image caption:

ਏਸ਼ਿਆਈ ਖੇਡਾਂ: ਹਾਕੀ ਟੀਮ ਦੀ ਕਮਾਨ ਗੋਲਕੀਪਰ ਪੀ ਆਰ ਸ੍ਰੀਜੇਸ਼ ਹੱਥ

ਨਵੀਂ ਦਿੱਲੀ :  ਅਨੁਭਵੀ ਡਰੈਗਫਿਲਕਰ ਰੁਪਿੰਦਰਪਾਲ ਸਿੰਘ ਅਤੇ ਸਟਰਾਈਕਰ ਆਕਾਸ਼ਦੀਪ ਸਿੰਘ ਨੇ ਅਗਲੇ ਮਹੀਨੇ ਇੰਡੋਨੇਸ਼ੀਆ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ ਵਿੱਚ ਵਾਪਸੀ ਕੀਤੀ ਹੈ। ਹਾਕੀ ਇੰਡੀਆ ਨੇ ਅੱਜ ਭਾਰਤੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਚੈਂਪੀਅਨ ਟਰਾਫੀ ਦੀ ਉਪ ਜੇਤੂ ਟੀਮ &rsquoਚ ਸਿਰਫ਼ ਦੋ ਬਦਲਾਅ ਕੀਤੇ ਹਨ। ਭਾਰਤ ਨੇ ਬੀਤੇ ਦਿਨੀਂ ਨੈਦਰਲੈਂਡ ਵਿੱਚ ਚੈਂਪੀਅਨਜ਼ ਟਰਾਫ਼ੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਚੈਂਪੀਅਨਜ਼ ਟਰਾਫੀ ਦੌਰਾਨ ਰੁਪਿੰਦਰ ਨੂੰ ਟੀਮ ਤੋਂ ਆਰਾਮ ਦਿੱਤਾ ਗਿਆ ਸੀ। ਉਹ ਜਰਮਨਪ੍ਰੀਤ ਸਿੰਘ ਦੀ ਥਾਂ ਟੀਮ ਵਿੱਚ ਪਰਤਿਆ ਹੈ। ਆਕਾਸ਼ਦੀਪ ਨੇ ਜ਼ਖ਼ਮੀ ਹੋਏ ਰਮਨਦੀਪ ਸਿੰਘ ਦੀ ਥਾਂ ਲਈ ਹੈ। ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦੋਂਕਿ ਚਿੰਗਲੇਨਸਾਨਾ ਸਿੰਘ ਨੂੰ ਉਪ ਕਪਤਾਨ ਵਜੋਂ ਕਾਇਮ ਰੱਖਿਆ ਹੈ। ਉਹ ਮਿਡਫੀਲਡ ਵਿੱਚ ਅਨੁਭਵੀ ਸਰਦਾਰ ਸਿੰਘ ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਨਾਲ ਸ਼ਾਮਲ ਹੋਵੇਗਾ। ਆਕਾਸ਼ਦਪ ਤੋਂ ਇਲਾਵਾ ਏਸ਼ਿਆਈ ਖੇਡਾਂ ਦੀ ਹਾਕੀ ਟੀਮ ਵਿੱਚ ਐਸ ਵੀ ਸੁਨੀਲ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਇ ਅਤੇ ਦਿਲਪ੍ਰੀਤ ਸਿੰਘ ਹੋਰ ਸਟਰਾਈਕਰ ਹੋਣਗੇ। ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹਿਦਾਸ, ਸੁਰਿੰਦਰ ਕੁਮਾਰ ਅਤੇ ਬਰਿੰਦਰ ਲਾਕੜਾ ਤੋਂ ਇਲਾਵਾ ਅਨੁਭਵੀ ਡਰੈਗਫਿਲਕਰ ਰੁਪਿੰਦਰ ਦੀ ਵਾਪਸੀ ਨਾਲ ਟੀਮ ਦਾ ਡਿਫੈਂਸ ਮਜ਼ਬੂਤ ਹੋਇਆ ਹੈ।