image caption:

ਰੋਜਰ ਫੈਡਰਰ 16ਵੀਂ ਵਾਰ ਕੁਆਰਟਰ ਫਾਈਨਲ ਵਿੱਚ

ਲੰਡਨ  : ਮੌਜੂਦਾ ਚੈਂਪੀਅਨ ਰੋਜਰ ਫੈਡਰਰ ਨੇ ਅੱਜ ਇੱਥੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ 16ਵੀਂ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਦੂਜੇ ਪਾਸੇ, ਮਹਿਲਾ ਵਰਗ ਵਿੱਚ ਉਲਟਫੇਰ ਦਾ ਦੌਰ ਜਾਰੀ ਰਿਹਾ। ਕੈਰੋਲਿਨਾ ਪਲਿਸਕੋਵਾ ਦੀ ਹਾਰ ਨਾਲ ਸਾਰੀਆਂ ਚੋਟੀ ਦੀਆਂ ਦਸ ਸੀਨੀਅਰ ਦਰਜਾ ਪ੍ਰਾਪਤ ਖਿਡਾਰਨਾਂ ਬਾਹਰ ਹੋ ਗਈਆਂ ਹਨ। ਅੱਠ ਵਾਰ ਦੇ ਚੈਂਪੀਅਨ ਫੈਡਰਰ ਨੇ ਪਹਿਲਾ ਸੈੱਟ ਸਿਰਫ਼ 16 ਮਿੰਟ ਵਿੱਚ ਜਿੱਤਿਆ। ਉਸ ਨੇ ਅਖ਼ੀਰ ਵਿੱਚ ਫਰਾਂਸ ਦੇ ਗ਼ੈਰ-ਦਰਜਾ ਪ੍ਰਾਪਤ ਐਡਰੀਅਨ ਮੰਨਾਰਿਨੇ ਨੂੰ ਇੱਕ ਘੰਟੇ 45 ਮਿੰਟ ਤੱਕ ਚੱਲੇ ਮੈਚ ਦੌਰਾਨ 6-0, 7-5, 6-4 ਨਾਲ ਹਰਾਇਆ।
 
ਇਸ ਸਵਿੱਸ ਖਿਡਾਰੀ ਨੇ ਹੁਣ ਤੱਕ ਇੱਕ ਵੀ ਸੈੱਟ ਨਹੀਂ ਗੁਆਇਆ। ਉਹ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ 53ਵੀਂ ਵਾਰ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ, ਜਿੱਥੇ ਉਸ ਦਾ ਮੁਕਾਬਲਾ ਫਰਾਂਸ ਦੇ ਗੇਲ ਮੋਨਫਿਲਜ਼ ਜਾਂ ਦੱਖਣੀ ਅਫਰੀਕਾ ਦੇ ਅੱਠਵਾਂ ਦਰਜਾ ਪ੍ਰਾਪਤ ਕੇਵਿਨ ਐਂਡਰਸਨ ਨਾਲ ਹੋਵੇਗਾ। ਸੀਨੀਅਰ ਦਰਜਾ ਪ੍ਰਾਪਤ ਫੈਡਰਰ ਨੇ ਐਂਡਰਸਨ ਖ਼ਿਲਾਫ਼ ਸਾਰੇ ਚਾਰ ਮੈਚ ਜਿੱਤੇ ਹਨ, ਜਦਕਿ ਮੋਨਫਿਲਜ਼ ਖ਼ਿਲਾਫ਼ ਉਸ ਦਾ ਰਿਕਾਰਡ 9-4 ਜਿੱਤਾਂ ਦਾ ਹੈ। ਫੈਡਰਰ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ ਸਿਰਫ਼ 16 ਮਿੰਟ ਵਿੱਚ ਆਪਣੇ ਨਾਮ ਕੀਤਾ। ਫੈਡਰਰ ਵਿੰਬਲਡਨ ਵਿੱਚ ਲਗਾਤਾਰ 32 ਸੈੱਟ ਜਿੱਤ ਚੁੱਕਿਆ ਹੈ।
 
ਇਸ ਤਰ੍ਹਾਂ ਉਹ 2005 ਅਤੇ 2006 ਦੌਰਾਨ ਲਗਾਤਾਰ 34 ਸੈੱਟ ਜਿੱਤਣ ਦੇ ਆਪਣੇ ਰਿਕਾਰਡ ਨੂੰ ਤੋੜਨ ਦੇ ਨੇੜੇ ਪਹੁੰਚ ਗਿਆ ਹੈ। ਦੂਜੇ ਪਾਸੇ, ਮਹਿਲਾ ਵਰਗ ਵਿੱਚ ਉਲਟਫੇਰ ਦਾ ਦੌਰ ਜਾਰੀ ਰਿਹਾ। ਪਲਿਸਕੋਵਾ ਦੇ ਅੱਜ ਇੱਥੇ ਕਿਰਕੀ ਬਰਟੈਨਜ਼ ਹੱਥੋਂ ਹਾਰਨ ਨਾਲ ਹੀ ਮਹਿਲਾ ਸਿੰਗਲਜ਼ ਵਿੱਚ ਦਸ ਸੀਨੀਅਰ ਦਰਜਾ ਪ੍ਰਾਪਤ ਖਿਡਾਰਨਾਂ ਕੁਆਰਟਰ ਫਾਈਨਲ ਤੋਂ ਪਹਿਲਾਂ ਹੀ ਬਾਹਰ ਹੋ ਗਈਆਂ। ਵੀਨਸ ਵਿਲੀਅਮਜ਼ ਨੂੰ ਹਰਾਉਣ ਵਾਲੀ ਬਰਟਨਜ਼ ਨੇ ਸਤਵਾਂ ਦਰਜਾ ਪ੍ਰਾਪਤ ਪਲਿਸਕੋਵਾ ਖ਼ਿਲਾਫ਼ ਸੱਤ ਐਸ ਮਾਰੇ ਅਤੇ ਦਸ ਵਿੱਚੋਂ ਅੱਠ ਬ੍ਰੇਕ ਪੁਆਇੰਟ ਬਚਾ ਕੇ 6-3, 7-6 (2) ਨਾਲ ਜਿੱਤ ਦਰਜ ਕੀਤੀ।