image caption: ਲੇਖਕ - ਨਿਰਮਲ ਸਿੰਘ ਕੰਧਾਲਵੀ

ਚੁੰਝਾਂ ਪੌਂਹਚੇ – ਲੇਖਕ ਨਿਰਮਲ ਸਿੰਘ ਕੰਧਾਲਵੀ

ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਮੁੱਖ ਮੰਤਰੀ ਦੇ ਤੌਰ 'ਤੇ ਹੀ ਵਿਚਰਦੇ ਹਨ- ਇਕ ਖ਼ਬਰ
ਛੂਟਤੀ ਨਹੀਂ ਹੈ ਕਾਫ਼ਰ ਮੂੰਹ ਕੋ ਲਗੀ ਹੂਈ।

ਕੀ ਸਵਿਸ ਬੈਂਕਾਂ 'ਚ ਭਾਰਤੀ ਪੂੰਜੀ ਦੇ ਵਾਧੇ ਦਾ ਸਿਹਰਾ ਲੈਣਗੇ ਮੋਦੀ?- ਮਾਇਆਵਤੀ
ਨਾ ਨਾ ਬੀਬੀ! ਮੋਦੀ ਸਾਬ੍ਹ ਸਿਹਰਿਆਂ ਵਾਲ਼ੇ ਪੰਗੇ 'ਚ ਨਹੀਂ ਪੈਂਦੇ।

ਜੇਲ੍ਹ ਸੁਪਰਡੈਂਟ ਲੱਗਣ ਤੋਂ ਪੰਜਾਬ ਦੇ ਪੁਲਸ ਅਫ਼ਸਰਾਂ ਨੇ ਮੂੰਹ ਮੋੜਿਆ- ਇਕ ਖ਼ਬਰ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।

ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਵਾਅਦਾ ਨਿਭਾਉਣ ਮੋਦੀ- ਕੇਜਰੀਵਾਲ
ਕੇਜਰੀਵਾਲਾ ਨਾ ਪੁੱਠੀਆਂ ਦੇ ਮੱਤਾਂ, ਅੱਖੀਂ ਦੇਖ ਮੱਖੀ ਕੌਣ ਨਿਗਲ਼ਦਾ ਏ।

ਪੰਜਾਬ 'ਚ ਨਸ਼ਿਆਂ ਦੇ ਕਹਿਰ ਬਾਰੇ ਸ਼੍ਰੋਮਣੀ ਕਮੇਟੀ ਚੁੱਪ-ਇਕ ਖ਼ਬਰ
ਬਈ ਉਹ ਬੋਲਣ ਲਈ 'ਮਾਲਕਾਂ' ਦਾ ਹੁਕਮ ਉਡੀਕ ਰਹੇ ਐ।

ਸਿੱਧੂ ਨੇ ਆਪਣੇ ਦੋਵਾਂ ਵਿਭਾਗਾਂ ਦਾ ਦਫ਼ਤਰੀ ਕੰਮ-ਕਾਜ ਪੰਜਾਬੀ ਭਾਸ਼ਾ 'ਚ ਕੀਤਾ ਲਾਜ਼ਮੀ - ਇਕ ਖ਼ਬਰ
ਬਾਜ਼ੀ ਮਾਰ ਗਿਆ 'ਠੁੱਲੂ' ਵਾਲ਼ਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।

ਮੇਰੇ ਖ਼ਿਲਾਫ਼ ਗੱਠਜੋੜ ਬਣਾ ਰਹੀਆ ਹਨ ਵਿਰੋਧੀ ਧਿਰਾਂ- ਮੋਦੀ
ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।

ਪੰਜਾਬ ਇਕ ਨੰਬਰ ਤੋਂ ਖਿਸਕ ਕੇ ਫਾਡੀ ਕਿਉਂ ਬਣ ਗਿਆ?-ਇਕ ਸਵਾਲ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

ਪਾਣੀ ਵਾਲ਼ੀ ਬੱਸ 'ਤੇ ਸੁਖਬੀਰ ਬਾਦਲ ਨੇ ੮.੬੨ ਕਰੋੜ ਰੋੜ੍ਹਿਆ- ਸਿੱਧੂ
ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼।

ਦਿੱਲੀ ਦਾ ਰੇੜਕਾ: ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਵੀ ਟਕਰਾਅ ਬਰਕਰਾਰ- ਇਕ ਖ਼ਬਰ
ਊਂ ਤਾਂ ਭਾਈਆ ਝੰਡਾ ਸਿਉਂ ਠੀਕ ਆ ਪਰ ਮਾਈ ਧਨ ਕੌਰ ਵੀ ਗ਼ਲਤ ਨਹੀਂ।

ਬਾਦਲ ਨੇ ਕੈਪਟਨ ਪ੍ਰਤੀ ਆਪਣੀ ਸੁਰ ਰੱਖੀ ਨਰਮ-ਇਕ ਖ਼ਬਰ
ਨੀਂ ਮੈਂ ਯਾਰ ਨੂੰ ਮੰਦਾ ਨਾ ਬੋਲਾਂ, ਪੁੱਤ ਵਾਲ਼ਾ ਨੇਮ ਚੁੱਕ ਲਾਂ।

ਸਰਕਾਰੀ ਦਫ਼ਤਰਾਂ 'ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿੱਤ ਕਰਨ ਲਈ ਭਾਸ਼ਾ ਵਿਭਾਗ ਸੁਸਤ-ਇਕ ਖ਼ਬਰ
ਲੰਗੜਾ ਬੰਦਾ ਕਿਤਨੀ ਕੁ ਦੂਰ ਤਾਈਂ ਦੌੜ ਸਕਦਾ ਹੈ।

ਗ੍ਰਹਿ ਵਿਭਾਗ ਹਰਿਆਣਾ ਵਲੋਂ ਮੰਨਜ਼ੂਰੀ ਨਾ ਮਿਲਣ 'ਤੇ ਕੋਰਟ ਨੇ ਪ੍ਰੇਮੀਆਂ ਤੋਂਂ ਦੇਸ਼ &ndashਧਰੋਹ ਦੀ ਧਾਰਾ ਹਟਾਈ-ਇਕ ਖ਼ਬਰ
ਬਈ ਲਗਦੈ ਜਲਦੀ ਚੋਣਾਂ ਆਉਣ ਵਾਲ਼ੀਆਂ।

ਸੈਰ-ਸਪਾਟੇ ਦੇ ਵਿਕਾਸ ਲਈ ਸਿੱਧੂ ਹਾਂ-ਪੱਖੀ ਏਜੰਡਾ ਅਪਨਾਉਣ-ਸੁਖਬੀਰ ਬਾਦਲ
ਮੇਰੀ 'ਜਲ-ਬਸ' ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।

ਆਰ.ਐੱਸ.ਐੱਸ. ਵਾਲੇ ਗੱਲ ਗਾਂਧੀ ਦੀ ਕਰਦੇ ਹਨ ਪਰ ਆਦਰਸ਼ ਗੌਡਸੇ ਨੂੰ ਮੰਨਦੇ ਹਨ- ਰਾਹੁਲ
ਹੋਕਾ ਵੰਙਾਂ ਦਾ, ਕੱਢ ਦਿਖਾਉਂਦੇ ਚੱਕੀਰਾਹੇ।

ਲੋਕ ਭਲਾਈ ਪਾਰਟੀ ਨੂੰ ਮੁੜ ਤੋਂ ਸਰਗਰਮ ਕਰਨਗੇ ਰਾਮੂਵਾਲੀਆ-ਇਕ ਖ਼ਬਰ
ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ, ਹਮ ਸਿੰਘ ਸੇ ਜਾਇਕੇ ਲੜੇਗਾ ਜੀ।

ਲੇਖਕ - ਨਿਰਮਲ ਸਿੰਘ ਕੰਧਾਲਵੀ