image caption:

ਪੰਜਾਬ ਸਰਕਾਰ ਤੋਂ ਮਿਲੀ ਨਿਰਾਸ਼ਾ ਪਰ ਤੂਰ ਨੇ ਆਪਣੇ ਦਮ 'ਤੇ ਜਿੱਤੀਆਂ ਏਸ਼ਿਆਈ ਖੇਡਾਂ

ਚੰਡੀਗੜ੍ਹ : ਪੰਜਾਬ ਦੇ ਜ਼ਿਲ੍ਹੇ ਮੋਗਾ ਤੇ ਮਾਨਸਾ ਦੇ ਨੌਜਵਾਨਾਂ ਨੇ ਇੰਡੋਨੇਸ਼ੀਆ 'ਚ ਖੇਡੀਆਂ ਜਾ ਰਹੀਆਂ 18ਵੀਆਂ ਏਸ਼ਿਆਈ ਖੇਡਾਂ 'ਚ ਸੂਬੇ ਦਾ ਨਾਂ ਦੁਨੀਆ 'ਚ ਰੌਸ਼ਨ ਕੀਤਾ। ਸਰਕਾਰਾਂ ਤੇ ਕੁਦਰਤ ਦੀ ਬੇਰੁਖ਼ੀ ਝੱਲ ਰਹੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਵਿੱਚ ਕੋਈ ਵੀ ਕਮੀ ਨਾ ਆਉਣ ਦਿੱਤੀ। ਅਜਿਹੀ ਹੀ ਦਾਸਤਾਨ ਹੈ ਮੋਗਾ ਜ਼ਿਲ੍ਹੇ ਦੇ ਜੰਮਪਲ ਤਜਿੰਦਰਪਾਲ ਸਿੰਘ ਤੂਰ ਦੀ, ਜਿਸ ਨੇ ਗੋਲਾ ਸੁੱਟ ਕੇ ਨਾ ਸਿਰਫ਼ ਸੋਨ ਤਗਮਾ ਜਿੱਤਿਆ, ਬਲਕਿ ਏਸ਼ੀਆ ਦਾ ਰਿਕਾਰਡ ਵੀ ਕਾਇਮ ਕੀਤਾ।

23 ਸਾਲਾ ਤਜਿੰਦਰਪਾਲ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਸ ਬੀਤੇ ਕੱਲ੍ਹ ਉਸ ਨੇ ਗੋਲਾ ਸੁੱਟ ਯਾਨੀ ਸ਼ੌਟ-ਪੁੱਟ ਇਵੈਂਟ ਵਿੱਚ 20.75 ਮੀਟਰ ਦਾ ਥਰੋਅ ਲਾ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਇਸ ਦੇ ਨਾਲ ਹੀ ਤੇਜਿੰਦਰ ਨੇ ਏਸ਼ਿਆਡ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ 2010 ਏਸ਼ੀਅਨ ਖੇਡਾਂ ਚ ਸਾਊਦੀ ਅਰਬ ਦੇ ਸੁਲਤਾਨ ਅਬਦੁਲ ਮਜੀਦ ਨੇ 20.57 ਮੀਟਰ ਦਾ ਰਿਕਾਰਡ ਬਣਾਇਆ ਸੀ।

ਇਤਿਹਾਸਕ ਸਫ਼ਰ ਤਕ ਪਹੁੰਚਣ ਲਈ ਤਜਿੰਦਰਪਾਲ ਨੂੰ ਪੰਜਾਬ ਸਰਕਾਰ ਦਾ ਕੋਈ ਸਹਾਰਾ ਨਹੀਂ ਮਿਲਿਆ। 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਤੇਜਿੰਦਰ ਨੇ ਦੱਸਿਆ ਕਿ ਉਹ ਹੁਣ ਤਕ ਆਪਣੇ ਪੱਧਰ 'ਤੇ ਹੀ ਖੇਡਿਆ ਤੇ ਸਖ਼ਤ ਮਿਹਨਤ ਨਾਲ ਕਾਮਯਾਬੀ ਵੀ ਹਾਸਲ ਕੀਤੀ।

ਤਜਿੰਦਰ ਜ਼ਿੰਦਗੀ 'ਚ ਅਨੇਕਾਂ ਮੁਸ਼ਕਲਾਂ ਨੂੰ ਪਿੰਡੇ 'ਤੇ ਝੱਲ ਕੇ ਕਮਾਯਾਬੀ ਤਕ ਪਹੁੰਚਿਆ ਹੈ। ਤਜਿੰਦਰ ਨੇ ਦੱਸਿਆ ਉਸ ਦੇ ਪਿਤਾ ਕੈਂਸਰ ਦੀ ਬੀਮਾਰੀ ਨਾਲ ਪੀੜਤ ਹਨ ਫਿਰ ਵੀ ਉਸ ਨੇ ਹੌਸਲਾ ਨਾ ਛੱਡਿਆ ਤੇ ਆਪਣੀ ਖੇਡ ਨੂੰ ਦਿਨੋ ਦਿਨ ਨਿਖਾਰਦਾ ਰਿਹਾ। ਤਜਿੰਦਰ ਕਰਕੇ ਭਾਰਤ ਨੂੰ 16 ਸਾਲ ਬਾਅਦ ਏਸ਼ੀਅਨ ਖੇਡਾਂ ਦੇ ਸ਼ਾਟ-ਪੁੱਟ ਇਵੈਂਟ 'ਚ ਸੋਨ ਤਗ਼ਮਾ ਨਸੀਬ ਹੋਇਆ।

ਅੱਜ ਤੇਜਿੰਦਰ ਦੀ ਜਿੱਤ 'ਤੇ ਉਸ ਦੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਉਸ ਦੇ ਮਾਤਾ ਨੂੰ ਆਪਣੇ ਪੁੱਤ ਦੀ ਕਾਮਯਾਬੀ 'ਤੇ ਫਖ਼ਰ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਤਜਿੰਦਰਪਾਲ ਸਿੰਘ ਨੇ ਹਰਿਆਣਾ ਦੀ ਖੇਡ ਨੀਤੀ ਦੀ ਪ੍ਰਸੰਸ਼ਾ ਕੀਤੀ। ਉਹ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਵੀ ਆਪਣੇ ਖਿਡਾਰੀਆਂ ਨੂੰ ਉੱਪਰ ਚੁੱਕੇ ਤਾਂ ਜੋ ਨੌਜਵਾਨ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਹੋਣ। ਤਜਿੰਦਰ ਨੇ ਆਪਣਾ ਅਗਲਾ ਟੀਚਾ ਓਲੰਪਿਕ 'ਚੋਂ ਗੋਲਡ ਮੈਡਲ ਜਿੱਤਣ ਦਾ ਮਿੱਥ ਲਿਆ ਹੈ। ਪੰਜਾਬ ਦਾ ਨਾਂ ਦੁਨੀਆ ਤਕ ਚਮਾਉਣ ਵਾਲੇ ਤਜਿੰਦਰਪਾਲ ਤੂਰ ਨੂੰ 'ਏਬੀਪੀ ਸਾਂਝਾ' ਵਧਾਈ ਵੀ ਦਿੰਦਾ ਤੇ ਆਉਣ ਵਾਲੇ ਸਮੇਂ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੰਦਾ ਹੈ।