image caption: - ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ

ਸਾਡੇ ਤਖਤਾਂ ਦੇ ਜਥੇਦਾਰ ਉਹੀ ਕਰਦੇ ਹਨ, ਜੋ ਨਾਗਪੁਰੀਏ ਚਾਹੁੰਦੇ ਹਨ - ਆਰ ਐਸ ਐਸ ਵਾਲੇ ਸਿੱਖ ਧਰਮ ਦਾ ਹਿੰਦੂ ਧਰਮ ਨਾਲ ਮਿਲਗੋਭਾ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਹੀ ਅੰਗ ਸਿੱਧ ਕਰਨਾ ਚਾਹੁੰਦੇ ਹਨ


     23-11-2017 ਪੰਜਾਬ ਟਾਈਮਜ਼ ਦਾ ਪੰਨਾ 41 ਉਤੇ ਇਕ ਖਬਰ ਛਪੀ ਹੈ, ਜਿਸ ਦਾ ਸਿਰਲੇਖ "ਰਾਸ਼ਟਰੀ ਭਵਨ ਵਿੱਚ ਸਿੱਖਾਂ ਨਾਲ ਵਿਤਕਰੇਬਾਜ਼ੀ" ਹੈ। ਖਬਰ ਦਾ ਸਾਰ ਅੰਸ਼ ਹੈ ਕਿ "ਦੁਨੀਆਂ ਦਾ ਹਰ ਸੂਝਵਾਨ ਤੇ ਮਾਨਵਤਾ ਦੀ ਭਲਾਈ ਲੋਚਣ ਵਾਲਾ ਸਿਆਣਾ ਇਨਸਾਨ ਗੁਰੂ ਨਾਨਕ ਸਾਹਿਬ ਦੇ ਸੰਦੇਸ਼ਾਂ ਦਾ ਕਾਇਲ ਹੈ, ਪੈਰੋਕਾਰ ਹੈ। ਇਸੇ ਕਾਰਨ ਉਨ੍ਹਾਂ (ਗੁਰੂ ਨਾਨਕ) ਨੂੰ ਮੋਦੀ ਵਰਗੇ ਕੱਟੜ ਹਿੰਦੂਵਾਦੀ ਨੂੰ ਵੀ ਵਿਸ਼ਵ ਗੁਰੂ ਆਖਣਾ ਪਿਆ ਹੈ। ਉਸ ਮਹਾਨ ਇਨਕਲਾਬੀ ਰਹਿਬਰ ਦਾ ਆਗਮਨ ਪੁਰਬ, ਜਿਸ ਨੂੰ ਦੇਸ਼ ਦੇ ਸਭ ਤੋਂ ਵੱਡੇ ਘਰ ਭਾਵ ਰਾਸ਼ਟਰੀ ਭਵਨ ਵਿੱਚ ਇਕ ਪਿਰਤ ਅਨੁਸਾਰ ਮਨਾਇਆ ਜਾਂਦਾ ਸੀ। ਇਸ ਵਾਰ ਜਦੋਂ ਕਿ ਰਾਸ਼ਟਰਪਤੀ ਸੰਘ ਦਾ ਸਿਪਾਹੀ ਰਿਹਾ ਰਾਮ ਨਾਥ ਕੋਵਿੰਦ ਹੈ ਤਾਂ ਉਸ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਗਿਆ। ਇਸ ਸਾਲ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਦੇਸ਼ ਦੇ ਰਾਸ਼ਟਰੀ ਭਵਨ ਵਿੱਚ ਨਹੀਂ ਮਨਾਇਆ ਗਿਆ।"

      ਇਸ ਖਬਰ ਦਾ ਹਵਾਲਾ ਦਾਸ ਨੇ ਇਸ ਕਰਕੇ ਦਿੱਤਾ ਹੈ ਕਿ ਇਸ ਵੇਲੇ ਦੇਸ਼ ਦੇ ਤਿੰਨਾਂ ਸੰਵਿਧਾਨਕ ਅਹੁਦਿਆਂ ਉੱਤੇ ਸੰਘ ਕਾਬਜ਼ ਹੈ। ਇਕ ਪਾਸੇ ਤਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਕ ਸੱਫੇ ਦੇ ਹਿੰਦੀ ਵਿੱਚ ਲਿਖੇ ਪੱਤਰ ਵਿੱਚ ਆਰ ਐਸ ਐਸ ਆਗੂਆਂ ਨੇ ਆਖਿਆ ਹੈ ਕਿ ਰਾਸ਼ਟਰੀ ਸਿੱਖ ਸੰਗਤ ਗੁਰੂ ਨਾਨਕ ਦੇਵ ਜੀ ਦੀ ਪਰੰਪਰਾ ਨਾਲ ਜੁੜੀ ਹੋਈ ਹੈ ਤੇ ਨਿਮਾਣੇ ਦਾਸ ਵਜੋਂ ਪੂਰੇ ਦੇਸ਼ ਵਿੱਚ ਇਸ ਪਰੰਪਰਾ ਦੇ ਪ੍ਰਸਾਰ ਤੇ ਪਸਾਰ ਵਿੱਚ ਭੂਮਿਕਾ ਨਿਭਾਉਣਾ ਚਾਹੁੰਦੀ ਹੈ" ਪਰ ਦੂਜੇ ਪਾਸੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਮਨਾਉਣ ਦੀ ਪਿਰਤ ਨੂੰ ਖਤਮ ਕਰ ਦਿੱਤਾ। ਤੀਜੇ ਪਾਸੇ ਆਰ ਐਸ ਐਸ (ਸੰਘ) ਅਤੇ ਰਾਸ਼ਟਰੀ ਸਿੱਖ ਸੰਗਤ ਸਿੱਖੀ ਵਿੱਚ ਸੰਨ੍ਹ ਲਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮਨਾਉਣ ਦੇ ਬਹਾਨੇ ਦੇਸ਼ ਭਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਦਾ ਢੋਂਗ ਕਰ ਰਹੀਆਂ ਹਨ, ਕਿਉਂਕਿ ਆਰ ਐਸ ਐਸ ਅਤੇ ਰਾਸ਼ਟਰੀ ਸਿੱਖ ਸੰਗਤ ਅਸਲ ਵਿੱਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ਦਾ ਹਿੰਦੂਕਰਨ ਕਰ ਰਹੀਆਂ ਹਨ।

      ਜਿਥੇ ਧਰਮ ਦੇ ਨਿਆਰੇਪਣ ਤੇ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਖਤਮ ਕਰਨ ਲਈ ਆਰ ਐਸ ਐਸ ਤੇ ਰਾਸ਼ਟਰੀ ਸਿੱਖ ਸੰਗਤ ਖਾਲਸਾ ਪੰਥ (ਸਿੱਖ ਕੌਮ) ਦੁਆਲੇ ਇਕ ਐਸਾ ਚੱਕਰਵਿਊ ਸਿਰਜ ਰਹੀ ਹੈ ਕਿ ਜੇ ਖਾਲਸਾ ਪੰਥ ਨੇ ਸਾਵਧਾਨੀ ਤੋਂ ਕੰਮ ਨਾ ਲਿਆ ਤਾਂ ਇਸ ਚੱਕਰਵਿਊ ਵਿੱਚੋਂ ਨਿਕਲਣਾ ਅਸੰਭਵ ਹੋ ਜਾਵੇਗਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਰਾਸ਼ਟਰੀ ਭਵਨ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਮਨਾਉਣ ਵਾਲੀ ਪਵਿੱਤਰ ਪਰੰਪਰਾ ਨੂੰ ਖਤਮ ਕਰਨ ਦਾ ਕੋਈ ਅਚਨਚੇਤ ਲਿਆ ਗਿਆ ਫੈਸਲਾ ਜਾਂ ਸਾਧਾਰਨ ਵਰਤਾਰਾ ਨਹੀਂ ਹੈ, ਸਗੋਂ ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ ਦੇ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਵਾਲੇ ਉਸ ਚੱਕਰਵਿਊ ਦੀ ਹੀ ਇਕ ਕੜੀ ਹੈ, ਜੋ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਖਾਲਸੇ ਦੇ ਦੁਆਲੇ ਸਿਰਜਿਆ ਜਾ ਰਿਹਾ ਹੈ।

      ਜਨਵਰੀ 2017 ਨੂੰ ਜਦੋਂ ਮੋਦੀ ਕੋਲੋਂ 100 ਕਰੋੜ ਦੀ ਗਰਾਂਟ ਲੈ ਕੇ ਰਾਸ਼ਟਰੀ ਸਿੱਖ ਸੰਗਤ ਨੇ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਇਆ ਸੀ, ਉਦੋਂ ਬਿਹਾਰ ਦੇ ਰਾਜਪਾਲ ਵਜੋਂ ਰਾਮ ਨਾਥ ਕੋਵਿੰਦ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਸੀ ਅਤੇ ਕਿਹਾ ਸੀ ਕਿ ਦੀਨ ਦੁਖੀਆਂ ਤੇ ਪੱਛੜੇ ਵਰਗਾਂ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਮਾਜਿਕ ਬਰਾਬਰੀ ਦੇ ਚਾਨਣ ਮੁਨਾਰੇ ਸਨ ਤੇ ਅਗਲੀਆਂ ਪੀੜੀਆਂ ਲਈ ਵੀ ਮਾਰਗ ਦਰਸ਼ਨ ਬਣੇ ਰਹਿਣਗੇ। ਤੇ ਫਿਰ ਜਦੋਂ ਰਾਮ ਨਾਥ ਕੋਵਿੰਦ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੋਈ ਤਾਂ ਰਾਸ਼ਟਰੀ ਸਿੱਖ ਸੰਗਤ ਦੇ ਅਹੁਦੇਦਾਰਾਂ, ਅਵਿਨਾਸ਼ ਜੈਸਵਾਲ, ਡਾæ ਅਵਤਾਰ ਸਿੰਘ ਸ਼ਾਸਤਰੀ, ਰੁਪਿੰਦਰ ਸਿੰਘ ਸੂਰੀ, ਬੀਬੀ ਭਾਵਿਆ, ਹਰਨੇਕ ਸਿੰਘ ਆਦਿ ਨੇ 10 ਅਕਬਰ ਰੋਡ ਉਤੇ ਜਾ ਕੇ ਰਾਮ ਨਾਥ ਕੋਵਿੰਦ ਦਾ ਸਿੱਖ ਰਵਾਇਤਾਂ ਅਨੁਸਾਰ ਸਨਮਾਨ ਕੀਤਾ ਸੀ ਅਤੇ ਚੋਣਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ। ਰਾਸ਼ਟਰੀ ਸਿੱਖ ਸੰਗਤ ਦੀ ਕਾਮਨਾ ਪੂਰੀ ਹੋਈ ਰਾਮ ਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਬਣੇ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਮਨਾਉਣ ਦੀ ਪਰੰਪਰਾ ਹੀ ਖਤਮ ਕਰ ਦਿੱਤੀ।

     ਇਥੇ ਇਹ ਵੀ ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸਹੁੰ ਚੁੱਕ ਸਮਾਗਮ ਸਮੇਂ 'ਜੈ ਸ਼੍ਰੀ ਰਾਮ' ਦੇ ਨਾਅਰੇ ਲੱਗੇ ਸਨ। ਰਾਸ਼ਟਰੀ ਸਿੱਖ ਸੰਗਤ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਦੋਗਲਾਪਣ ਸ਼ੀਸ਼ੇ ਦੀ ਤਰ੍ਹਾਂ ਸਾਫ ਵਿਖਾਈ ਦੇ ਰਿਹਾ ਹੈ। ਰਾਸ਼ਟਰੀ ਸਿੱਖ ਸੰਗਤ ਸ਼ੋਸ਼ਾ ਛੱਡਦੀ ਹੈ ਫਿਰ ਚੁੱਪ ਕਰ ਜਾਂਦੀ ਹੈ, ਸਿੱਖ ਬੜਾ ਜੋਰਦਾਰ ਵਿਰੋਧ ਜਾਹਿਰ ਕਰਦੇ ਹਨ। ਪੰਜ ਸੱਤ ਦਿਨ ਟੀæਵੀæ ਚੈਨਲਾਂ ਤੇ ਗੁਰਦੁਆਰਿਆਂ ਵਿੱਚ ਭਾਸ਼ਣ ਵਗੈਰਾ ਕਰਕੇ ਤੇ ਜੈਕਾਰੇ ਛੱਡ ਕੇ ਹਾਰ-ਹੰਭ ਕੇ ਚੁੱਪ ਕਰ ਜਾਂਦੇ ਹਨ। ਚਾਰ ਛੇ ਮਹੀਨਿਆਂ ਬਾਅਦ ਰਾਸ਼ਟਰੀ ਸਿੱਖ ਸੰਗਤ ਕੋਈ ਹੋਰ ਨਵਾਂ ਸ਼ੋਸ਼ਾ ਛੱਡ ਦਿੰਦੀ ਹੈ। ਅੱਜ ਸਿੱਖ ਕੌਮ ਦੀ ਕੋਈ ਐਸੀ ਸੰਸਥਾ ਨਹੀਂ, ਜਿਸ ਉੱਤੇ ਆਰ ਐਸ ਐਸ (ਸੰਘ) ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਗੁਪਤ ਹਮਲਾ ਨਾ ਕੀਤਾ ਗਿਆ ਹੋਵੇ। ਹਿੰਦੂਤਵੀ ਸ਼ਕਤੀਆਂ ਸਿੱਖਾਂ ਵਿੱਚੋਂ ਸਿੱਖੀ ਕੱਢ ਕੇ ਬਿਨਾਂ ਕਿਸੇ ਰੋਕ ਟੋਕ ਤੋਂ ਨਕਲੀ ਸਿੱਖ ਤਿਆਰ ਕਰ ਰਹੀਆਂ ਹਨ। ਰਾਸ਼ਟਰੀ ਸਿੱਖ ਸੰਗਤ ਨੂੰ ਨਕਲੀ ਸਿੱਖ ਤਿਆਰ ਕਰਨ ਤੋਂ ਰੋਕੇਗਾ ਵੀ ਕੌਣ, ਜਦ ਆਰæਐੱਸ਼ਐੱਸ਼ ਦੇ ਮੁਖੀ ਨੇ ਐਲਾਨੀਆ ਕਹਿ ਦਿੱਤਾ ਸੀ ਕਿ ਸਾਰੇ ਤਖ਼ਤਾਂ ਦੇ ਜਥੇਦਾਰ ਸਾਡੇ ਕੋਲੋਂ ਤਨਖਾਹ ਲੈਂਦੇ ਹਨ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਹੁਣ ਇਹ ਸੱਚਾਈ ਸਾਰਿਆਂ ਦੇ ਸਾਹਮਣੇ ਹੈ ਕਿ ਤਖ਼ਤਾਂ ਦੇ ਜਥੇਦਾਰ ਉਹੀ ਕਰਦੇ ਹਨ, ਜੋ ਨਾਗਪੁਰੀਏ ਚਾਹੁੰਦੇ ਹਨ।

     ਪਿਛਲੇ ਸਾਲ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਜਦੋਂ 'ਰਾਸ਼ਟਰ ਪ੍ਰੇਮ ਉਤਸਵ' ਮਨਾਇਆ ਗਿਆ ਤਾਂ ਆਰ ਐਸ ਐਸ ਵਾਲਿਆਂ ਗੁਰੂ ਗੋਬਿੰਦ ਸਿੰਘ ਨੂੰ ਪਰਸ਼ੂਰਾਮ ਦਾ ਅਵਤਾਰ ਦੱਸ ਕੇ ਸੱਦਾ ਪੱਤਰਾਂ ਉੱਤੇ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਵਿਵੇਕਾਨੰਦ ਦੀ ਫੋਟੋ ਛੱਪਵਾਈ ਸੀ, ਕੁਝ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ-ਤਾਂ ਮੁਆਫੀ ਮੰਗ ਲਈ, ਪਰ ਪਰਨਾਲਾ ਉਥੇ ਦਾ ਉਥੇ ਹੈ। ਹੁਣ ਪਿਛਲੇ ਦਿਨੀਂ ਜਦੋਂ ਰਾਸ਼ਟਰੀ ਸਿੱਖ ਸੰਗਤ ਨੇ ਦਿੱਲੀ ਤਾਲਕਟੋਰਾ ਸਟੇਡੀਅਮ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਤਾਂ ਆਰ ਐਸ ਐਸ ਦਾ ਮੁਖੀ ਮੋਹਨ ਭਾਗਵਤ ਮੁੱਖ ਮਹਿਮਾਨ ਸੀ। ਉਸ ਦਿਨ ਮੋਹਨ ਭਾਗਵਤ ਨੇ ਆਪਣੇ ਭਾਸ਼ਣ ਵਿੱਚ ਬੌਧਿਕ ਚਤੁਰਾਈ ਵਰਤਿਆਂ ਕਿਹਾ ਕਿ ਵਿਵੇਕਾਨੰਦ ਜੀ ਕਿਹਾ ਕਰਦੇ ਸਨ ਕਿ "ਸਾਨੂੰ ਗੁਰੂ ਗੋਬਿੰਦ ਸਿੰਘ ਬਨਣਾ ਪੈਣਾ, ਤੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ 'ਤੇ ਚਲਣਾ ਪੈਣਾ ਹੈ। ਮੋਹਨ ਭਾਗਵਤ ਦੇ ਭਾਸ਼ਣ ਦੌਰਾਨ ਜਿਥੇ ਬੋਲੇ ਸੋ ਨਿਹਾਲ ਦਾ ਜੈਕਾਰਾ ਲੱਗਾ, ਉਥੇ 'ਜੈ ਮਾਤਾ ਦੀ' ਅਤੇ ਹਰ-ਹਰ ਮਹਾਂਦੇਵ ਦੇ ਨਾਅਰੇ ਵੀ ਲੱਗਦੇ ਰਹੇ। ਮੋਹਨ ਭਾਗਵਤ ਤੇ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਵੱਡੇ ਅਕਾਰ ਦੀ ਕਲਪਿਤ ਫੋਟੋ ਵੀ ਸਮਾਗਮ ਵਿੱਚ ਆਏ ਲੋਕਾਂ ਨੂੰ ਵਿਖਾਈ। ਆਰ ਐਸ ਐਸ (ਸੰਘ) ਅਤੇ ਰਾਸ਼ਟਰੀ ਸਿੱਖ ਸੰਗਤ ਵਾਲੇ ਇਹ ਗੱਲ ਬਾਰ-ਬਾਰ ਦੁਹਰਾ ਰਹੇ ਹਨ ਕਿ ਉਨ੍ਹਾਂ ਨੇ ਜਨਤਕ ਤੌਰ 'ਤੇ ਗੁਰੂ ਜੀ (ਗੁਰੂ ਗੋਬਿੰਦ ਸਿੰਘ) ਨੂੰ ਚਿੰਨ ਆਤਮਕ ਤੌਰ 'ਤੇ ਮੰਨ ਲਿਆ ਹੈ, ਭਾਵ ਜੋ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੀ ਕਿਸੇ ਤਸਵੀਰ ਜਾਂ ਮੂਰਤੀ ਜੋ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੀ ਸ਼ਖਸੀਅਤ ਦਾ ਪ੍ਰਗਟਾਵਾ ਕਰਦੀ ਹੋਵੇ।

    ਹੁਣ ਵਿਚਾਰਨਯੋਗ ਤੱਥ ਇਹ ਹੈ ਕਿ ਜੇ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਵਾਲੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਤ ਕੀਤੇ ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ' ਦੇ ਸਿੱਖ ਸਿਧਾਤਾਂ ਦੇ ਉਲਟ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਫੋਟੋ ਨੂੰ ਸ਼ਖਸੀਅਤ ਵਜੋਂ ਪ੍ਰਵਾਨ ਕਰਦੇ ਹਨ ਤਾਂ ਫਿਰ ਇਨ੍ਹਾਂ ਗੱਲਾਂ ਦੀ ਕੀ ਤੁੱਕ ਬਣਦੀ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਦੱਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਜੀ ਦਾ ਸਪੱਸ਼ਟ ਹੁਕਮ ਹੈ, ਗੁਰੂ ਮਾਨਿਉ ਗ੍ਰੰਥ, ਅਰਥਾਤ ਸਾਡੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ"। ਅਤੇ ਜੁਗੋ ਜੁਗ ਅਟਲ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਵੀ ਇਹੀ ਕਰਦੇ ਹਨ ਕਿ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ। ਮੁੱਕਦੀ ਗੱਲ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਪ੍ਰਵਾਨ ਨਹੀਂ ਕਰਦੇ। ਸਿੱਖ ਧਰਮ ਦਾ ਹਿੰਦੂ ਧਰਮ ਨਾਲ ਮਿਲਗੋਭਾ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਹੀ ਇਕ ਅੰਗ ਸਿੱਧ ਕਰਨਾ ਚਾਹੁੰਦੇ ਹਨ।

     ਸਿੰਘ ਸਭਾ ਲਹਿਰ ਦੇ ਬਾਨੀ ਗਿਆਨੀ ਦਿੱਤ ਸਿੰਘ ਜੀ ਨੇ ਇਹ ਸਪੱਸ਼ਟ ਤੇ ਸਿੱਧ ਕੀਤਾ ਸੀ ਕਿ-"ਭਾਈ-ਖਾਲਸਾ ਤੀਸਰਾ ਪੰਥ ਹੈ। ਇਹ ਹਿੰਦੂ ਮੁਸਲਮਾਨਾਂ ਤੋਂ ਜੁਦਾ ਹੈ ਔਰ ਸਭ ਨੂੰ ਆਪਣੇ ਵਿੱਚ ਮਿਲਾਉਣ ਵਾਲਾ ਹੈ ਅਤੇ ਸਾਰੀ ਦੁਨੀਆਂ ਲਈ ਸਾਂਝਾ ਹੈ, ਜੋ ਅੰਮ੍ਰਿਤ ਛਕੇ ਸੋ ਪੰਥ ਵਿੱਚ ਸ਼ਾਮਿਲ ਹੋਵੇ। ਜਦ ਕੋਈ ਹਿੰਦੂ ਦਸਮੇਂ ਗੁਰੂ ਜੀ ਦਾ ਅੰਮ੍ਰਿਤ ਛੱਕ ਲੈਂਦਾ ਹੈ ਤਾਂ ਉਸ ਦਾ ਪੁਰਾਣੀ ਹਿੰਦੂ ਜਾਤੀ ਨਾਲ ਐਸਾ ਹੀ ਸਬੰਧ ਰਹਿੰਦਾ ਹੈ, ਜੈਸਾ ਕਿ ਇਕ ਹਿੰਦੂ ਦਾ ਮੁਸਲਮਾਨ ਹੋ ਕੇ ਫਿਰ ਹਿੰਦੂ ਸਮਾਜ ਨਾਲ ਰਹਿੰਦਾ ਹੈ।" (ਹਵਾਲਾ-ਖਾਲਸਾ ਅਖਬਾਰ ਲਾਹੌਰ 8 ਜੁਲਾਈ 1898 ਪੰਨਾ 3) 1699 ਦੀ ਵਿਸਾਖੀ ਨੂੰ ਵਾਪਰੀ ਘਟਨਾ ਦਾ ਵੇਰਵਾ ਸਰਕਾਰੀ ਸੂਹੀਏ ਨੇ ਔਰੰਗਜ਼ੇਬ ਨੂੰ ਭੇਜਿਆ, ਉਸ ਦਾ ਉਲੇਖ ਮੁਸਲਮਾਨ ਇਤਿਹਾਸਕਾਰ ਅਹਿਮਦ ਸ਼ਾਹ ਬਟਾਲਵੀ ਨੇ ਇਸ ਪ੍ਰਕਾਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਇਕ ਰਾਹ 'ਤੇ ਚੱਲੋ ਅਤੇ ਇਕ ਧਰਮ ਅਪਨਾਓ। ਵੱਖ-ਵੱਖ ਜਾਤਾਂ ਦੇ ਭੇਦ ਮਿਟਾ ਦਿਉ। ਹਿੰਦੂਆਂ ਦੀਆਂ ਚਾਰ ਜਾਤਾਂ, ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿੱਚ ਆਇਆ ਹੈ ਮੁੱਢ ਤੋਂ ਹੀ ਮੁਕਾ ਦਿਉ। ਇਕ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਨਾ ਸਮਝੋ। ਪੁਰਾਣੇ ਧਾਰਮਿਕ ਗ੍ਰੰਥਾਂ ਉੱਤੇ ਵਿਸ਼ਵਾਸ ਨਾ ਰੱਖੋ, ਕੋਈ ਵੀ ਗਣੇਸ਼ ਆਦਿ ਵੱਲ ਧਿਆਨ ਨਾ ਦੇਵੇ। ਧਾਰਮਿਕ ਅਸਥਾਨਾਂ ਉਤੇ ਯਾਤਰਾ ਕਰਨਾ ਵਿਅਰਥ ਹੈ। ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀਂ। ਸਿਰਫ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਉਤੇ ਵਿਸ਼ਵਾਸ ਲਿਆਉ, ਸਾਰੀਆਂ ਜਾਤਾਂ ਇਕੋ ਬਾਟੇ ਵਿੱਚੋਂ ਅੰਮ੍ਰਿਤ ਛੱਕ ਕੇ ਇਕ ਦੂਜੇ ਲਈ ਪਿਆਰ ਪੈਦਾ ਕਰਕੇ ਨਫਰਤ ਨੂੰ ਦੂਰ ਕਰੋ"।

     ਇਸ ਉਪਦੇਸ਼ ਦੁਆਰਾ ਗੁਰੂ ਜੀ ਨੇ ਲੋਕਾਂ ਨੂੰ ਕੁੱਲ-ਨਾਸ਼, ਧਰਮ-ਨਾਸ਼, ਕ੍ਰਿਤ-ਨਾਸ਼, ਭ੍ਰਮ-ਨਾਸ਼, ਕ੍ਰਮ ਨਾਸ਼ ਦਾ ਉਪਦੇਸ਼ ਦਿੱਤਾ। ਵਰਣ-ਆਸ਼ਰਮ ਪੁਰ ਆਧਾਰਿਤ ਜਾਤੀਆਂ ਅਤੇ ਕਿੱਤਿਆਂ ਦੀ ਵੰਡ, ਸਥਾਪਤ ਧਰਮ ਅਤੇ ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ, ਸਾਰੇ ਭਰਮਾਂ ਅਤੇ ਜਾਤੀ ਵੰਡ ਅਨੁਸਾਰ ਸਮਾਜਿਕ ਵੰਡ ਦਾ ਜ਼ੋਰਦਾਰ ਖੰਡਨ ਕੀਤਾ। ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਵਾਲੇ ਇਹ ਆਖਦੇ ਕਿ ਉਹ ਗੁਰੂ ਗੋਬਿੰਦ ਸਿੰਘ ਦੀ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹਨ, ਬਿਲਕੁੱਲ ਹੀ ਗੁੰਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ, ਇਹ ਵੀ ਇਕ ਅਟੱਲ ਸੱਚਾਈ ਹੈ ਕਿ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਵਾਲੇ ਸਗੋਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ਦੇ ਬਿਲਕੁੱਲ ਉਲਟ ਪ੍ਰਚਾਰ ਕਰ ਰਹੇ ਹਨ। ਖਾਲਸਾ ਪੰਥ ਨੂੰ ਸੁਚੇਤ ਰੂਪ ਵਿੱਚ ਸਿੱਖੀ ਸਿਧਾਤਾਂ ਦਾ ਪ੍ਰਚਾਰ ਗੁਰਮਿਤ ਅਨੁਸਾਰ ਕਰਨਾ ਚਾਹੀਦਾ ਹੈ ਤਾਂ ਕਿ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਕੀਤੇ ਜਾ ਰਹੇ ਬੌਧਿਕ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਕੇ ਗੁੰਮਰਾਹ ਕੁੰਨ ਪ੍ਰਚਾਰ ਨੂੰ ਠੱਲ ਪਾਈ ਜਾ ਸਕੇ।

- ਜਥੇਦਾਰ ਮਹਿੰਦਰ ਸਿੰਘ ਖਹਿਰਾ