image caption:

ਦਰਬਾਰ ਸਾਹਿਬ ਦੀਆਂ ਚਾਰੇ ਡਿਓੜੀਆਂ 'ਤੇ ਚੜ੍ਹੇਗਾ 50 ਕਰੋੜ ਦਾ ਸੋਨਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦੀਆਂ ਚਾਰੇ ਡਿਓੜੀਆਂ 'ਤੇ ਸੋਨੇ ਦੀ ਪਰਤ ਚੜ੍ਹਾਉਣ ਦਾ ਫੈਸਲਾ ਲਿਆ ਹੈ। ਇਸ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਹ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸੌ ਸੱਠ ਕਿਲੋ ਸੋਨੇ ਨੂੰ ਇਸ ਕੰਮ ਲਈ ਵਰਤਿਆ ਜਾਵੇਗਾ। ਸੋਨੇ ਦੀਆਂ ਪਰਤਾਂ ਚੜ੍ਹਾਉਣ ਦੀ ਕਾਰ ਸੇਵਾ ਦਾ ਕੰਮ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤਾ ਗਿਆ ਹੈ। ਇਹ ਕੰਮ ਇਸੇ ਵਰ੍ਹੇ ਅਪ੍ਰੈਲ ਮਹੀਨੇ ਸ਼ੁਰੂ ਕਰ ਦਿੱਤਾ ਗਿਆ ਸੀ।

ਸ਼੍ਰੋਮਣੀ ਕਮੇਟੀ ਮੁਤਾਬਕ ਦਰਬਾਰ ਸਾਹਿਬ ਦੇ ਚਾਰੇ ਡਿਉੜੀਆਂ ਦੇ ਗੁੰਬਦਾਂ 'ਤੇ ਸੋਨੇ ਦੀਆਂ ਪਰਤਾਂ ਚੜ੍ਹਾਈਆਂ ਜਾ ਰਹੀਆਂ ਹਨ। ਇਸ ਦੀ ਕਾਰ ਸੇਵਾ ਦਾ ਕੰਮ ਬਕਾਇਦਾ ਸ਼ੁਰੂ ਹੋ ਚੁੱਕਾ ਹੈ। ਹਰੇਕ ਡਿਓੜੀ 'ਤੇ ਚਾਲੀ ਕਿੱਲੋ ਵਜ਼ਨ ਦਾ ਸੋਨਾ ਚੜ੍ਹਾਇਆ ਜਾ ਰਿਹਾ ਹੈ। ਚਾਰਾਂ ਹੀ ਗੇਟਾਂ 'ਤੇ ਚਾਲੀ-ਚਾਲੀ ਕਿੱਲੋ ਸੋਨੇ ਦੇ ਪੱਤਰੇ ਸਜਾਏ ਜਾਣਗੇ। ਇਹ ਚਾਰੇ ਦੁਆਰ ਇਸ ਗੱਲ ਦਾ ਸੰਦੇਸ਼ ਦਿੰਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਸਾਰੇ ਧਰਮਾਂ ਲਈ ਖੁੱਲ੍ਹੇ ਹਨ। ਇਸੇ ਕਰਕੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਸਜਾਉਣ ਦਾ ਫ਼ੈਸਲਾ ਲਿਆ ਹੈ।

ਇਨ੍ਹਾਂ ਗੁੰਬਦਾਂ ਉੱਪਰ ਲੱਗਣ ਵਾਲਾ ਸੋਨਾ ਸਿੱਖ ਸੰਗਤ ਵੱਲੋਂ ਦਾਨ ਕੀਤਾ ਗਿਆ ਹੈ। ਇਸ ਨੂੰ ਬਣਾਉਣ ਦਾ ਕੰਮ ਕਾਰ ਸੇਵਾ ਭੂਰੀ ਵਾਲੇ ਬਾਬਾ ਜੀ ਨੂੰ ਸੌਂਪਿਆ ਗਿਆ ਸੀ। ਦੱਸ ਦੇਈਏ ਕਿ ਦੋ ਸਦੀਆਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਵਿਖੇ ਸੋਨੇ ਦੀ ਪਰਤ ਚੜ੍ਹਾਉਣ ਦੀ ਕਾਰ ਸੇਵਾ ਸ਼ੁਰੂ ਕਰਵਾਈ ਸੀ। ਉਸ ਜ਼ਮਾਨੇ 'ਚ ਕਰੀਬ ਸਤਾਰਾਂ ਲੱਖ ਰੁਪਏ ਮਹਾਰਾਜਾ ਰਣਜੀਤ ਸਿੰਘ ਨੇ ਦਾਨ ਵਜੋਂ ਦਿੱਤੇ ਸਨ।