image caption:

ਭਾਰਤੀ ਮੁੱਕੇਬਾਜ਼ਾਂ ਨੇ ਬੈਲਗ੍ਰੇਡ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ

ਨਵੀਂ ਦਿੱਲੀ- ਭਾਰਤ ਦੇ ਮੁੱਕੇਬਾਜ਼ਾਂ ਨੇ ਇੱਕ ਵਾਰੀ ਫਿਰ ਦੇਸ਼ ਨੂੰ ਖੁਸ਼ ਕਰ ਦਿੱਤਾ ਹੈ। ਮੁੱਕੇਬਾਜ਼ ਸੁਮੀਤ ਸਾਂਗਵਾਨ (91 ਕਿਲੋ) ਅਤੇ ਨਿਕਹਤ ਜ਼ਰੀਨ (51 ਕਿਲੋ) ਸਣੇ ਤਿੰਨ ਮੁੱਕੇਬਾਜ਼ਾਂ ਨੇ ਸਰਬੀਆ ਵਿੱਚ ਹੋਏ 56ਵੇਂ ਬੈਲਗ੍ਰੇਡ ਇੰਟਰਨੈਸ਼ਲ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨ ਤਗ਼ਮੇ ਜਿੱਤ ਲਏ ਹਨ।
ਇਸ ਮੁਕਾਬਲੇ ਵਿੱਚ ਭਾਰਤ ਦੇ ਤੀਸਰੇ ਮੁੱਕੇਬਾਜ਼ ਹਿਮਾਂਸ਼ੂ ਸ਼ਰਮਾ (49 ਕਿਲੋ) ਨੇ ਕੱਲ੍ਹ ਅਲਜੀਰੀਆ ਦੇ ਮੁਹੰਮਦ ਤੌਰੇਗ ਨੂੰ 5-0 ਬਾਊਟ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਤਿੰਨ ਸੋਨੇ, ਪੰਜ ਚਾਂਦੀ ਤੇ ਪੰਜ ਕਾਂਸੀ ਦੇ ਤਗ਼ਮੇ ਨਾਲ ਸ਼ਾਨਦਾਰ ਮੁਹਿੰਮ ਖ਼ਤਮ ਕੀਤੀ ਹੈ। ਸੁਮੀਤ ਤੇ ਨਿਕਹਤ ਦੋਵੇਂ ਸੱਟ ਤੋਂ ਉਭਰਨ ਪਿੱਛੋਂ ਇਸ ਟੂਰਨਾਮੈਂਟ ਵਿੱਚ ਖੇਡ ਰਹੇ ਹਨ। ਏਸ਼ੀਅਨ ਖੇਡਾਂ ਦੇ ਚਾਂਦੀ ਤਗ਼ਮਾ ਜੇਤੂ ਸੁਮੀਤ ਨੇ ਇਕਵਾਡੋਰ ਦੇ ਕਾਸਟਿਲੋ ਟੋਰੇਸ ਨੂੰ 5-0 ਨਾਲ ਹਰਾਇਆ। ਉਹ ਕਾਮਨਵੈੱਲਥ ਦੇ ਟਰਾਇਲ ਵਿੱਚ ਹਾਰਨ ਕਰ ਕੇ ਗੋਲਡ ਕੋਸਟ ਦੀਆਂ ਕਾਮਨਵੈੱਲਥ ਖੇਡਾਂ ਵਿੱਚ ਨਹੀਂ ਜਾ ਸਕਿਆ ਸੀ। ਜੂਨੀਅਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਨਿਕਹਤ ਨੇ ਮੋਢੇ ਦੀ ਸੱਟ ਠੀਕ ਹੋਣ ਪਿੱਛੋਂ ਵਾਪਸੀ ਕੀਤੀ ਤੇ ਗਰੀਸ ਦੀ ਕੌਤਸੋਏ ਔਰਗੋਪੋਊਲੋਊ ਐਕੇਟਰਿਨੀ ਨੂੰ 5-0 ਨਾਲ ਹਰਾਇਆ।
ਪੁਰਸ਼ਾਂ ਦੇ ਡਰਾਅ ਵਿੱਚ ਲਾਲਦਿਨਮਾਵੀਆ (52 ਕਿਲੋ), ਵਰਿੰਦਰ ਸਿੰਘ (56 ਕਿਲੋ) ਅਤੇ ਪਵਨ ਕੁਮਾਰ (69 ਕਿਲੋ) ਨੂੰ ਚਾਂਦੀ ਦੇ ਤਗ਼ਮੇ ਹੀ ਮਿਲ ਸਕੇ। ਲਾਲਦਿਨਮਾਵੀਆ ਨੂੰ ਕੋਰੀਆ ਦੇ ਕਿਮ ਇੰਕਿਨ ਤੋਂ 0-5 ਨਾਲ, ਵਰਿੰਦਰ ਨੂੰ ਬ੍ਰਾਜ਼ੀਲ ਦੇ ਅਰਿਲਸੋਨ ਗੋਂਕਾਲਵੇਜ ਤੋਂ 2-3 ਨਾਲ ਹਾਰ ਮਿਲੀ। ਪਵਨ ਨੂੰ ਕ੍ਰੋਏਸ਼ੀਆ ਦੇ ਪੀਟਰ ਸੈਟਿਨਿਚ ਨੇ 4-1 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਨਰਿੰਦਰ (91 ਕਿਲੋ ਤੋਂ ਵੱਧ) ਨੇ ਪੁਰਸ਼ ਮੁਕਾਬਲੇ ਦਾ ਕਾਂਸੀ ਤਗ਼ਮਾ ਜਿੱਤਿਆ ਸੀ।
ਔਰਤਾਂ ਵਿੱਚ ਰਾਜੇਸ਼ ਨਰਵਾਲ (48 ਕਿਲੋ), ਪ੍ਰਿਅੰਕਾ ਠਾਕੁਰ (60 ਕਿਲੋ), ਰੂਮੀ ਗੋਗੋਈ (75 ਕਿਲੋ) ਅਤੇ ਨਿਰਮਲਾ ਰਾਵਤ (81 ਕਿਲੋ) ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।