image caption:

ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣਾਂ ਦੀ ਬੁਕਿੰਗ ਸ਼ੁਰੂ

ਜਲੰਧਰ,- ਪੰਜਾਬੀਆਂ ਦੀ ਮੰਗ ਉੱਤੇ ਅਮਲ ਕਰਦੇ ਹੋਏ ਆਦਮਪੁੁਰ ਹਵਾਈ ਅੱਡੇ ਤੋਂ ਇੱਕ ਮਈ ਨੂੰ ਉਡਾਣ ਸ਼ੁਰੂ ਕਰਨ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਦੀ ਪਹਿਲੀ ਟਿਕਟ ਕੇਂਦਰ ਦੇ ਰਾਜ ਮੰਤਰੀ ਵਿਜੇ ਸਾਂਪਲਾ ਨੇ ਬੁੱਕ ਕਰਵਾਈ। ਇਸ ਹਵਾਈ ਅੱਡੇ ਤੋ ਪਹਿਲੀ ਉਡਾਣ ਮਜ਼ਦੂਰ ਦਿਵਸ ਮੌਕੇ ਸ਼ੁਰੂ ਹੋਵੇਗੀ।
ਇਸ ਸੰਬੰਧ ਵਿੱਚ ਕੇਂਦਰੀ ਰਾਜ ਮੰਤਰੀ ਵਿਜੇ ਕੁਮਾਰ ਸਾਂਪਲਾ ਦੇ ਨਾਲ ਸਪਾਈਸ ਜੈੱਟ ਕੰਪਨੀ ਦੇ ਚੀਫ ਸੇਲਜ਼ ਤੇ ਰੈਵੇਨਿਊ ਅਫਸਰ ਸ਼ਿਲਪਾ ਭਾਟੀਆ ਅਤੇ ਏਅਰਪੋਰਟ ਅਥਾਰਟੀ ਦੇ ਡਿਪਟੀ ਡਾਇਰੈਕਟਰ ਕੇਵਲ ਕਿਸ਼ਨ ਨੇ ਸਾਂਝੇ ਤੌਰ &lsquoਤੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਮਹੀਨਿਆਂ ਵਿੱਚ ਜੇ ਯਾਤਰੀਆਂ ਦੀ ਆਮਦ ਵਧ ਗਈ ਤਾਂ ਦਿੱਲੀ ਦੀ ਇੱਕ ਉਡਾਣ ਵਧਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਇਹ ਛੇਵਾਂ ਹਵਾਈ ਅੱਡਾ ਹੋਵੇਗਾ। ਸੂਬੇ ਵਿੱਚ ਪਹਿਲਾਂ ਚੱਲਦੇ ਹਵਾਈ ਅੱਡਿਆਂ ਵਿੱਚ ਦੋ ਕੌਮਾਂਤਰੀ ਅਤੇ ਚਾਰ ਘਰੇਲੂ ਉਡਾਣਾਂ ਵਾਲੇ ਹਨ। ਉਨ੍ਹਾਂ ਕਿਹਾ ਕਿ ਦੋਆਬੇ &lsquoਚੋਂ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਵਸੇ ਹੋਏ ਹਨ। ਆਦਮਪੁਰ ਹਵਾਈ ਅੱਡੇ ਦਾ ਸਭ ਤੋਂ ਵੱਡਾ ਲਾਭ ਪਰਵਾਸੀ ਪੰਜਾਬੀਆਂ ਨੂੰ ਹੋਵੇਗਾ। ਉਨ੍ਹਾਂ ਇਸ ਗੱਲ ਦੀ ਸੰਭਾਵਨਾ ਜਤਾਈ ਕਿ ਜੇ ਇਥੋਂ ਕੰਪਨੀ ਨੂੰ ਚੰਗਾ ਕਾਰੋਬਾਰ ਹੋਇਆ ਤਾਂ ਵਿਦੇਸ਼ਾਂ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਸਾਂਪਲਾ ਨੇ ਕਿਹਾ ਕਿ ਜਲੰਧਰ ਤੋਂ ਦਿੱਲੀ ਜਾਣ ਵਾਲੇ ਲੋਕ ਸ਼ਤਾਬਦੀ ਵਿੱਚ ਜਾਣ ਜਿੰਨੇ ਪੈਸੇ ਖਰਚ ਕੇ ਅੱਗੇ ਤੋਂ ਹਵਾਈ ਜਹਾਜ਼ ਰਾਹੀਂ ਜਾ ਸਕਦੇ ਹਨ ਅਤੇ ਉਨ੍ਹਾਂ ਦਾ ਸਮਾਂ ਵੀ ਘੱਟ ਲੱਗੇਗਾ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਹਵਾਈ ਅੱਡੇ ਦੇ ਟਰਮੀਨਲ ਦੋ ਤੋਂ ਹਵਾਈ ਜਹਾਜ਼ ਆਦਮਪੁਰ ਲਈ ਸ਼ਾਮ 3.30 ਵਜੇ ਚੱਲੇਗਾ ਤੇ ਪੌਣੇ ਪੰਜ ਵਜੇ ਇਥੇ ਪੁੱਜੇਗਾ। ਉਹੀ ਜਹਾਜ਼ ਵਾਪਸੀ &lsquoਤੇ ਆਦਮਪੁਰ ਤੋਂ ਸ਼ਾਮ 5.05 ਵਜੇ ਉਡਾਣ ਭਰੇਗਾ ਤੇ ਦਿੱਲੀ 6.15 ਵਜੇ ਪਹੁੰਚੇਗਾ। ਜਹਾਜ਼ ਦਾ ਇੱਕ ਪਾਸੇ ਦਾ ਕਿਰਾਇਆ 2000 ਰੁਪਏ ਹੋਵੇਗਾ ਅਤੇ ਸਵਾ ਘੰਟੇ ਦੀ ਉਡਾਣ ਹੋਵੇਗੀ।