image caption: (ਲੇਖਕ - ਨਿਰਮਲ ਸਿੰਘ ਕੰਧਾਲਵੀ)

ਚੁੰਝਾਂ - ਪੌਂਹਚੇ (ਲੇਖਕ - ਨਿਰਮਲ ਸਿੰਘ ਕੰਧਾਲਵੀ)

ਕਾਨੂੰਨ ਵਿਵਸਥਾ ਕਾਇਮ ਰੱਖਣਾ ਮੇਰੀ ਪਹਿਲੀ ਜ਼ਿੰਮੇਵਾਰੀ &ndashਕੈਪਟਨ
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ, ਕਾਲ਼ੀ ਡਾਂਗ ਮੇਰੀ ਸੋਹਣੀਏਂ।

ਮੁਖਰਜੀ ਵਲੋਂ ਸੰਘ ਦਾ ਸੱਦਾ ਪ੍ਰਵਾਨ, ਕਾਂਗਰਸੀ ਹਲਕੇ ਹੈਰਾਨ -ਇਕ ਖ਼ਬਰ
ਤੋਤਿਆ ਮਨਮੋਤਿਆ, ਮੈਂ ਵਰਜ ਰਹੀ ਵੇ ਜਾਈਂ ਨਾ ਵੈਰੀਆਂ ਦੇ ਬਾਗ਼।

ਘੱਲੂਘਾਰਾ ਸਮਾਗਮ ਮੌਕੇ ਕਿਸੇ ਨੂੰ ਵੀ ਮਰਿਆਦਾ ਭੰਗ ਨਹੀਂ ਕਰਨ ਦਿੱਤੀ ਜਾਵੇਗੀ- ਗੁਰਬਚਨ ਸਿੰਘ
ਜਦ ਅਸੀਂ ਇੱਥੇ ਬੈਠੇ ਹਾਂ ਬਾਹਰਲਾ ਬੰਦਾ ਕਿਉਂ ਮਰਯਾਦਾ ਭੰਗ ਕਰੇ ਬਈ।

ਗਲਾਸਗੋ 'ਚ ਪੰਜਾਬਣ ਬੀਬੀ ਦੇ ਘਰੋਂ ਭੰਗ ਦੇ ਬੂਟੇ ਮਿਲੇ- ਇਕ ਖ਼ਬਰ
ਰਸੀਆ ਨਿੰਬੂ ਲਿਆ ਦੇ ਵੇ, ਮੇਰੇ ਉੱਠੀ ਕਲੇਜੇ ਪੀੜ।

ਜ਼ਿਮਨੀ ਚੋਣਾਂ ਵਿਚ ਭਾਜਪਾ ਦੀ ਕਰਾਰੀ ਹਾਰ-ਇਕ ਖ਼ਬਰ
ਜਾ ਕੇ ਉਤਲੀ ਹਵਾ ਵਿਚ ਫਟ ਜਾਂਦੇ, ਜਿਨ੍ਹਾਂ ਗੁੱਡਿਆਂ ਨੂੰ ਖੁੱਲ੍ਹੀ ਡੋਰ ਲੱਭੇ।


ਰਾਮਾਇਣ ਕਾਲ 'ਚ ਸੀਤਾ ਦਾ ਜਨਮ ਟੈਸਟ-ਟਿਊਬ ਰਾਹੀਂ ਪੈਦਾ ਹੋਏ ਬੱਚੇ ਦਾ ਸਬੂਤ- ਉੱਪ ਮੁੱਖ ਮੰਤਰੀ ਸ਼ਰਮਾ
ਸ਼ਰਮਾ ਜੀ, ਟੈਸਟ-ਟਿਊਬ ਨਾ ਕਹੋ ਟੈਸਟ-ਘੜਾ ਆਖੋ ਇਸ ਨੂੰ।


ਪੰਜਾਬ ਦੇ ਵਜ਼ੀਰਾਂ ਨੇ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਸੇਧਿਆ- ਇਕ ਖ਼ਬਰ
ਛਵ੍ਹੀਆਂ ਦੇ ਘੁੰਡ ਮੁੜ ਗਏ, ਜਿਊਣਾ ਮੌੜ ਵੱਢਿਆ ਨਾ ਜਾਵੇ।


ਕੈਪਟਨ ਰੁੱਸੇ ਹੋਏ ਪਰਵਾਸੀ ਪੰਜਾਬੀਆਂ ਨੂੰ ਮਨਾਉਣ ਨਿੱਕਲੇ- ਇਕ ਖ਼ਬਰ
ਅੜੀ ਵੇ ਅੜੀ, ਨਾ ਕਰ ਬਹੁਤੀ ਤੂੰ ਅੜੀ, ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜ੍ਹੀ।


ਲੰਮੀ ਛਾਲ਼ ਮਾਰਨ ਲਈ ਦੋ ਕਦਮ ਪਿੱਛੇ ਜਾਣਾ ਪੈਂਦੈ-ਰਾਜਨਾਥ
ਦੇਖਿਉ ਲੰਮੀ ਛਾਲ ਮਾਰਨ ਲੱਗਿਆਂ ਕਿਤੇ ਗਿੱਟੇ ਨਾ ਤੁੜਵਾ ਲਇਉ।


ਭਾਰਤ ਤੇ ਪਾਕਿਸਤਾਨ ਸਰਹੱਦ 'ਤੇ ਗੋਲ਼ੀਬਾਰੀ ਬੰਦ ਕਰਨ ਲਈ ਸਹਿਮਤ-ਇਕ ਖ਼ਬਰ
ਮੰਜਾ ਬੁਣ ਦੇ ਜੁਗਿੰਦਰਾ ਯਾਰਾ, ਉੱਤੇ ਪਾ ਦੇ ਫੁੱਲ ਕਲੀਆਂ।


ਐੱਸ.ਜੀ.ਪੀ.ਸੀ. ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣਾ ਬਹੁਤ ਜ਼ਰੂਰੀ- ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ
ਜੜ੍ਹ ਕੁਫ਼ਰ ਦੀ ਸਿੰਘੋ ਪੁੱਟ ਸੁੱਟੀਏ, ਚੜ੍ਹਦੀ ਕਲਾ ਫਿਰ ਖ਼ਾਲਸੇ ਦੀ ਹੋਵਣੀ ਏਂ।


ਬਾਦਲ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਖ਼ਰਚ 'ਤੇ ਧਾਰਮਕ ਯਾਤਰਾ ਕਰਵਾਉਣਗੇ- ਇਕ ਖ਼ਬਰ
ਨਸ਼ਾ ਕੁਰਸੀ ਦਾ ਡਾਢਾ ਚੰਦਰਾ ਜੀ, ਕੀ ਕੀ ਬੰਦੇ ਤੋਂ ਇਹ ਕਰਵਾਂਵਦਾ ਏ।


2016 'ਚ ਅਕਾਲੀ-ਭਾਜਪਾ ਸਰਕਾਰ ਵਲੋਂ ਕਰਵਾਏ ਕਬੱਡੀ ਕੱਪ ਦੀ ਇਨਾਮੀ ਰਾਸ਼ੀ ਅਜੇ ਤੱਕ ਨਹੀਂ ਮਿਲੀ&mdashਇਕ ਖ਼ਬਰ
ਤੇਰੀਆਂ ਦੇਖ ਅਦਾਵਾਂ ਨੀਂ, ਧੋਖਾ ਖਾ ਬੈਠੇ ਹਾਏ ਧੋਖਾ ਖਾ ਬੈਠੇ।


ਦਿੱਲੀ ਦੇ ਸਿਹਤ ਮੰਤਰੀ ਦੇ ਘਰ ਸੀ.ਬੀ.ਆਈ. ਦਾ ਛਾਪਾ-ਇਕ ਖ਼ਬਰ
ਭਾਜਪਾ ਦੀ ਪਾਲਿਸੀ: ਨਾ ਖੇਲਣਾ ਨਾ ਖੇਲ੍ਹਣ ਦੇਣਾ, ਖੁੱਤੀ 'ਚ ਮੂ&hellipਣਾ।


ਸਿੱਖ ਧਰਮ ਦਾ ਭਗਵਾਕਰਨ ਕਰਨਾ ਚਾਹੁੰਦਾ ਹੈ ਬਾਦਲ ਅਕਾਲੀ ਦਲ- ਸਰਨਾ
ਪੱਤਣੋਂ ਪਾਰ ਲੰਘਣਾ, ਮੈਨੂੰ ਯਾਰ ਉਡੀਕੇ ਖੜ੍ਹ ਕੇ।

(ਲੇਖਕ - ਨਿਰਮਲ ਸਿੰਘ ਕੰਧਾਲਵੀ)