image caption:

ਏਸ਼ਿਆਈ ਖੇਡਾਂ : ਪੰਜਾਬ ਸਰਕਾਰ ਤੋਂ ਨਾਖੁਸ਼ ਅਰਪਿੰਦਰ ਹਰਿਆਣਾ ਲਈ ਖੇਡਿਆ, ਜਿੱਤਿਆ ਸੋਨ ਤਗਮਾ

ਚੰਡੀਗੜ੍ਹ : ਇਡੋਨੇਸ਼ੀਆ ਦੇ ਜਕਾਰਤਾ 'ਚ ਚੱਲ ਰਹੀਆਂ ਏਸ਼ਿਆਈ ਖੇਡਾਂ 'ਚ ਇੱਕ ਹੋਰ ਪੰਜਾਬੀ ਅਰਪਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ ਹੈ। ਅਰਪਿੰਦਰ ਨੇ ਟ੍ਰਿਪਲ ਜੰਪ (ਤੀਹਰੀ ਛਾਲ) 'ਚ 16.77 ਮੀਟਰ ਕੁੱਦ ਕੇ ਇਹ ਤਗਮਾ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੂੰ 48 ਸਾਲ ਬਾਅਦ ਟ੍ਰਿਪਲ ਜੰਪ 'ਚ ਸੋਨ ਤਗਮਾ ਹਾਸਲ ਹੋਇਆ ਹੈ।

ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਰਪਿੰਦਰ ਸਿੰਘ ਨੂੰ ਕੱਲ੍ਹ ਤੱਕ ਕੋਈ ਨਹੀਂ ਜਾਣਦਾ ਸੀ ਪਰ ਜਕਾਰਤਾ 'ਚ ਜਿੱਤ ਦਰਜ ਕਰਨ ਤੋਂ ਬਾਅਦ ਉਹ ਸੁਰਖੀਆਂ 'ਚ ਛਾਅ ਗਿਆ। ਸੋਸ਼ਲ ਮੀਡੀਆ 'ਤੇ ਦੇਸ਼ ਦੇ ਵੱਡੇ-ਵੱਡੇ ਖਿਡਾਰੀਆਂ ਤੇ ਰਾਜਨੇਤਾਵਾਂ ਨੇ ਅਰਪਿੰਦਰ ਨੂੰ ਵਧਾਈਆਂ ਦਿੱਤੀਆਂ। ਅਰਪਿੰਦਰ ਦੇ ਘਰ ਵਧਾਈ ਦੇਣ ਵਾਲਿਆਂ ਦੀ ਤਾਂਤਾ ਲੱਗਾ ਰਿਹਾ। ਅਰਪਿੰਦਰ ਦੇ ਪਰਿਵਾਰ ਨੇ ਇਸ ਸਫਲਤਾ ਪਿੱਛੇ ਉਸ ਦੀ ਮਿਹਨਤ ਤੇ ਸੰਘਰਸ਼ ਦੱਸਿਆ ਹੈ।

ਅਰਪਿੰਦਰ ਵੈਸੇ ਪੰਜਾਬ ਦਾ ਰਹਿਣ ਵਾਲਾ ਹੈ ਪਰ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਉਹ ਹਰਿਆਣਾ ਦੇ ਸੋਨੀਪਤ 'ਚ ਸਥਿਤ ਸਾਈ ਸੈਂਟਰ 'ਚ ਮਿਹਨਤ ਕਰਨ ਲੱਗਾ। ਅਰਪਿੰਦਰ ਦੀ ਭੈਣ ਤੇ ਜੀਜੇ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਟ੍ਰਿਪਲ ਜੰਪ 'ਚ ਦੇਸ਼ ਲਈ ਕੁਝ ਕਰਨਾ ਲੋਚਦਾ ਸੀ ਪਰ ਪੰਜਾਬ ਸਰਕਾਰ ਦੀ ਖੇਡ ਨੀਤੀ ਤੋਂ ਪ੍ਰੇਸ਼ਾਨ ਹੋ ਕੇ ਉਹ ਸੋਨੀਪਤ ਆ ਗਿਆ। ਪੰਜ ਸਾਲ ਹਰਿਆਣਾ ਦੇ ਸੋਨੀਪਤ 'ਚ ਮਿਹਨਤ ਕਰਨ ਤੋਂ ਬਾਅਦ ਅਰਪਿੰਦਰ ਨੂੰ ਇਹ ਸਫਲਤਾ ਮਿਲੀ ਹੈ। ਉਨ੍ਹਾਂ ਉਮੀਦ ਜਤਾਈ ਕਿ ਹਰਿਆਣਾ ਸਰਕਾਰ ਉਸ ਨੂੰ ਵੀ ਓਹੀ ਸਨਮਾਨ ਤੇ ਇਨਾਮੀ ਰਾਸ਼ੀ ਦੇਵੇਗੀ ਜੋ ਹੋਰ ਖਿਡਾਰੀਆਂ ਨੂੰ ਦੇਵੇਗੀ।