image caption:

ਅੰਨਾ ਹਜ਼ਾਰੇ ਨੇ ਭਿ੍ਰਸ਼ਟਾਚਾਰ-ਮੁਕਤ ਦੇਸ਼ ਦਾ ਮੋਦੀ ਦਾ ਨਾਅਰਾ ਫੋਕਾ ਦੱਸਿਆ

ਨਵੀਂ ਦਿੱਲੀ - ਲੋਕਪਾਲ ਦੀ ਮੰਗ ਨੂੰ ਲੈ ਕੇ ਮਨਮੋਹਨ ਸਰਕਾਰ ਵਿਰੁੱਧ ਵੱਡਾ ਅੰਦੋਲਨ ਖੜ੍ਹੇ ਕਰਨ ਵਾਲੇ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਹੁਣ ਭਿ੍ਰਸ਼ਟਾਚਾਰ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਹੱਲਾ ਬੋਲਦੇ ਹੋਏ ਭਿ੍ਰਸ਼ਟਾਚਾਰ ਮੁਕਤ ਭਾਰਤ ਉਸ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੱਤਾ ਹੈ।
ਅੰਨਾ ਹਜ਼ਾਰੇ ਨੇ ਕੱਲ੍ਹ ਇਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਭਿ੍ਰਸ਼ਟਾਚਾਰ, ਕਿਸਾਨਾਂ ਦੀ ਸਮੱਸਿਆ ਤੇ ਚੋਣ ਸੁਧਾਰ ਨੂੰ ਲੈ ਕੇ ਆਉਣ ਵਾਲੀ 23 ਮਾਰਚ ਨੂੰ ਸ਼ਹੀਦ ਦਿਵਸ ਉਤੇ ਰਾਸ਼ਟਰੀ ਰਾਜਧਾਨੀ ਤੋਂ ਲੋਕ ਅੰਦੋਲਨ ਦੀ ਸ਼ੁਰੂਆਤ ਕਰਨਗੇ। ਇਸ ਦੇ ਲਈ ਥਾਂ ਅਲਾਟ ਕੀਤੇ ਜਾਣ ਲਈ ਉਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਅੰਦੋਲਨ ਤੋਂ ਪਹਿਲਾਂ ਉਹ ਦੇਸ਼ ਭਰ ਵਿੱਚ ਰੈਲੀਆਂ ਕਰਨਗੇ ਅਤੇ ਜਨਤਾ ਨੂੰ ਜਗਾਉਣ ਦਾ ਕੰਮ ਕਰਨਗੇ। ਅੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਲੋਕਪਾਲ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਦੀ ਸਰਕਾਰ ਨੇ ਲੋਕਪਾਲ ਕਾਨੂੰਨ ਨੂੰ ਕਮਜ਼ੋਰ ਕਰ ਦਿੱਤਾ। ਸਰਕਾਰ ਇੱਕ ਪਾਸੇ ਭਿ੍ਰਸ਼ਟਾਚਾਰ ਮੁਕਤ ਭਾਰਤ ਦੇ ਵੱਡੇ ਵੱਡੇ ਇਸ਼ਤਿਹਾਰ ਲਾਉਂਦੀ ਹੈ, ਦੂਸਰੇ ਪਾਸੇ ਭਿ੍ਰਸ਼ਟਾਚਾਰ &lsquoਤੇ ਲਗਾਮ ਲਾਉਣ ਵਾਲੇ ਕਾਨੂੰਨ ਕਮਜ਼ੋਰ ਕਰ ਰਹੀ ਹੈ। ਅੰਨਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਤੀਹ ਚਿੱਠੀਆਂ ਲਿਖੀਆਂ, ਜਿਨ੍ਹਾਂ ਵਿੱਚੋਂ 10 ਲੋਕਪਾਲ ਅਤੇ 20 ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਸਨ। ਇਨ੍ਹਾਂ ਵਿੱਚੋਂ ਸਿਰਫ ਦਾ ਹੀ ਜਵਾਬ ਆਇਆ ਹੈ।