image caption: ਲੇਖਕ – ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪੌਂਹਚੇ (ਲੇਖਕ – ਨਿਰਮਲ ਸਿੰਘ ਕੰਧਾਲਵੀ)

- ਆਪ ਪਾਰਟੀ ਦੇ ਮਾਝਾ ਜ਼ੋਨ ਵਲੋਂ ਖਹਿਰਾ ਧੜੇ ਨੂੰ 'ਘਰ ਵਾਪਸੀ ਦੀ ਅਪੀਲ'- ਇਕ ਖ਼ਬਰ
ਮੁੜ ਆ ਚੋਬਰਾ ਘਰ ਨੂੰ, ਰੋਸੇ ਛੱਡ ਦੇ ਵੇ।

- ਪੰਚਾਇਤੀ ਚੋਣਾਂ ਵਿਚ ਧੱਕੇ ਨਾਲ਼ ਸਰਪੰਚ ਬਣਾਵਾਂਗੇ- ਕਾਂਗਰਸੀ ਵਿਧਾਇਕ ਸੰਤੋਖ ਸਿੰਘ
ਹੋਰ ਤੁਹਾਡੇ ਕੋਲੋਂ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ।

- ਅਕਾਲੀ ਵਫ਼ਦ ਵਲੋਂ ਗ੍ਰਹਿ ਮੰਤਰੀ ਰਾਜਨਾਥ ਨਾਲ਼ ਮੁਲਾਕਾਤ- ਇਕ ਖ਼ਬਰ
ਗ੍ਰਹਿ ਮੰਤਰੀ ਜੀ ਸਾਡੇ ਗ੍ਰਹਿ ਵੀ ਟਾਲ਼ੋ, ਕੋਈ ਹਵਨ ਹੁਵਨ ਦੱਸੋ ਸਾਨੂੰ ਵੀ।

- ਰਣਜੀਤ ਸਿੰਘ ਰਿਪੋਰਟ ਜਾਣ-ਬੁਝ ਕੇ 'ਲੀਕ' ਕੀਤੀ ਗਈ- ਇਕ ਖ਼ਬਰ
ਨੰਗਾ ਰੱਖਦੀ ਕਲਿੱਪ ਵਾਲ਼ਾ ਪਾਸਾ, ਛੜਿਆਂ ਦੀ ਹਿੱਕ ਲੂਹਣ ਨੂੰ।

- ਹਾਕਮ ਧਿਰ ਵਲੋਂ ਅਕਾਲੀਆਂ 'ਤੇ ਤਿੱਖੇ ਹਮਲੇ ਦੀ ਤਿਆਰੀ- ਇਕ ਖ਼ਬਰ
ਚੁੱਕ ਲਉ ਡਾਂਗਾਂ ਤੇ ਖਿੱਚੋ ਤਿਆਰੀਆਂ ਜੀ, ਸੁੱਕਾ ਜਾਵੇ ਨਾ ਦੁਸ਼ਮਣ ਮੈਦਾਨ ਵਿਚੋਂ।

- ਈਸੜੂ ਕਾਨਫਰੰਸ: ਸਿਆਸੀ ਪਾਰਟੀਆਂ ਨੇ ਇਕ ਦੂਜੇ ਖ਼ਿਲਾਫ਼ ਦਾਗ਼ੇ ਸ਼ਬਦੀ ਬਾਣ- ਇਕ ਖ਼ਬਰ
ਰੋਂਦੀਆਂ ਯਾਰਾਂ ਨੂੰ, ਨਾਂ ਲੈ ਲੈ ਕੇ ਭਰਾਵਾਂ ਦੇ।

- ਭਾਈ ਲੌਂਗੋਵਾਲ ਵਲੋਂ ਨਾਨਕਸਰ ਸੰਪਰਦਾ ਨਾਲ਼ ਮੀਟਿੰਗ- ਇਕ ਖ਼ਬਰ
ਬਾਬਿਓ, ਕੋਈ ਸੇਵਾ ਹੋਵੇ ਤਾਂ ਦੱਸਿਉ, ਵੋਟਾਂ ਬਾਦਲ ਅਕਾਲੀ ਦਲ ਨੂੰ ਹੀ ਪਾਇਉ ਜੀ।

- ਲਾਲ ਕਿਲ੍ਹੇ ਤੋਂ ਮੋਦੀ ਨੇ ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

- ਗੱਡੀ 'ਚ ਬਹਿ ਕੇ ਹੈਰੋਇਨ ਦਾ ਨਸ਼ਾ ਕਰਦਾ ਹਵਾਲਦਾਰ ਗ੍ਰਿਫ਼ਤਾਰ- ਇਕ ਖ਼ਬਰ
ਕਿਉਂ! ਲੱਗ ਗਿਐ ਨਾ ਪਤਾ ਪੰਜਾਬ 'ਚੋਂ ਨਸ਼ਾ ਕਿਉਂ ਖ਼ਤਮ ਨਹੀਂ ਹੁੰਦਾ।

- ਕੈਪਟਨ ਸਰਕਾਰ ਪੰਜਾਬੀ ਨੂੰ ਵਿਸਾਰ ਕੇ ਅੰਗਰੇਜ਼ੀ ਨੂੰ ਤਰਜੀਹ ਦੇ ਰਹੀ ਹੈ-ਇਕ ਖ਼ਬਰ
ਇਹ ਮਾਂ ਨੂੰ ਧੱਕੇ ਮਾਰਦਾ, ਇਹਨੂੰ ਮਾਸੀ ਨਾਲ਼ ਪਿਆਰ।

- ਭਾਜਪਾ ਦੇ ਦੋ ਯੁਵਾ ਨੇਤਾ ੧੯੫ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ- ਇਕ ਖ਼ਬਰ
ਕੋਇਲਾਂ ਕੂਕਦੀਆਂ, ਖਾਹ ਬਾਗ਼ਾਂ ਦੇ ਮੇਵੇ।

ਲੇਖਕ &ndash ਨਿਰਮਲ ਸਿੰਘ ਕੰਧਾਲਵੀ