਾਸ ਕੀਤਾ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਖਾਸ ਸਲਾਹਕਾਰ ਉਪ ਜਨਰਲ-ਸਕੱਤਰ ਮਿਸਟਰ ਅਕਾਮਾ ਦਾਇੰਗ ਵੱਲੋਂ ਵੀ ਸਿੱਖ ਭਾਈਚਾਰੇ ਨੂੰ ਖਾਲਸਾ ਪੰਥ ਦੀ ਸੰਗਿਆ ਦਿੱਤੀ ਗਈ ਹੈ। ਦਾਸ ਸੰਯੁਕਤ ਰਾਸ਼ਟਰ ਦੇ ਉਪ-ਜਨਰਲ ਸਕੱਤਰ ਦੀ ਉਹ ਚਿੱਠੀ ਜਿਸ ਵਿੱਚ ਉਸ ਨੇ ਸਿੱਖ ਭਾਈਚਾਰੇ ਨੂੰ 2017 ਦੀ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ, ਹੂ-ਬ-ਹੂ ਅੰਗ੍ਰੇਜੀ ਵਿੱਚ ਕਾਪੀ ਇਸ ਲੇਖ ਦੇ ਨਾਲ ਛਾਪੀ ਜਾ ਰਹੀ ਹੈ ।
  ਅਤੇ ਉਸ ਪੱਤਰ ਦਾ ਪੰਜਾਬੀ ਵਿੱਚ ਕੀਤਾ ਹੋਇਆ ਤਰਜ਼ਮਾ ਵੀ ਇਥੇ ਛਾਪ ਰਹੇ ਹਾਂ।
      ਸੰਯੁਕਤ ਰਾਸ਼ਟਰ ਦੇ ਖਾਸ ਸਲਾਹਕਾਰ ਉਪ ਜਨਰਲ - ਸਕੱਤਰ ਮਿਸਟਰ ਅਦਾਮਾ ਦਾਇੰਗ ਵੱਲੋਂ ਵਿਸਾਖੀ 2017 ਦੇ ਜਸ਼ਨਾਂ ਦੇ ਅਵਸਰ 'ਤੇ ਸੁਨੇਹਾ -
    "ਮੈਂ ਦੁਨੀਆ ਭਰ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਵਿਸਾਖੀ ਮਨਾਉਣ ਸਮੇਂ ਆਪਣੀਆਂ ਨਿੱਘੀਆਂ ਸ਼ੁੱਭ ਕਾਮਨਾਵਾਂ ਪੇਸ਼ ਕਰਦਾ ਹਾਂ । ਵਿਸਾਖੀ ਸਿੱਖਾਂ ਵੱਲੋਂ ਹਰ ਸਾਲ ਮਨਾਈਆਂ ਜਾਂਦੀਆਂ ਬਹੁਤ ਧਾਰਮਿਕ ਰੀਤਾਂ ਵਿੱਚੋਂ ਇੱਕ ਬਹੁਤ ਪ੍ਰਸਿੱਧ ਮਨੌਤ ਹੈ । ਇਸ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਰੱਖੀ ਗਈ ਖਾਲਸਾ ਪੰਥ ਦੀ ਬੁਨਿਆਦ ਦੀ ਯਾਦ ਮਨਾਈ ਜਾਂਦੀ ਹੈ । ਇਹ ਭਾਰਤ ਅਤੇ ਦੁਨੀਆਂ ਭਰ ਦੇ ਕਈ ਹਿੱਸਿਆਂ ਵਿੱਚ ਨਵੇਂ ਸਾਲ ਚੜ੍ਹਨ ਦਾ ਪ੍ਰਤੀਕ ਵੀ ਹੈ । ਕਈਆਂ ਲਈ ਤਾਂ ਇਹ ਦਿਹਾੜਾ ਗੁਰਦਵਾਰਿਆਂ ਵਿੱਚ ਇਕੱਤਰ ਹੋਣ, ਅਰਦਾਸ ਕਰਨ, ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਪੜ੍ਹਨ, ਵਿਚਾਰਨ ਅਤੇ ਪਰਿਵਾਰਾਂ ਸਮੇਤ ਗੂੰਜਾਂ ਭਰੇ ਜਲੂਸ ਅਤੇ ਨਗਰ ਕੀਰਤਨਾਂ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ । ਅੱਜ, ਸਾਨੂੰ ਸਿੱਖ ਭਾਈਚਾਰੇ ਵੱਲੋਂ ਸਾਰੇ ਖੇਤਰਾਂ ਵਿੱਚ ਕੀਤੇ ਯਤਨਾਂ ਵਿੱਚ ਪਾਏ ਯੋਗਦਾਨ ਨੂੰ ਵੀ ਉਭਾਰਨਾ ਚਾਹੀਦਾ ਹੈ । ਖਾਲਸੇ ਦੀਆਂ 'ਇਨਸਾਫ਼ ਅਤੇ ਬਰਾਬਰੀ ਨਾਲ ਬਚਨਬੱਧਤਾ', ਅਜਿਹੀਆਂ ਕਦਰਾਂ ਕੀਮਤਾਂ ਹਨ, ਜਿਹੜੀਆਂ ਕਿ ਸੰਯੁਕਤ ਰਾਸ਼ਟਰ ਦੀ ਸੰਸਥਾ ਦੇ ਨਸਲਕੁਸ਼ੀ ਰੋਕਣ ਸੰਬੰਧੀ ਖਾਸ ਸਲਾਹਕਾਰ ਵੱਲੋਂ ਸਤਿਕਾਰੀਆਂ ਜਾਂਦੀਆਂ ਹਨ ।"
-ਨਿਊਯੌਰਕ, 10 ਅਪ੍ਰੈਲ 2017

ਗੁਰੂ ਪੰਥ ਦਾ ਦਾਸ, ਜਥੇਦਾਰ ਮਹਿੰਦਰ ਸਿੰਘ ਖਹਿਰਾ