image caption:

ਭਾਰਤੀ ਮਹਿਲਾ ਹਾਕੀ ਟੀਮ ਦੀ 20 ਸਾਲ ਬਾਅਦ ਫਾਈਨਲ 'ਚ ਐਂਟਰੀ, ਬਦਲੇਗਾ 36 ਸਾਲ ਦਾ ਇਤਿਹਾਸ !

ਜਕਾਰਤਾ : ਹਾਕੀ ਵਿਚ ਭਾਰਤ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ 20 ਸਾਲ ਬਾਅਦ ਏਸ਼ੀਆਡ ਦੇ ਫਾਈਨਲ ਵਿਚ ਐਂਟਰੀ ਕਰ ਲਈ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿਚ ਚੀਨ ਨੂੰ 1-0 ਨਾਲ ਮਾਤ ਦਿੱਤੀ। ਭਾਰਤ ਲਈ ਮੈਚ ਦਾ ਇਕਲੌਤਾ ਗੋਲ ਗੁਰਜੀਤ ਕੌਰ ਨੇ ਕੀਤਾ। ਗੁਰਜੀਤ ਕੌਰ ਨੇ ਮੈਚ ਦੇ 52ਵੇਂ ਮਿਨਟ ਵਿਚ ਗੋਲ ਕੀਤਾ। ਇਸ ਜਿੱਤ ਦੇ ਨਾਲ ਹੀ ਭਾਰਤ ਦਾ ਹਾਕੀ ਵਿਚ ਘੱਟੋ-ਘੱਟ ਸਿਲਵਰ ਮੈਡਲ ਪੱਕਾ ਹੋ ਗਿਆ ਹੈ। ਭਾਰਤ ਦੀ ਜਾਪਾਨ ਖਿਲਾਫ ਖਿਤਾਬੀ ਟੱਕਰ ਸ਼ੁੱਕਰਵਾਰ ਨੂੰ ਹੋਣੀ ਹੈ। ਤੇ ਇਸਦੇ ਨਾਲ ਹੀ ਭਾਰਤੀ ਟੀਮ ਨੂੰ ਇਤਿਹਾਸ ਰਚਣ ਦਾ ਮੌਕਾ ਮਿਲ ਗਿਆ ਹੈ।

ਇੰਚੀਅਨ ਵਿਚ ਸਾਲ 2014 ਵਿਚ ਹੋਈਆਂ ਏਸ਼ੀਅਨ ਗੇਮਸ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਸੀ। ਪਰ ਫਾਈਨਲ ਵਿਚ ਐਂਟਰੀ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਬੀਤੀ ਵਾਰ ਦੇ ਪ੍ਰਦਰਸ਼ਨ ਵਿਚ ਸੁਧਾਰ ਪੱਕਾ ਕਰ ਦਿੱਤਾ ਹੈ। ਇਸਤੋਂ ਪਹਿਲਾਂ ਸਾਲ 1998 ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਬੈਂਗਕਾਕ ਏਸ਼ੀਆਡ ਵਿਚ ਫਾਈਨਲ ਵਿਚ ਐਂਟਰੀ ਕੀਤੀ ਸੀ। ਹਾਲਾਂਕਿ ਉਸ ਮੌਕੇ ਭਾਰਤੀ ਟੀਮ ਸਿਲਵਰ ਮੈਡਲ ਹੀ ਜਿੱਤ ਸਕੀ ਸੀ।

ਹੁਣ ਭਾਰਤ ਸਾਹਮਣੇ ਸਾਲ 1982 ਦੇ ਸੁਨਹਿਰੇ ਇਤਿਹਾਸ ਨੂੰ ਦੁਹਰਾਉਣ ਦਾ ਮੌਕਾ ਹੈ। ਭਾਰਤੀ ਮਹਿਲਾ ਹਾਕੀ ਟੀਮ ਸਿਰਫ 1982 ਵਿਚ ਦਿੱਲੀ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਹੀ ਗੋਲਡ ਮੈਡਲ ਜਿੱਤਣ ਵਿਚ ਕਾਮਯਾਬ ਰਹੀ ਸੀ। ਹੁਣ ਭਾਰਤੀ ਮਹਿਲਾ ਹਾਕੀ ਟੀਮ 36 ਸਾਲ ਬਾਅਦ ਆਪਣੇ ਸੁਨਹਿਰੇ ਇਤਿਹਾਸ ਨੂੰ ਦੁਹਰਾਉਣ ਦੀ ਫਿਰਾਕ ਵਿਚ ਹੈ ਤੇ ਵੇਖਣਾ ਇਹ ਹੈ ਕਿ ਭਾਰਤੀ ਟੀਮ ਨੂੰ ਇਸ ਵਾਰ ਗੋਲਡ ਮੈਡਲ ਹਾਸਿਲ ਹੋ ਪਾਉਂਦਾ ਹੈ ਜਾਂ ਸਿਲਵਰ ਨਾਲ ਸੰਤੋਸ਼ ਕਰਨਾ ਪੈਂਦਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੂੰ ਹੁਣ ਤਕ ਖੇਡਾਂ ਵਿਚ ਸਿਰਫ ਇੱਕ ਵਾਰ ਗੋਲਡ ਅਤੇ ਇੱਕ ਵਾਰ ਸਿਲਵਰ ਮੈਡਲ ਹਾਸਿਲ ਹੋਇਆ ਹੈ ਜਦਕਿ ਟੀਮ ਨੇ ਕਾਂਸੀ ਦਾ ਤਗਮਾ ਤਿੰਨ ਵਾਰ ਜਿੱਤਿਆ ਹੈ।