image caption:

ਡਰਬੀ ਸਪੋਰਟਸ ਕਮੇਟੀ ਵੱਲੋਂ ਕਰਵਾਏ ਬੱਚਿਆਂ ਦੇ ਫੁੱਟਬਾਲ ਟੂਰਨਾਮੈਂਟ ਦੌਰਾਨ ਮਿਡਲੈਂਡ ਦੀਆਂ ਅਨੇਕਾਂ ਟੀਮਾਂ ਨੇ ਭਾਗ ਲਿਆ

ਡਰਬੀ (ਪੰਜਾਬ ਟਾਈਮ) - ਬੀਤੇ ਐਤਵਾਰ ਨੂੰ ਡਰਬੀ ਸਪੋਰਟਸ ਕਮੇਟੀ ਵੱਲੋਂ ਇਥੇ ਸਿਨਫਿਨ ਮੂਰ ਦੀਆਂ ਗਰਾਊਂਡਾਂ ਵਿੱਚ ਬੱਚਿਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ । ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ 8 ਸਾਲ ਤੋਂ 15 ਸਾਲ ਦੇ ਬੱਚਿਆਂ ਦੀਆਂ ਟੀਮਾਂ ਨੇ ਭਾਗ ਲਿਆ ।
  ਕੌਂਸਲਰ ਬਲਬੀਰ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੁੱਟਬਾਲ ਟੂਰਨਾਮੈਂਟ ਨੂੰ ਡਰਬੀ ਦੇ ਦੋਵੇਂ ਗੁਰੂ ਘਰਾਂ, ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਡੀਅਨ ਕਮਿਊਨਿਟੀ ਸੈਂਟਰ, ਹਿੰਦੂ ਮੰਦਰ ਅਤੇ ਡਰਬੀ ਦੇ ਬਹੁਤ ਸਾਰੇ ਬਿਜਨੈਸਮੈਨਾਂ ਵੱਲੋਂ ਸਹਿਯੋਗ ਦਿੱਤਾ ਗਿਆ, ਅਸੀਂ ਉਹਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ । ਉਹਨਾਂ ਕਿਹਾ,    ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਉਹਨਾਂ ਨੂੰ ਚੰਗੇ ਸਪੋਰਟਸਮੈਨ ਅਤੇ ਵਧੀਆ ਇਨਸਾਨ ਬਣਾਇਆ ਜਾ ਸਕਦਾ ਹੈ, ਖੇਡਾਂ ਵਿੱਚ ਭਾਗ ਲੈਣ ਨਾਲ ਸਰੀਰ ਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ ।
  8 ਸਾਲ ਗਰੁੱਪ ਵਿੱਚੋਂ ਗੁਰੂ ਨਾਨਕ ਗੁਰਦੁਆਰਾ ਲੈਸਟਰ ਦੀ ਟੀਮ ਜੇਤੂ ਰਹੀ । 9 ਸਾਲ ਗਰੁੱਪ ਦੀਆਂ ਟੀਮਾਂ ਵਿੱਚੋਂ ਪੰਜਾਬ ਯੂਨਾਈਟਿਡ ਡਰਬੀ ਦੀ ਟੀਮ ਜੇਤੂ, 11 ਸਾਲ ਗਰੁੱਪ 'ਚ ਗੁਰੂ ਨਾਨਕ ਗੁਰਦੁਆਰਾ ਲੈਸਟਰ, 13 ਸਾਲ ਗਰੁੱਪ ਵਿੱਚ ਪੰਜਾਬ ਯੂਨਾਈਟਿਡ ਡਰਬੀ ਅਤੇ 15 ਸਾਲ ਤੱਕ ਦੀਆਂ ਟੀਮਾਂ ਵਿੱਚੋਂ ਵੁਲਵਰਹੈਂਪਟਨ ਟੀਮ ਜੇਤੂ ਰਹੀ ।
   ਟੂਰਨਾਮੈਂਟ ਵਿੱਚ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਦੇਣ ਵਾਲਿਆਂ ਵਿੱਚ ਸਰਬ ਸਰਦਾਰਾਨ ਸਰਵਣ ਸਿੰਘ ਬੈਂਸ, ਗਿਆਨ ਸਿੰਘ ਨਾਗਰਾ, ਸ਼ਵਿੰਦਰ ਸਿੰਘ, ਮੇਜਰ ਸਿੰਘ ਖੱਖ ਪ੍ਰਧਾਨ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ, ਕੌਂਸਲਰ ਬਲਬੀਰ ਸਿੰਘ ਸੰਧੂ ਚੇਅਰਮੈਨ ਇੰਡੀਅਨ ਕਮਿਊਨਿਟੀ ਸੈਂਟਰ ਡਰਬੀ, ਨਛੱਤਰ ਸਿੰਘ ਛੋਕਰ, ਜਗਤਾਰ ਸਿੰਘ, ਪ੍ਰਮਜੀਤ ਸਿੰਘ ਚੀਮਾ, ਬਿੱਕਰ ਸਿੰਘ ਚਾਹਲ, ਤਰਸੇਮ ਸਿੰਘ ਚੀਮਾ, ਮਲਕੀਤ ਸਿੰਘ ਬੋਲਾ, ਜੋਗਾ ਸਿੰਘ ਨਾਗਰਾ, ਸਰਜੀਤ ਸਿੰਘ ਤੰਬੜ ਉਰਫ਼ ਜੌਹਨੀ, ਬਲਵੀਰ ਸਿੰਘ ਸੰਧੂ, ਪੌਲੀ ਟੈਂਕ ਮੈਨੇਜਰ ਪੰਜਾਬ ਯੂਨਾਈਟਿਡ, ਕੁਲਵੰਤ ਸਿੰਘ ਕੂਨਰ, ਜਸਵੰਤ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ ।
  ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਇਕ ਵਿਆਹ ਵਿੱਚ ਸ਼ਾਮਿਲ ਹੋਣ ਕਾਰਨ ਟੂਰਨਾਮੈਂਟ ਵਿੱਚ ਨਾ ਪਹੁੰਚ ਸਕੇ । ਉਹਨਾਂ ਟੂਰਨਾਮੈਂਟ ਦੇ ਪ੍ਰਬੰਧਕਾਂ ਤੇ ਸਹਿਯੋਗੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਦੀ ਬੇਹਤਰੀ ਲਈ ਖੇਡ ਟੂਰਨਾਮੈਂਟ ਕਰਵਾਉਣੇ ਬਹੁਤ ਜ਼ਰੂਰੀ ਹਨ, ਉਹ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ।