image caption:

ਅਮਰੀਕਾ ਨੂੰ ਬਰਾਬਰੀ 'ਤੇ ਰੋਕ ਪਲੇਅ ਆਫ 'ਚ ਖੇਡਣਗੀਆਂ ਭਾਰਤੀ ਮੁਟਿਆਰਾਂ

ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਦੀ ਕਪਤਾਨ ਰਾਣੀ ਰਾਮਪਾਲ ਜ਼ਰੀਏ ਕੀਤੇ ਗੋਲ ਦੀ ਬਦੌਲਤ ਭਾਰਤੀ ਹਾਕੀ ਟੀਮ ਨੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਅਮਰੀਕਾ ਨੂੰ 1-1 ਨਾਲ ਡਰਾਅ 'ਤੇ ਰੋਕ ਕੇ ਵਿਸ਼ਵ ਕੱਪ ਦੇ ਪਲੇਅ ਆਫ 'ਚ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ ਦੇ ਤਿੰਨ ਮੈਚਾ 'ਚ ਦੋ ਅੰਕ ਰਹੇ ਤੇ ਉਹ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚੋਂ ਬਾਹਰ ਹੋ ਗਈ ਪਰ ਅਮਰੀਕਾ ਨਾਲ ਡਰਾਅ ਖੇਡ ਕੇ ਹੁਣ ਭਾਰਤੀ ਮਹਿਲਾ ਟੀਮ ਪਲੇਅ ਆਫ ਲਈ ਖੇਡੇਗੀ।

ਇਸ ਮੈਚ ਵਿਚ ਅਮਰੀਕਾ ਲਈ ਪਾਓਲਿਨੋ ਮਾਗਵਾਕਸ ਨੇ 11ਵੇਂ ਤੇ ਭਾਰਤ ਲਈ ਕਪਤਾਨ ਰਾਣੀ ਰਾਮਪਾਲ ਨੇ 31ਵੇਂ ਮਿੰਟ 'ਚ ਗੋਲ ਕੀਤਾ। ਇਸ ਮੈਚ ਦੌਰਾਨ ਭਾਰਤ ਨੂੰ 14ਵੇਂ, 15ਵੇਂ ਮਿੰਟ 'ਚ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਸ ਦਾ ਲਾਹਾ ਨਹੀਂ ਲੈ ਸਕੀ ਜਦਕਿ ਅਮਰੀਕਾ ਨੇ 11ਵੇਂ ਮਿੰਟ 'ਚ ਮੈਦਾਨੀ ਗੋਲ ਕਰਕੇ 1-0 ਦੀ ਬੜਤ ਹਾਸਲ ਕੀਤੀ।

ਦੂਜੇ ਕੁਆਰਟਰ 'ਚ ਅਮਰੀਕਾ ਨੂੰ 18ਵੇਂ, 28ਵੇਂ ਤੇ 30ਵੇਂ ਮਿੰਟ 'ਚ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਅਮਰੀਕੀ ਟੀਮ ਗੋਲ ਲੈਣ 'ਚ ਨਾਕਾਮ ਰਹੀ। ਦੂਜੇ ਹਾਫ 'ਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਤੇ 31ਵੇਂ ਮਿੰਟ 'ਚ ਮਿਲੇ 5ਵੇਂ ਪੈਨਲਟੀ ਕਾਰਨਰ ਦਾ ਫਾਇਦਾ ਲੈਂਦਿਆਂ ਕਪਤਾਨ ਰਾਣੀ ਰਾਮਪਾਲ ਨੇ ਗੋਲ ਕਰਕੇ ਮੈਚ 1-1 ਦੀ ਬਰਾਬਰੀ 'ਤੇ ਲੈ ਆਂਦਾ।

47ਵੇਂ ਮਿੰਟ 'ਚ ਭਾਰਤ ਨੂੰ ਛੇਵਾਂ ਪੈਨਲਟੀ ਕਾਰਨਰ ਮਿਲਿਆ ਜੋ ਬੇਕਾਰ ਚਲਾ ਗਿਆ ਪਰ ਭਾਰਤੀ ਖਿਡਾਰਨਾ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਇਸ ਤੋਂ ਬਾਅਦ ਇਸ ਫਸਵੇਂ ਮੁਕਾਬਲੇ 'ਚ ਕੋਈ ਗੋਲ ਨਾ ਹੋ ਸਕਿਆ ਤੇ ਮੈਚ 1-1 ਦੀ ਬਾਰਬਰੀ 'ਤੇ ਡਰਾਅ ਹੋ ਗਿਆ।

ਪੂਲ ਬੀ 'ਚ ਆਇਰਲੈਂਡ ਛੇ ਅੰਕਾਂ ਨਾਲ ਕੁਆਟਰ ਫਾਈਨਲ 'ਚ ਪਹੁੰਚੀ ਜਦਕਿ ਇਂਗਲੈਂਡ ਦੇ ਦੋ ਮੈਚਾਂ 'ਚ ਦੋ ਅੰਕ ਰਹਿਣ ਕਾਰਨ ਉਹ ਵੀ ਪਲੇਅ ਆਫ ਲਈ ਖੇਡੇਗੀ।