image caption:

ਸ਼ੁਭਮਨ ਗਿੱਲ ਦੀਆਂ ਨਾਬਾਦ 123 ਦੌੜਾਂ ਨਾਲ ਪੰਜਾਬ ਜੇਤੂ

ਵਿਜੈ ਹਜ਼ਾਰੇ ਟ੍ਰਾਫੀ: ਅੰਡਰ-19 ਵਿਸ਼ਵ ਕੱਪ ਵਿੱਚ ਮੈਨ ਆਫ ਦ ਸੀਰੀਜ਼ ਰਹੇ ਸ਼ੁਭਮਨ ਗਿੱਲ ਨੇ ਵਿਜੇ ਹਜ਼ਾਰੇ ਟ੍ਰਾਫੀ ਵਿੱਚ ਕਰਨਾਟਕ ਵਿਰੁੱਧ ਨਾਬਾਦ 123 ਦੌੜਾਂ ਦੀ ਪਾਰੀ ਖੇਡੀ। ਸ਼ੁਭਮਨ ਦੇ ਸ਼ਾਨਦਾਰ ਸੈਂਕੜੇ ਦੇ ਦਮ &lsquoਤੇ ਪੰਜਾਬ ਨੇ ਗਰੁੱਪ ਏ ਦੇ ਰੋਮਾਂਚਕ ਮੁਕਾਬਲੇ ਵਿੱਚ ਕਰਨਾਟਕ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਖਰਾਬ ਮੌਸਮ ਕਾਰਨ 42 ਓਵਰਾਂ ਦੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਤਿੰਨ ਵਿਕਟਾਂ &lsquoਤੇ 269 ਦੌੜਾਂ ਬਣਾਈਆਂ।

ਇਸ ਟੀਚੇ ਦਾ ਪਿੱਛਾ ਕਰਦਿਆਂ ਕਰਨਾਟਕ ਦੀ ਟੀਮ ਲੋਕੇਸ਼ ਰਾਹੁਲ ਦੇ 107 ਦੌੜਾਂ ਦੇ ਬਾਵਜੂਦ 42 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ &lsquoਤੇ 265 ਦੌੜਾਂ ਹੀ ਬਣਾ ਸਕੀ। ਗਿੱਲ ਨੇ 122 ਗੇਂਦਾਂ ਦੀ ਪਾਰੀ ਵਿੱਚ ਅੱਠ ਚੌਕੇ ਤੇ ਛੇ ਛੱਕੇ ਲਾਏ। ਮੈਚ ਦੀ ਪਹਿਲੀ ਗੇਂਦ &lsquoਤੇ ਮਨਨ ਵੋਹਰਾ ਦਾ ਵਿਕਟ ਡਿੱਗਣ ਤੋਂ ਬਾਅਦ ਉਨ੍ਹਾਂ ਮਨਦੀਪ ਸਿੰਘ (64) ਨਾਲ ਦੂਜੇ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਨਿਭਾਈ। ਕਪਤਾਨ ਯੁਵਰਾਜ ਸਿੰਘ ਨੇ 36 ਤੇ ਗੁਰਕੀਰਤ ਮਾਨ ਨੇ ਨਾਬਾਦ 35 ਦੌੜਾਂ ਬਣਾਈਆਂ।

ਕਰਨਾਟਕ ਦੇ ਕਪਤਾਨ ਵਿਨੈ ਕੁਮਾਰ ਨੇ ਦੋ ਵਿਕਟਾਂ ਲਈਆਂ। ਕਰਨਾਟਕ ਵੱਲੋਂ ਲੋਕੇਸ਼ ਰਾਹੁਲ ਨੇ 91 ਗੇਂਦਾਂ ਖੇਡੀਆਂ ਜਿਨ੍ਹਾਂ ਵਿੱਚ ਅੱਠ ਚੌਕੇ ਤੇ ਪੰਜ ਛੱਕੇ ਲਾ ਕੇ ਸੈਂਕੜਾ ਪੂਰਾ ਕੀਤਾ। ਉਨ੍ਹਾਂ ਤੋਂ ਇਲਾਵਾ ਪਵਨ ਦੇਸ਼ਪਾਂਡੇ ਨੇ 53 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਲਈ ਸਿੱਧਾਰਥ ਕੌਲ ਨੇ ਤਿੰਨ ਤੇ ਬਰਿੰਦਰ ਸਰਨ ਨੇ ਦੋ ਵਿਕਟਾਂ ਹਾਸਲ ਕੀਤੀਆਂ।