image caption: ਲੇਖਕ - ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪੌਂਹਚੇ - ਲੇਖਕ - ਨਿਰਮਲ ਸਿੰਘ ਕੰਧਾਲਵੀ

- ਸਿੱਧੂ ਨੇ ਅਕਾਲੀ- ਭਾਜਪਾ ਸਰਕਾਰ ਦੌਰਾਨ ਪੂੰਜੀ ਨਿਵੇਸ਼ ਦੇ ਦਾਅਵੇ ਝੁਠਲਾਏ- ਇਕ ਖ਼ਬਰ
* ਸਿੱਧੂ ਸਾਬ ਗਲਤ ਜੇਬਾਂ ਹੀ ਫੋਲੀ ਜਾਨੈ, ਅਸਲੀ ਜੇਬ ਨੂੰ ਹੱਥ ਮਾਰ।

-2019 ਦੀਆਂ ਚੋਣਾਂ 'ਚ ਰਾਹੁਲ ਗਾਂਧੀ ਹੀ ਹੋਣਗੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਚਿਹਰਾ- ਇਕ ਖ਼ਬਰ
* ਮੈਂ ਮਾਝੇ ਦੀ ਜੱਟੀ, ਗੁਲਾਬੂ ਨਿੱਕਾ ਜਿਹਾ।

- ਇਸ ਦੇਸ਼ ਵਿਚ ਗਊਆਂ ਸੁਰੱਖਿਅਤ ਹਨ, ਔਰਤਾਂ ਨਹੀਂ- ਊਧਵ ਠਾਕਰੇ
* ਭੰਡੀ ਪੈ ਗਈ ਜਹਾਨ ਵਿਚ ਸਾਰੇ, ਫੋਕੇ ਨਾਅਰੇ ਕਿਸ ਕੰਮ ਦੇ।

# ਜਗਮੀਤ ਬਰਾੜ ਪਹਿਲਾਂ ਮੁਆਫੀ ਮੰਗੇ ਫੇਰ ਪਾਰਟੀ 'ਚ ਲੈਣ ਬਾਰੇ ਸੋਚਾਂਗੇ- ਜਾਖੜ
* ਕੰਨ ਫੜ ਕੇ ਜੇ ਮੰਗ ਲਏਂ ਮਾਫੀ, ਦਰ ਤੈਨੂੰ ਫੇਰ ਖੋਹਲਾਂਗੇ।

# ਮੋਦੀ ਦੇ ਚੀਨ ਪ੍ਰਤੀ ਨਰਮ ਰੁਖ਼ ਕਰ ਕੇ ਭਾਰਤ ਦੀ ਸਨਅਤ ਡੁੱਬ ਰਹੀ ਹੈ- ਇਕ ਖ਼ਬਰ
* ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

# ਟਰੰਪ ਵੱਲੋਂ ਈਰਾਨ ਨੂੰ ਗੰਭੀਰ ਸਿੱਟੇ ਭੁਗਤਣ ਦੀ ਚਿਤਾਵਨੀ- ਇਕ ਖ਼ਬਰ
* ਬੰਤੋ ਨਾਰ ਬਦਲੇ, ਜੱਗੇ ਜੱਟ ਦੀ ਗੰਡਾਸੀ ਖੜਕੇ।

# ਸੀ.ਬੀ.ਆਈ. ਨੇ ਐਂਟੀਗੁਆ ਸਰਕਾਰ ਤੋਂ ਚੌਕਸੀ ਬਾਰੇ ਜਾਣਕਾਰੀ ਮੰਗੀ- ਇਕ ਖ਼ਬਰ
* ਕਬਰਾਂ ਨਾ ਪੁੱਟ ਵੇ, ਨਹੀਂ ਲੱਭਣੀ ਪ੍ਰਤਾਪੀ।

# ਸੁਰੱਖਿਆ ਅਤੇ ਸਰਕਾਰੀ ਕਾਰਾਂ ਦਾ ਹੀ ਬਾਦਲ ਪਰਵਾਰ ਦਾ ਸਰਕਾਰੀ ਖ਼ਜ਼ਾਨੇ 'ਤੇ ਦੋ ਕਰੋੜ ਦਾ ਸਾਲਾਨਾ ਬੋਝ-ਇਕ ਖ਼ਬਰ
* ਲੱਡੂਆਂ ਦਾ ਮੀਂਹ ਵਰ੍ਹਦਾ, ਭਰ ਲਉ ਝੋਲੀਆਂ ਮਿੱਤਰੋ।

# ਕਾਂਗਰਸ ਤੋਂ ਸੁਚੇਤ ਰਹਿਣ ਦੀ ਲੋੜ- ਚੰਦੂਮਾਜਰਾ
* ਚੰਦੂਮਾਜਰਾ ਜੀ ਤੁਹਾਥੋਂ ਸੁਚੇਤ ਰਹਿਣ ਲਈ ਲੋਕ ਤੁਹਾਨੂੰ ਪੰਦਰਾਂ ਸੀਟਾਂ 'ਤੇ ਲੈ ਆਏ।

# ਕਾਂਗਰਸੀਆਂ ਵੱਲੋਂ ਮੋਦੀ ਖਿਲਾਫ਼ ਮੁਜ਼ਾਹਰੇ 'ਚ ਬਚਾਅ ਲਈ ਅੱਗੇ ਆਇਆ ਬਾਦਲ ਅਕਾਲੀ ਦਲ- ਇਕ ਖ਼ਬਰ
* ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

# ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਨਹੀਂ- ਸੁਖਬੀਰ ਬਾਦਲ
* ਪੀ.ਐਮ. ਬਣਾਉ ਭਾਪਾ ਮੇਰਾ, ਤੇ ਮੈਨੂੰ ਬਣਾਉ ਸਰਬਾਲਾ, ਵਿਦੇਸ਼ ਮੰਤਰੀ ਬਣੂੰ ਹਰਸਿਮਰਤ, ਖ਼ਜ਼ਾਨਾ ਸਾਂਭੂ ਮੇਰਾ ਸਾਲਾ।

# ਯੋਜਨਾਵਾਂ ਦੇ ਪ੍ਰਚਾਰ 'ਤੇ ਮੋਦੀ ਸਰਕਾਰ ਨੇ ਚਾਰ ਹਜ਼ਾਰ ਕਰੋੜ ਰੁਪਈਆ ਫੂਕਿਆ- ਠਾਕਰੇ
* ਨੰਗੇ ਮੂੰਹ ਦਾ ਮੁੱਲ ਪੁੱਛਦਾ, ਮੁੰਡਾ ਬਟੂਆ ਹੱਥਾਂ ਵਿਚ ਫੜ ਕੇ।

# ਜਾਗੋ! ਸੱਤਾ ਬਦਲ ਚੁੱਕੀ ਹੈ, ਜਾਖੜ ਦਾ ਸਰਕਾਰੀ ਅਫ਼ਸਰਾਂ ਨੂੰ ਹਲੂਣਾ- ਇਕ ਖ਼ਬਰ
# ਆਂਡੇ ਕਿਧਰੇ ਤੇ ਕੁੜ ਕੁੜ ਕਿਧਰੇ, ਇਹ ਗੱਲ ਨਹੀਉਂ ਪੁੱਗਣੀ।

# ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਦੇ ਅਗਲੇ ਸੈਸ਼ਨ 'ਚ ਰੱਖੀ ਜਾਵੇਗੀ- ਇਕ ਖ਼ਬਰ
* ਨੰਗੇ ਹੋਣਗੇ ਕਈਆਂ ਦੇ ਚੇਹਰੇ, ਕਾਲ਼ੀ ਨ੍ਹੇਰੀ ਜਦੋਂ ਵਗਣੀ।

# ਜੇ ਮੈਂ ਚਾਹਾਂ ਤਾਂ ਇਕ ਮਿੰਟ 'ਚ ਮੁੱਖ ਮੰਤਰੀ ਬਣ ਸਕਦੀ ਹਾਂ- ਹੇਮਾ ਮਾਲਿਨੀ
* ਮੇਰੀ ਕੱਤਣੀ ਨਸੀਬਾਂ ਵਾਲੀ, ਭਰੀ ਰਹੇ ਲੱਡੂਆਂ ਦੀ।

ਲੇਖਕ - ਨਿਰਮਲ ਸਿੰਘ ਕੰਧਾਲਵੀ