image caption: ਲੇਖਕ -ਸ਼ੰਗਾਰਾ ਸਿੰਘ ਭੁੱਲਰ ਫੋਨ : 98141-22870

ਸਿਆਸਤ ਵਿੱਚ ਵੰਸ਼ਵਾਦ ਦੇ ਲਗਾਤਾਰ ਵੱਧਦੇ ਕਦਮ

    ਭਾਰਤੀ ਸਿਆਸਤ ਵਿੱਚ ਜਦੋਂ ਵੀ ਵੰਸ਼ਵਾਦ ਦੀ ਗੱਲ ਤੁਰਦੀ ਹੈ ਤਾਂ ਪੈਂਦੀ ਸੱਟੇ ਨਜ਼ਰ ਪੰਡਿਤ ਨਹਿਰੂ ਦੇ ਖਾਨਦਾਨ 'ਤੇ ਜਾ ਟਿਕਦੀ ਹੈ । ਇਹ ਸੁਭਾਵਿਕ ਵੀ ਹੈ । ਆਜ਼ਾਦ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੀ ਸਨ । ਹਾਲਾਂਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਉਨ੍ਹਾਂ ਦੀ ਬੜੀ ਅਹਿਮ ਭੂਮਿਕਾ ਰਹੀ । ਉਨ੍ਹਾਂ ਦੇ ਪਿਤਾ ਪੰਡਿਤ ਮੋਤੀ ਲਾਲ ਨਹਿਰੂ ਉਸ ਵੇਲੇ ਕਾਂਗਰਸ ਦੇ ਪ੍ਰਧਾਨ ਸਨ । ਅੱਜ ਵੀ ਇਸੇ ਕਾਂਗਰਸ ਦੀ ਵਾਗਡੋਰ ਇਸੇ ਖਾਨਦਾਨ ਦੀ ਪੰਜਵੀਂ ਪੀੜ੍ਹੀ ਰਾਹੁਲ ਗਾਂਧੀ ਦੇ ਹੱਥਾਂ ਵਿੱਚ ਹੈ । ਸੱਚ ਪੁੱਛੋ ਤਾਂ ਭਾਰਤੀ ਸਿਆਸਤ ਵਿੱਚ ਵੰਸ਼ਵਾਦ ਦੀ ਪ੍ਰਥਾ ਨਹਿਰੂ ਖਾਨਦਾਨ ਤੋਂ ਹੀ ਸ਼ੁਰੂ ਹੋਈ, ਜੋ ਹੌਲੀ ਹੌਲੀ ਹਰ ਸਿਆਸਤਦਾਨ ਦੇ ਪਰਿਵਾਰਾਂ ਤੱਕ ਫੈਲਣ ਲੱਗੀ ਅਤੇ ਫੈਲ ਵੀ ਰਹੀ ਹੈ । ਪੰਡਿਤ ਨਹਿਰੂ ਨੇ ਆਪਣੀ ਧੀ ਇੰਦਰਾ ਗਾਂਧੀ ਨੂੰ ਨਾ ਕੇਵਲ ਸਿਆਸਤ ਵਿੱਚ ਆਉਣ ਲਈ ਪ੍ਰੇਰਿਆ ਅਤੇ ਅਗਵਾਈ ਕੀਤੀ, ਸਗੋਂ ਉਸ ਨੂੰ ਸਿਆਸਤ ਦੀਆਂ ਕਈ ਬਾਰੀਕੀਆਂ ਸਮਝਾਈਆਂ । ਇਹੀਓ ਵਜ੍ਹਾ ਹੈ ਕਿ ਉਹ ਨਾ ਕੇਵਲ ਇਸ ਦੇਸ਼ ਦੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਬਣੀ, ਸਗੋਂ ਉਹ ਦੁਨੀਆਂ ਦੀਆਂ ਕੁਝ ਚੋਟੀ ਦੀਆਂ ਪ੍ਰਧਾਨ ਮੰਤਰੀਆਂ ਵਿੱਚ ਗਿਣੀ ਜਾਂਦੀ ਸੀ । ਅੱਗੋਂ ਉਸ ਦਾ ਛੋਟਾ ਪੁੱਤਰ ਸੰਜੇ ਗਾਂਧੀ ਤਾਂ ਐਮਰਜੈਂਸੀ ਵੇਲੇ ਸੁਪਰ ਪ੍ਰਧਾਨ ਮੰਤਰੀ ਬਣ ਕੇ ਉਭਰਿਆ ਸੀ । ਰਾਜੀਵ ਗਾਂਧੀ ਭਲੇ ਹੀ ਸਿਆਸੀ ਪਰਿਵਾਰ ਦਾ ਬਾਸ਼ਿੰਦਾ ਸੀ, ਪਰ ਉਹਦਾ ਸਿਆਸਤ ਨਾਲ ਕੋਈ ਵਾਹ ਵਾਸਤ ਨਹੀਂ ਸੀ । ਉਹ ਪਾਇਲਟ ਦੀ ਨੌਕਰੀ ਕਰਦਾ ਸੀ, ਪਰ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਕੁਝ ਤਾਂ ਹਾਲਾਤ ਨੇ ਅਤੇ ਕੁਝ ਕਾਂਗਰਸੀ ਆਗੂਆਂ ਨੇ ਉਸ ਨੂੰ ਸਿਆਸਤ ਵਿੱਚ ਲਿਆ ਵਾੜਿਆ ਸੀ । ਹੁਣ ਉਸੇ ਰਾਜੀਵ ਗਾਂਧੀ ਦਾ ਪੁੱਤਰ ਰਾਹੁਲ ਗਾਂਧੀ ਕਾਂਗਰਸ ਦਾ ਪ੍ਰਧਾਨ ਅਤੇ ਭਾਰਤ ਦਾ ਸੰਭਾਵੀ ਪ੍ਰਧਾਨ ਮੰਤਰੀ ਮੰਨਿਆ ਜਾਣ ਲੱਗਾ ਹੈ । ਹਾਲ ਦੀ ਘੜੀ ਰਾਹੁਲ ਗਾਂਧੀ ਇਕੱਲਾ ਹੀ ਹੈ । ਜੇ ਕੱਲ੍ਹ ਨੂੰ ਉਹ ਵਿਆਹਿਆ ਗਿਆ ਜਾਂਦਾ ਹੈ ਤਾਂ ਇਸ ਗੱਲ ਦੀ ਪੱਕੀ ਗਰੰਟੀ ਹੈ ਕਿ ਇਸੇ ਚਾਪਲੂਸੀ ਪਾਰਟੀ ਦੇ ਸਿਰਕੱਢ ਆਗੂ ਉਹਦੇ ਬੱਚੇ ਨੂੰ ਵੀ ਕਾਂਗਰਸ ਦੀ ਵਾਗਡੋਰ ਸੌਂਪਣ ਲਈ ਹਰ ਵੇਲੇ ਤਰਲੋ ਮੱਛੀ ਹੋਏ ਰਹਿਣਗੇ ।
ਵੈਸੇ ਤਾਂ ਭਾਰਤੀ ਸਿਆਸਤ ਦਾ ਬਾਬਾ ਆਦਮ ਹੀ ਨਿਰਾਲਾ ਹੈ । ਵੰਸ਼ਵਾਦ ਨੂੰ ਬੜਾਵਾ ਕੇਵਲ ਕਾਂਗਰਸ ਵੱਲੋਂ ਹੀ ਨਹੀਂ ਦਿੱਤਾ ਜਾ ਰਿਹਾ, ਸਗੋਂ ਬਹੁਤ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਵੀ ਇਸ ਤੋਂ ਨਹੀਂ ਬਚੀਆਂ ਹੋਈਆਂ । ਮਿਸਾਲ ਵਜੋਂ ਪਿਛਲੇ ਸੱਤਰਾਂ ਵਰ੍ਹਿਆਂ ਵਿੱਚ ਹਿੰਦੁਸਤਾਨ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਕੇਂਦਰੀ ਮੰਤਰੀ ਜਾਂ ਸੂਬਿਆਂ ਦੇ ਮੁੱਖ ਮੰਤਰੀ ਜਾਂ ਮੰਤਰੀ ਜਾਂ ਫਿਰ ਜਿੰਨੇ ਵੀ ਐਮ।ਪੀ। ਅਤੇ ਵਿਧਾਇਕ ਹੋਏ ਹਨ, ਬਹੁਤਿਆਂ ਨੇ ਆਪਣੇ ਧੀਆਂ ਪੁੱਤਾਂ, ਨੂੰਹਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੰਸ਼ਵਾਦ ਵਿੱਚ ਲਿਆਂਦਾ ਹੈ । ਜੇ ਇਕ ਇਕ ਨੇਤਾ ਦੇ ਇਨ੍ਹਾਂ ਜੀਆਂ ਦਾ ਵੇਰਵਾ ਲਿਖਣ ਲੱਗੀਏ ਤਾਂ ਪੂਰੀ ਕਿਤਾਬ ਬਣ ਜਾਵੇਗੀ । ਕੁੱਲ ਮਿਲਾ ਕੇ ਇਹ ਕਹਿਣਾ ਬਹੁਤ ਹੀ ਉੱਚਿਤ ਹੋਵੇਗਾ ਕਿ ਇਸ ਵੱਗਦੀ ਗੰਗਾ ਵਿੱਚ ਕਿਸੇ ਨੇ ਵੀ ਹੱਥ ਧੋਣੋਂ ਗੁਰੇਜ਼ ਨਹੀਂ ਕੀਤਾ । ਇਕ ਸਾਬਕਾ ਪ੍ਰਧਾਨ ਮੰਤਰੀ ਦਾ ਪੁੱਤਰ ਇਸ ਵੇਲੇ ਕਰਨਾਟਕ ਸੂਬੇ ਦਾ ਮੁੱਖ ਮੰਤਰੀ ਹੈ ਅਤੇ ਇਕ ਸਾਬਕਾ ਪ੍ਰਧਾਨ ਮੰਤਰੀ ਦਾ ਪੁੱਤਰ ਪੰਜਾਬ ਤੋਂ ਲੋਕਸਭਾ ਦਾ ਮੈਂਬਰ ਹੈ ।
ਜੇ ਕੇਂਦਰ ਅਤੇ ਹੋਰ ਸੂਬਿਆਂ ਦਾ ਇਸ ਪੱਖੋਂ ਜ਼ਿਕਰ ਨਾ ਵੀ ਕਰੀਏ ਤਾਂ ਸਿੱਧੇ ਪੰਜਾਬ ਦੀ ਸਿਆਸਤ ਉੱਤੇ ਆ ਕੇਂਦਰਿਤ ਕਰੀਏ ਤਾਂ ਇਥੇ ਵੀ ਹਾਲ ਕੋਈ ਵੱਖਰਾ ਨਹੀਂ । ਪਿਛਲੇ ਸੱਤਰਾਂ ਸਾਲਾਂ ਵਿੱਚ ਪੰਜਾਬ ਦੇ ਸਿਆਸਤਦਾਨ ਭਾਵੇਂ ਕਈ ਹੋਏ ਹਨ, ਪਰ ਗੱਲ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ੁਰੂ ਕਰਨੀ ਬੜੀ ਉੱਚਿਤ ਰਹੇਗੀ । ਸ। ਬਾਦਲ ਦਾ ਸਬੰਧ ਤਾਂ ਭਾਵੇਂ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਹੈ, ਪਰ ਉਨ੍ਹਾਂ ਦਾ ਕੱਦ ਬੁੱਤ ਕੌਮੀ ਪੱਧਰ ਦਾ ਹੈ । ਉਹ 2017 ਤੱਕ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ । ਨੱਬੇਵਿਆਂ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਵੀ ਇਸ ਰਾਹ ਤੋਰ ਲਿਆ, ਵਿੱਚੇ ਹੀ ਸੁਖਬੀਰ ਦਾ ਪਹਿਲਾਂ ਭਣਵੱਈਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਫਿਰ ਸਾਲਾ ਬਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ ਅਤੇ ਸਰਕਾਰ ਵਿੱਚ ਅਹਿਮ ਥਾਂ 'ਤੇ ਬਿਰਾਜਮਾਨ ਹੋਏ । ਰਹਿੰਦੀ ਖੂੰਹਦੀ ਕਸਰ ਸੁਖਬੀਰ ਬਾਦਲ ਦੀ ਬੀਵੀ ਹਰਸਿਮਰਤ ਕੌਰ ਬਾਦਲ ਨੇ ਪੂਰੀ ਕਰ ਦਿੱਤੀ, ਜਦੋਂ ਉਹ ਦੋ ਵਾਰ ਲੋਕ ਸਭਾ ਚੋਣ ਜਿੱਤ ਕੇ ਮੋਦੀ ਸਰਕਾਰ ਵਿੱਚ ਵਜ਼ੀਰ ਬਣ ਗਈ । ਬਾਦਲ ਪਰਿਵਾਰ ਦੇ ਕਈ ਹੋਰ ਕਰੀਬੀ ਰਿਸ਼ਤੇਦਾਰ ਵੀ ਉਨ੍ਹਾਂ ਦੀ ਸਰਕਾਰ ਵਿੱਚ ਮੰਤਰੀ ਬਣੇ ਰਹੇ । ਹੋਰ ਕਈ ਮੁੱਖ ਮੰਤਰੀਆਂ ਅਤੇ ਮੰਤਰੀਆਂ ਦੇ ਪਰਿਵਾਰ ਵੀ ਇਸ ਖੇਤਰ ਵਿੱਚ ਪਿੱਛੇ ਨਹੀਂ ਰਹੇ । ਸਭ ਨੇ ਯਥਾ ਸੰਭਵ ਕਦਮ ਵਧਾਏ ਹਨ ਅਤੇ ਵਧਾ ਵੀ ਰਹੇ ਹਨ ।
ਸ। ਪ੍ਰਕਾਸ਼ ਸਿੰਘ ਬਾਦਲ ਤੋਂ ਪਿੱਛੇ ਜੇ ਪੰਜਾਬ ਦੇ ਦੂਜੇ ਮੁੱਖ ਮੰਤਰੀਆਂ ਦੇ ਪਰਿਵਾਰਾਂ 'ਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਪਿੱਛੇ ਕੋਈ ਵੀ ਨਹੀਂ ਰਿਹਾ, ਹਾਲਾਂਕਿ ਹਰ ਮੁੱਖ ਮੰਤਰੀ ਕਹਿੰਦਾ ਇਹੀਓ ਹੁੰਦਾ ਸੀ ਕਿ ਉਸ ਦਾ ਕੋਈ ਧੀ ਪੁੱਤ ਜਾਂ ਹੋਰ ਰਿਸ਼ਤੇਦਾਰ ਸਰਕਾਰ ਜਾਂ ਸਿਆਸਤ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗਾ । ਕੁੱਲ ਮਿਲਾ ਕੇ ਇਹ ਕਹਿਣ ਦੀਆਂ ਗੱਲਾਂ ਹੀ ਸਨ  ਸਭ ਕੁਝ ਪਹਿਲਾਂ ਵੀ ਚੱਲਦਾ ਸੀ ਅਤੇ ਹੁਣ ਵੀ । ਪੰਜਾਬ ਦੇ ਤੀਸਰੇ ਮੁੱਖ ਮੰਤਰੀ ਸਨ ਸ੍ਰ। ਪ੍ਰਤਾਪ ਸਿੰਘ ਕੈਰੋਂ । ਉਹ ਸਹੀ ਅਰਥਾਂ ਵਿੱਚ ਲੋਹਪੁਰਸ਼ ਸਨ । ਬੜੇ ਸੂਝਵਾਨ ਅਤੇ ਦੂਰ ਦ੍ਰਿਸ਼ਟੀਵਾਨ - ਪੰਜਾਬ ਅਤੇ ਚੰਡੀਗੜ੍ਹ ਦਾ ਉਸਰਈਆ, ਪਰ ਉਸ ਨੂੰ ਉਸ ਦੇ ਪਰਿਵਾਰ ਨੇ ਰੋਲ ਕੇ ਰੱਖ ਦਿੱਤਾ । ਉਹਦਾ ਪੁੱਤਰ ਸੁਰਿੰਦਰ ਸਿੰਘ ਕੈਰੋਂ ਸਿਆਸਤ ਵਿੱਚ ਰਿਹਾ । ਹੁਣ ਪ੍ਰਤਾਪ ਸਿੰਘ ਕੈਰੋਂ ਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈ, ਜੋ ਬਾਦਲ ਪਰਿਵਾਰ ਦਾ ਜਵਾਈ ਹੈ । ਬਾਦਲ ਪਰਿਵਾਰ ਵਿੱਚੋਂ ਇਸ ਵੇਲੇ ਵੱਡੇ ਅਤੇ ਛੋਟੇ ਬਾਦਲ ਤੋਂ ਬਿਨਾਂ ਹਰਸਿਮਰਤ ਕੌਰ ਬਾਦਲ ਸਰਗਰਮ ਸਿਆਸਤ ਵਿੱਚ ਹੈ, ਕੱਲ੍ਹ ਨੂੰ ਉਨ੍ਹਾਂ ਦਾ ਧੀ ਪੁੱਤਰ ਰਾਜਨੀਤੀ ਵਿੱਚ ਆਉਂਦਾ ਹੈ ਜਾਂ ਨਹੀਂ, ਹਾਲ ਦੀ ਘੜੀ ਕੋਈ ਸੰਕੇਤ ਨਹੀਂ । ਸੁਰਜੀਤ ਸਿੰਘ ਬਰਨਾਲਾ ਦਾ ਪੁੱਤਰ ਗਗਨਜੀਤ ਸਿੰਘ ਬਰਨਾਲਾ ਵੀ ਸਿਆਸਤ ਵਿੱਚ ਹੈ, ਬਲਕਿ ਉਹਦੀ ਮਾਂ ਸੁਰਜੀਤ ਕੌਰ ਬਰਨਾਲਾ ਵੀ ਸਿਆਸਤ ਵਿੱਚ ਕਾਫੀ ਸਰਗਰਮ ਹੈ । ਬੇਅੰਤ ਸਿੰਘ ਪੰਜਾਬ ਦਾ ਤਾਕਤਵਰ ਮੁੱਖ ਮੰਤਰੀ ਰਿਹਾ, ਪਰ ਉਹਦਾ ਇਕ ਪੁੱਤਰ ਅਤੇ ਧੀ ਪੰਜਾਬ ਵਜ਼ਾਰਤ ਵਿੱਚ ਰਹੇ । ਇਸ ਵੇਲੇ ਉਨ੍ਹਾਂ ਦੇ ਦੋ ਪੋਤਰਿਆਂ ਵਿੱਚੋਂ ਇਕ ਰਵਨੀਤ ਬਿੱਟੂ ਐੱਮ।ਪੀ। ਹੈ ਅਤੇ ਦੂਜਾ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਹੈ । ਹਰਚਰਨ ਸਿੰਘ ਬਰਾੜ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਅਤੇ ਹਰਿਆਣਾ ਦਾ ਗਵਰਨਰ ਵੀ । ਉਹਦਾ ਪੁੱਤਰ ਵਿਧਾਇਕ ਰਿਹਾ ਹੈ ਅਤੇ ਨੂੰਹ ਵੀ । ਬੀਬੀ ਰਜਿੰਦਰ ਕੌਰ ਭੱਠਲ ਵੀ ਸ਼ਕਤੀਸ਼ਾਲੀ ਮੁੱਖ ਮੰਤਰੀ ਰਹੀ । ਉਸ ਦਾ ਜਵਾਈ ਅਤੇ ਪੁੱਤਰ ਵੀ ਰਾਜਨੀਤੀ ਵਿੱਚ ਸਰਗਰਮ ਹਨ । ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ, ਜੋ ਦੂਜੀ ਵਾਰ ਇਸ ਅਹੁਦੇ 'ਤੇ ਬਿਰਾਜਮਾਨ ਹੋਏ ਹਨ । ਉਨ੍ਹਾਂ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਤਾਂ ਸਰਗਰਮ ਸਿਆਸਤ ਵਿੱਚ ਹੈ ਈ, ਉਨ੍ਹਾਂ ਨੇ ਪੁੱਤਰ ਨੂੰ ਵੀ ਇਧਰ ਤੋਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਗੱਲ ਬਹੁਤੀ ਬਣੀ ਨਹੀਂ ।
ਤਾਂ ਵੀ ਪੰਜਾਬ ਦੀ ਸਿਆਸਤ ਦਾ ਇਸ ਵੇਲੇ ਬੜਾ ਦਿਲਚਸਪ ਪਹਿਲੂ ਇਹ ਹੈ ਕਿ ਇਸ ਵੇਲੇ ਜਿੰਨੇ ਵੀ ਮੰਤਰੀ ਹਨ, ਵਿਧਾਇਕ ਅਤੇ ਐੱਮ।ਪੀ।, ਉਹ ਆਪ ਤਾਂ ਸਿਆਸਤ ਵਿੱਚ ਵਿਚਰ ਹੀ ਰਹੇ ਹਨ, ਸਗੋਂ ਹੁਣ ਉਨ੍ਹਾਂ ਦੇ ਧੀ ਪੁੱਤ ਵੀ ਗਾਹੇ ਬਗਾਹੇ ਹਾਜ਼ਰੀ ਲਾਉਣ ਲੱਗੇ ਹਨ । ਵਜ਼ੀਰਾਂ ਦੇ ਧੀਆਂ ਪੁੱਤਾਂ ਦਾ ਤਾਂ ਚਲੋ ਵੱਖ ਵੱਖ ਸਮਾਗਮਾਂ ਵਿੱਚ ਹਾਜ਼ਰੀ ਭਰਨਾ ਕਾਫੀ ਵਾਜਬ ਮੰਨਿਆ ਜਾ ਸਕਦਾ ਹੈ, ਪਰ ਜਦੋਂ ਸਾਧਾਰਨ ਤੋਂ ਸਾਧਾਰਨ ਆਗੂਆਂ ਦੇ ਧੀ ਪੁੱਤਰ ਵੀ ਹਾਜ਼ਰੀ ਲੁਆਉਣ ਲੱਗਦੇ ਹਨ ਤਾਂ ਕਈ ਵਾਰੀ ਹਾਸੇ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ । ਉਂਝ ਵੰਸ਼ਵਾਦ ਇਸ ਤਰ੍ਹਾਂ ਹੀ ਚੱਲਦਾ ਹੈ । ਇਹ ਵੀ ਮੰਨਿਆ ਜਾ ਸਕਦਾ ਹੈ ਕਿ ਸਿਆਸਤਦਾਨਾਂ ਦੇ ਧੀਆਂ ਪੁੱਤਰਾਂ ਨੂੰ ਕਾਫੀ ਲੋਕ ਸਵੀਕਾਰ ਵੀ ਕਰ ਲੈਂਦੇ ਹਨ । ਪਰ ਸਵਾਲ ਤਾਂ ਇਹ ਹੈ ਕਿ ਇਹੀਓ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਮੰਤਰੀ ਨੌਜਵਾਨ ਪੀੜੀ ਨੂੰ ਸਿਆਸਤ ਵੱਲ ਆਉਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਦੀ ਵਾਰੀ ਕਿਵੇਂ ਆਏ   ਇਸ ਦੇਸ਼ ਵਿੱਚ ਇਸ ਵੇਲੇ ਬਹੁਤ ਸਾਰੇ ਐਸੇ ਪ੍ਰਤਿਭਾਸ਼ੀਲ ਯੁਵਕ ਹਨ, ਜਿਹੜੇ ਸਿਆਸਤ ਵਿੱਚ ਚੰਗੀ ਭੂਮਿਕਾ ਨਿਭਾ ਸਕਦੇ ਹਨ । ਇਹੋ ਜਿਹੇ ਯੁਵਕਾਂ ਨੂੰ ਅੱਜ ਤੁਰੰਤ ਅੱਗੇ ਲਿਆਉਣ ਦੀ ਜ਼ਰੂਰਤ ਹੈ । ਉਹ ਇਸ ਲਈ ਕਿ ਦੇਸ਼ ਦੀ ਸੱਤਰਾਂ ਸਾਲਾਂ ਦੀ ਸਿਆਸਤ ਨੇ ਸਾਨੂੰ ਹੁਣ ਤੱਕ ਦੱਸ ਦਿੱਤਾ ਹੈ ਕਿ ਇਸ ਵਿੱਚ ਜਨਤਕ ਹੋ ਚੁੱਕੀਆਂ ਪੁਰਾਣੀਆਂ ਨੀਤੀਆਂ ਨੂੰ ਬਦਲ ਕੇ ਠੋਸ ਅਤੇ ਨਵੀਆਂ ਨੀਤੀਆਂ ਦੀ ਲੋੜ ਹੈ । ਵੈਸੇ ਵੀ ਤਬਦੀਲੀ ਕੁਦਰਤ ਦਾ ਸਭ ਤੋਂ ਬੜਾ ਵੱਡਾ ਨਿਯਮ ਹੈ ।

--