image caption:

ਵੀਅਤਨਾਮ ਤੋਂ ਆਉਣ ਵਾਲੀ ਸਟੀਲ ਉੱਤੇ ਅਮਰੀਕਾ ਨੇ ਟੈਕਸ ਬੋਝ ਵਧਾਇਆ

ਵਾਸ਼ਿੰਗਟਨ, )- ਵੀਅਤਨਾਮ ਤੋਂ ਅਮਰੀਕਾ ਵਿਚ ਆਉਂਦੇ ਕੁਝ ਕਿਸਮਾਂ ਦੇ ਸਟੀਲ ਉੱਤੇ ਐਂਟੀ ਡੰਪਿੰਗ ਭਾਰੀ ਟੈਕਸ ਲਾ ਦਿੱਤਾ ਗਿਆ ਹੈ। ਉਨ੍ਹਾਂ ਉਤੇ ਦੋਸ਼ ਹੈ ਕਿ ਇਨ੍ਹਾਂ ਉਤਪਾਦਾਂ ਦੇ ਉਤਪਾਦਨ ਵਿਚ ਚੀਨ ਦੀ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਸੀ। ਅਮਰੀਕੀ ਵਪਾਰ ਵਿਭਾਗ ਦੇ ਮੁਤਾਬਕ ਇਹ ਟੈਕਸ ਇਸ ਸਟੀਲ ਦੀ ਅਸਲ ਕੀਮਤ ਦੇ 265 ਫੀਸਦੀ ਦੇ ਬਰਾਬਰ ਰੱਖਿਆ ਗਿਆ ਹੈ।
ਵਰਨਣ ਯੋਗ ਹੈ ਕਿ ਅਮਰੀਕਾ ਵਿਚ ਡੋਨਾਲਡ ਟਰੰਪ ਸਰਕਾਰ ਨੇ ਅੰਤਰ ਰਾਸ਼ਟਰੀ ਵਪਾਰ ਵਿਚ ਚੀਨ ਨੂੰ ਧਿਆਨ ਵਿਚ ਰੱਖ ਕੇ ਕਈ ਤਕੜੇ ਕਦਮ ਚੁੱਕੇ ਹਨ। ਵੀਅਤਨਾਮ ਵਿਚ ਚੀਨ ਦੀ ਸਮੱਗਰੀ ਤੋਂ ਬਣੇ ਸਟੀਲ ਉੱਤੇ ਭਾਰੀ ਇੰਪੋਰਟ ਟੈਕਸ ਲਾਉਣ ਦਾ ਇਹ ਫੈਸਲਾ ਉਸੇ ਸੋਚਣੀ ਦੀ ਤਾਜ਼ਾ ਕੜੀ ਮੰਨਿਆ ਜਾਂਦਾ ਹੈ। ਵਪਾਰ ਵਿਭਾਗ ਦਾ ਦਾਅਵਾ ਹੈ ਕਿ ਦੋ ਸਾਲ ਪਹਿਲਾਂ ਚੀਨ ਵਿਰੁੱਧ ਵੱਡੇ ਐਂਟੀ ਡੰਪਿੰਗ ਟੈਕਸ ਲਾ ਦਿੱਤੇ ਜਾਣ ਪਿੱਛੋਂ ਵੀਅਤਨਾਮ ਤੋਂ ਅਮਰੀਕਾ ਵਿਚ ਸਟੀਲ ਇੰਪੋਰਟ ਬੀਤੇ 2 ਸਾਲਾਂ ਵਿਚ ਤੇਜ਼ੀ ਨਾਲ ਵਧੀ ਹੈ। ਉਸ ਦਾ ਕਹਿਣਾ ਹੈ ਕਿ ਕਈ ਚੀਨੀ ਕੰਪਨੀਆਂ ਅਮਰੀਕੀ ਟੈਕਸ ਤੋਂ ਬਚਣ ਲ੍ਰਈ ਵੀਅਤਨਾਮ ਦਾ ਰਸਤਾ ਵਰਤਣ ਲੱਗ ਪਈਆਂ ਹਨ। ਦੋ ਸਾਲ ਪਹਿਲਾਂ ਤੱਕ ਵੀਅਤਨਾਮ ਤੋਂ ਜੰਗਾਲ-ਵਿਰੋਧੀ ਸਟੀਲ ਦਾ ਇੰਪੋਰਟ ਸਾਲਾਨਾ 2 ਲੱਖ ਰੁਪਏ ਸੀ, ਜਿਹੜਾ ਵਧ ਕੇ 8 ਕਰੋੜ ਡਾਲਰ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਕੋਲਡ ਰੋਲਡ ਸਟੀਲ ਦਾ ਇੰਪੋਰਟ 90 ਲੱਖ ਡਾਲਰ ਸਾਲਾਨਾ ਤੋਂ ਵਧ ਕੇ 21.5 ਕਰੋੜ ਡਾਲਰ ਤੱਕ ਪਹੁੰਚ ਚੁੱਕਾ ਹੈ। ਅਮਰੀਕੀ ਸਟੀਲ ਨਿਰਮਾਤਾਵਾਂ ਨੇ ਵਪਾਰ ਵਿਭਾਗ ਨੂੰ ਇਸ ਦੇ ਸੰਬੰਧ ਵਿੱਚ ਸ਼ਿਕਾਇਤ ਕੀਤੀ ਸੀ।