image caption:

ਧਮਕੀ ਮਿਲਣ ਮਗਰੋਂ ਏਕਮ ਹਤਿਆ ਕਾਂਡ ਦਾ ਮੁੱਖ ਗਵਾਹ ਗ਼ਾਇਬ

ਐਸ.ਏ.ਐਸ. ਨਗਰ- ਏਕਮ ਹਤਿਆ ਕਾਂਡ ਵਿਚ ਬੁਧਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਸੁਣਵਾਈ ਹੋਈ। ਕੇਸ ਦਾ ਮੁੱਖ ਗਵਾਹ ਤੁੱਲ ਬਹਾਦੁਰ ਧਮਕੀਆਂ ਮਿਲਣ ਤੋਂ ਬਾਅਦ ਅਦਾਲਤ ਤੋਂ ਲਗਾਤਾਰ ਗ਼ੈਰਹਾਜ਼ਰ ਚਲ ਰਿਹਾ ਹੈ। ਉਥੇ ਹੀ, ਅੱਜ ਕੇਸ ਦੀ ਮੁੱਖ ਦੋਸ਼ੀ ਸੀਰਤ ਢਿੱਲੋਂ ਵੀ ਅਦਾਲਤ ਵਿਚ ਪੇਸ਼ ਨਹੀਂ ਹੋਈ। ਉਸ ਨੂੰ ਲੁਧਿਆਣਾ ਜੇਲ 'ਚੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ਪਰ ਨਹੀਂ ਕੀਤਾ ਗਿਆ।
ਕੇਸ ਦੀ ਸੁਣਵਾਈ ਅੱਜ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿਚ ਹੋਣੀ ਸੀ ਪਰ ਇਸ ਹਤਿਆ ਕਾਂਡ ਦੀ ਮੁੱਖ ਦੋਸ਼ੀ ਅਤੇ ਮੁੱਖ ਗਵਾਹ ਦੇ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਕੇਸ ਦੀ ਕਾਰਵਾਈ ਅੱਗੇ ਨਹੀਂ ਚਲ ਸਕੀ। ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 13 ਦਸੰਬਰ ਨਿਸ਼ਚਿਤ ਕਰ ਦਿਤੀ ਹੈ। ਦੱਸਣਾ ਬਣਦਾ ਹੈ ਕਿ ਪਿਛਲੀਆਂ ਤਾਰੀਕਾਂ 25 ਅਕਤੂਬਰ ਤੇ 21 ਨਵੰਬਰ ਨੂੰ ਵੀ ਅਦਾਲਤ ਵਿਚ ਕੇਸ ਦੀ ਸੁਣਵਾਈ ਮੌਕੇ ਇਸ ਕੇਸ ਦਾ ਮੁੱਖ ਗਵਾਹ ਆਟੋ ਚਾਲਕ ਤੁੱਲ


ਬਹਾਦੁਰ ਪੇਸ਼ ਨਹੀਂ ਹੋਇਆ ਸੀ।ਇਹ ਸੀ ਮਾਮਲਾ : ਫੇਜ਼-3ਬੀ1 ਵਿਚ ਅਪਣੇ ਘਰ ਦੇ ਬਾਹਰ ਕਾਰ ਦੀ ਬੈਕ ਸੀਟ ਉੱਤੇ ਰੱਖੇ ਸੂਟਕੇਸ ਵਿਚੋਂ ਏਕਮ ਸਿੰਘ ਢਿੱਲੋਂ ਦੀ ਲਾਸ਼ ਮਿਲੀ ਸੀ। ਇਸ ਸਬੰਧੀ ਆਟੋ ਚਾਲਕ ਨੇ ਪੁਲਿਸ ਨੂੰ ਸੂਚਨਾ ਦਿਤੀ ਸੀ। ਉਸ ਨੇ ਪੁਲਿਸ ਨੂੰ ਦਸਿਆ ਸੀ ਕਿ ਫ਼ੇਜ਼-3ਬੀ1 ਵਿਚ ਕੋਠੀ ਨੰਬਰ 116 ਦੇ ਬਾਹਰ ਔਰਤ ਖੜੀ ਸੀ। ਇਸ ਦੌਰਾਨ ਔਰਤ ਨੇ ਉਸ ਨੂੰ ਹੱਥ ਦੇ ਕੇ ਰੋਕਿਆ ਸੀ ਅਤੇ ਅਟੈਚੀ ਨੂੰ ਕਾਰ ਵਿਚ ਰਖਾਉਣ ਲਈ ਉਸ ਤੋਂ ਮਦਦ ਮੰਗੀ ਸੀ। ਜਦ ਉਸ ਨੇ ਅਟੈਚੀ ਕਾਰ ਵਿਚ ਰਖਵਾਈ ਤਾਂ ਉਸ ਦੇ ਹੱਥ 'ਤੇ ਖੂਨ ਲੱਗ ਗਿਆ ਸੀ। ਉਸ ਨੇ ਇਹ ਗੱਲ ਪੁਲਿਸ ਨੂੰ ਦੱਸਣ ਦੀ ਗੱਲ ਕੀਤੀ ਤਾਂ ਇਹ ਔਰਤ ਉੱਥੋਂ ਖਿਸਕ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਕਾਰ ਵਿਚ ਪਿਆ ਸੂਟਕੇਸ ਖੋਲ੍ਹਿਆ ਤਾਂ ਉਸ ਵਿਚੋਂ ਏਕਮ ਦੀ ਲਾਸ਼ ਨਿਕਲੀ। ਬਾਅਦ ਵਿਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਸੀਰਤ ਨੂੰ ਅਪਣੇ ਪਤੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।