image caption: ਰਜਿੰਦਰ ਸਿੰਘ ਪੁਰੇਵਾਲ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਵਿਧਾਨ ਸਭਾ 'ਚ ਬਹਿਸ ਤੇ ਕੈਪਟਨ ਸਰਕਾਰ

         15ਵੀਂ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਕੈਪਟਨ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਭਾਵੇਂ ਠੋਸ ਫੈਸਲਾ ਨਹੀਂ ਲੈ ਸਕੀ ਪਰ ਇਹ ਸੈਸ਼ਨ ਕਈ ਪੱਖੋਂ ਇਤਿਹਾਸ ਸਿਰਜ ਗਿਆ, ਕਿਉਂਕਿ ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ, ਖਾਲਸੇ ਦਾ ਕਰੈਕਟਰ ਤੇ ਸਿਆਸਤਦਾਨਾਂ ਦੀ ਮੁੱਦੇ 'ਤੇ ਏਕਤਾ ਪ੍ਰਗਟ ਹੋਈ। ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਪਰਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਆਸਤਦਾਨਾਂ ਦੇ ਨਿਸ਼ਾਨੇ 'ਤੇ ਆ ਗਏ। ਅਜਿਹਾ ਇਸ ਲਈ ਹੋਇਆ ਕਿ ਕਿਉਂਕਿ ਜਥੇਦਾਰ ਗੁਰਬਚਨ ਸਿੰਘ ਸੱਚੇ ਤਖ਼ਤ ਅਕਾਲ ਤਖ਼ਤ ਸਾਹਿਬ ਦੇ ਪਹਿਰੇਦਾਰ ਹੁੰਦਿਆਂ ਝੂਠ ਦੇ ਫੈਸਲੇ ਲਾਗੂ ਕਰਦੇ ਰਹੇ ਤੇ ਸਿੱਖ ਕੌਮ ਨੂੰ ਕੋਈ ਨਵੀਂ ਸੇਧ ਨਹੀਂ ਦੇ ਸਕੇ, ਜਿਸ ਦੀ ਉਨ੍ਹਾਂ ਤੋਂ ਖਾਲਸਾ ਪੰਥ ਆਸ ਰੱਖਦਾ ਸੀ। ਕੀ ਇਸ ਲਈ ਸਿਰਫ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜ਼ਿੰਮੇਵਾਰ ਹਨ? ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਕ ਤਰਫ਼ਾ ਫੈਸਲੇ ਕਿ ਕੀਤੇ ?  ਇਸ ਦਾ ਕਾਰਨ ਅਕਾਲੀ ਸਿਆਸਤਦਾਨ ਹਨ, ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ 'ਤੇ ਕਬਜ਼ਾ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ, ਖਾਲਸਾ ਪੰਥ ਨਾਲ, ਸੱਚ ਨਾਲ, ਲੋਕਾਂ ਨਾਲ ਕੋਈ ਹਮਦਰਦੀ ਤੇ ਪਿਆਰ ਨਹੀਂ ਹੈ। ਉਨ੍ਹਾਂ ਲਈ ਸੱਤਾ ਹੀ ਸਭ ਕੁਝ ਹੈ। ਪਰ ਜੋ ਸੱਤਾ ਨੂੰ ਸਭ ਕੁਝ ਸਮਝਦੇ ਹਨ, ਉਹ ਢਹਿ ਢੇਰੀ ਹੋ ਜਾਂਦੇ ਹਨ ਜਿਵੇਂ ਅੱਜ ਅਸੀਂ ਬਾਦਲ ਅਕਾਲੀ ਦਲ ਦਾ ਹਸ਼ਰ ਦੇਖ ਰਹੇ ਹਾਂ। ਜੋ ਕੁਝ ਅਮਰੀਕਾ ਵਿਚ ਮਨਜੀਤ ਸਿੰਘ ਜੀਕੇ ਨਾਲ ਵਾਪਰਿਆ ਹੈ, ਉਸ ਦੇ ਲਈ ਅਕਾਲੀ ਸਿਆਸਤ ਜ਼ਿੰਮੇਵਾਰ ਹੈ। ਭਾਵੇਂ ਅਸੀਂ ਹਿੰਸਾ ਨੂੰ ਸਹੀ ਨਹੀਂ ਠਹਿਰਾ ਸਕਦੇ, ਪਰ ਇਸ ਹਿੰਸਾ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਬਾਦਲ ਸਿਆਸਤ 'ਤੇ ਆਉਂਦੀ ਹੈ, ਕਿਉਂਕਿ ਉਨ੍ਹਾਂ ਨੇ ਸੰਗਤਾਂ ਨੂੰ ਅਜਿਹਾ ਕਰਨ ਦੇ ਲਈ ਮਜ਼ਬੂਰ ਕਰ ਦਿੱਤਾ। ਮਨਜੀਤ ਸਿੰਘ ਜੀਕੇ ਪ੍ਰਵਾਸੀ ਖਾਲਸਾ ਜੀ ਦੀ ਮਾਨਸਿਕਤਾ ਨੂੰ ਨਾ ਸਮਝਦੇ ਹੋਏ ਭਾਰਤ ਮਾਤਾ ਦੇ ਸਿੱਖ ਵਜੋਂ ਆਪਣੇ ਪੰਥ ਨੂੰ ਚੈਲਿੰਜ ਕਰਦੇ ਰਹੇ ਕਿ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਭਜਾਇਆ ਤੇ ਇਹੀ ਡਰਾਕਲ ਲੋਕ ਮੇਰੇ ਉੱਪਰ ਹਮਲੇ ਕਰ ਰਹੇ ਹਨ। ਮੈਂ ਇਨ੍ਹਾਂ ਕੋਲੋਂ ਨਹੀਂ ਡਰਦਾ। ਮੈਂ ਇਨ੍ਹਾਂ ਦਾ ਮੁਕਾਬਲਾ ਕਰਾਂਗਾ। ਜੀਕੇ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਖਾਲਸਾ ਕਾਲਜ ਵਿਚ ਆਰ ਐਸ ਐਸ ਦੇ ਇਕ ਆਗੂ ਸਵਰਗਵਾਸੀ ਪੰਡਿਤ ਦੀਨ ਦਿਆਲ ਦੇ ਨਾਮ 'ਤੇ ਡਿਪਾਰਟਮੈਂਡ ਖੋਲ੍ਹ ਦਿੱਤਾ ਤੇ ਇਥੋਂ ਤੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਜਪਾ ਦੀਆਂ ਚੌਧਰਾਂ ਲਈ ਫਿਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਅੱਠ ਘੰਟੇ ਤੋਂ ਵੱਧ ਸਮਾਂ ਲੰਬੀ ਬਹਿਸ ਹੋਈ। ਜਦ ਕਿ ਆਰ ਐਸ ਐਸ ਤੇ ਭਾਜਪਾਈ ਸਿੱਖ ਕੌਮ ਦੇ ਹਿੱਤ ਵਿਚ ਨਹੀਂ ਤੇ ਉਹ ਸਿੱਖ ਕੌਮ ਨੂੰ ਹਿੰਦੂ ਧਰਮ ਦੀ ਸ਼ਾਖਾ ਮੰਨਦੇ ਹਨ ਤੇ ਸਿੱਖ ਇਤਿਹਾਸ ਦਾ ਮਨੂਵਾਦੀਕਰਨ ਕਰ ਰਹੇ ਹਨ ਤੇ ਆਪਣੀਆਂ ਨੀਤੀਆਂ ਅਨੁਸਾਰ ਬਦਲ ਰਹੇ ਹਨ। ਉਨ੍ਹਾਂ ਦਾ ਸਿਧਾਂਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਜਦ ਕਿ ਇਹ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਸੀ। ਉਹ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰÎਘ ਜੀ ਨੇ ਖਾਲਸਾ ਪੰਥ ਹਿੰਦੂ ਧਰਮ ਦੀ ਰੱਖਿਆ ਲਈ ਸਾਜਿਆ, ਜਦ ਕਿ ਇਹ ਲੋਕ ਰੱਖਿਆ ਤੇ ਗੁਰੂ ਨਾਨਕ ਦੇ ਸਿਧਾਂਤ ਨੂੰ ਵਿਸ਼ਵ ਵਿਚ ਫੈਲਾਉਣ ਦੇ ਲਈ ਪੈਦਾ ਹੋਇਆ ਸੀ ਤਾਂ ਜੋ ਜ਼ਾਲਮਾਂ ਨਾਲ ਟਕਰਾਅ ਕੇ ਦੱਬੇ ਕੁਚਲਿਆਂ, ਗਰੀਬਾਂ ਦੀ ਰੱਖਿਆ ਕੀਤੀ ਜਾ ਸਕੇ ਤੇ ਜ਼ਾਲਮਾਂ ਦਾ ਨਾਸ਼ ਕੀਤਾ ਜਾ ਸਕੇ। ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਦੀ ਸਿਰਜਣਾ ਇਸ ਗਲ ਦੀ ਗਵਾਹ ਹੈ ਕਿ ਸਨਾਤਨ ਪੰਥ ਤੋਂ ਉਲਟ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਖਾਲਸਾ ਰਾਜ ਦੀ ਸਿਰਜਣਾ ਕੀਤੀ ਅਤੇ ਕਿਰਤੀਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਫਰਾਂਸ ਤੋਂ ਪਹਿਲਾ ਇਨਕਲਾਬ ਕੀਤਾ। 18ਵੀਂ ਸਦੀ ਦੌਰਾਨ ਸਿੱਖਾਂ ਨੇ ਸਿਰਫ਼ ਪੰਜਾਬ 'ਤੇ ਹੀ ਨਹੀਂ, ਸਗੋਂ ਦਿੱਲੀ ਉੱਪਰ ਵੀ ਖਾਲਸਾ ਪੰਥ ਦੀ ਝੰਡਾ ਲਹਿਰਾ ਦਿੱਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਖਾਲਸਾ ਪੰਥ ਨੇ ਲਾਹੌਰ 'ਤੇ ਖਾਲਸਾ ਪੰਥ ਦਾ ਝੰਡਾ ਲਹਿਰਾ ਕੇ ਪੂਰੀ ਯੋਜਨਾਬੰਦੀ ਨਾਲ ਪੰਜਾਬ ਉੱਪਰ 40 ਸਾਲ ਰਾਜ ਕੀਤਾ, ਜਿਸ ਦੀ  ਗਾਥਾ ਪੰਜਾਬ ਦੇ ਲੋਕ ਗੀਤਾਂ ਵਿਚ ਵੀ ਗਾਈ ਜਾਂਦੀ ਹੈ ਤੇ ਪੰਜਾਬ ਨੂੰ ਦੇਸ ਪੰਜਾਬ ਦਾ ਨਾਮ ਦਿੱਤਾ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ 1947 ਦੀ ਵੰਡ ਦੌਰਾਨ ਗਾਂਧੀ ਲੀਡਰਸ਼ਿਪ ਨੇ ਪੰਜਾਬ ਨਾਲ ਧੋਖਾ ਕੀਤਾ, ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ, ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ, ਦਿੱਲੀ ਸਿੱਖ ਕਤਲੇਆਮ, ਸਿੱਖ ਨਸਲਕੁਸ਼ੀ, ਨਸ਼ਿਆਂ ਰਾਹੀਂ ਨਸਲਕੁਸ਼ੀ, ਪੰਜਾਬ ਦੀ ਖੇਤੀ ਤੇ ਸਨਅਤ ਦੀ ਬਰਬਾਦੀ ਕਰਕੇ ਪੰਜਾਬ ਦੇ ਵਾਸੀਆਂ ਤੇ ਸਿੱਖਾਂ ਨੂੰ ਉਜਾੜਿਆ। ਅੱਜ ਇਹੀ ਕਾਰਨ ਹੈ ਕਿ ਪੰਜਾਬੀ ਤੇ ਸਿੱਖ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵਲ ਰੁਖ ਕਰ ਰਹੇ ਹਨ। ਇਹ ਸਭ ਕੇਂਦਰ ਦੀ ਗੁਲਾਮੀ ਹੈ, ਜਿਸ ਨੇ ਪੰਜਾਬ ਨੂੰ ਆਪਣੀ ਬਸਤੀ ਬਣਾਇਆ ਹੋਇਆ ਹੈ ਤੇ ਪੰਜਾਬ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹ ਦੁਖਾਂਤ ਸਾਡੇ ਪੱਲੇ ਹਨ, ਜਿਸ ਨੂੰ ਨਾ ਬਾਦਲ ਅਕਾਲੀ ਦਲ ਨੇ ਸਮਝਿਆ ਤੇ ਨਾ ਹੀ ਮਨਜੀਤ ਸਿੰਘ ਜੀਕੇ ਵਰਗੇ ਲੋਕਾਂ ਨੇ ਸਮਝਿਆ ਹੈ। ਉਨ੍ਹਾਂ ਨੇ ਸਿਰਫ ਭਾਰਤ ਮਾਤਾ ਦੇ ਗੀਤ ਗਾ ਕੇ ਤੇ ਪੰਥ ਦੇ ਸੁਪਨਮਈ ਝੂਠੇ ਨਾਅਰੇ ਲਗਾ ਕੇ ਸਿੱਖੀ ਨੂੰ ਨੁਕਸਾਨ ਪਹੁੰਚਾਇਆ ਹੈ।

        ਜੇਕਰ ਸ਼੍ਰੋਮਣੀ ਅਕਾਲੀ ਦਲ ਸੱਚਾ ਸੁੱਚਾ ਹੁੰਦਾ ਤਾਂ ਉਸ ਨੂੰ ਸਦਨ ਵਿਚ ਭੱਜਣਾ ਨਹੀਂ ਚਾਹੀਦਾ ਸੀ। ਉਸ ਨੂੰ ਉਨ੍ਹਾਂ ਦੇ ਮੈਂਬਰਾਂ ਦੇ ਅਨੁਸਾਰ 15 ਮਿੰਟ ਮਿਲੇ ਸਨ। ਉਨ੍ਹਾਂ ਦਾ ਭੱਜਣਾ ਇਹੀ ਦਰਸਾਉਂਦਾ ਹੈ ਕਿ ਉਹ ਸੱਚ ਦਾ ਸਾਹਮਣਾ ਕਰਨ ਨੂੰ ਤਿਆਰ ਨਹੀਂ ਹਨ। ਇਹੀ ਕਾਰਨ ਹੈ ਕਿ ਉਹ ਸਦਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜ਼ਿੰਮੇਵਾਰ ਬਣੇ, ਦੋਸ਼ੀ ਬਣੇ ਤੇ ਡੀਜੀਪੀ ਸੈਣੀ ਵੀ ਨਹੀਂ ਬਖਸ਼ਿਆ ਗਿਆ, ਜਿਸ ਨੇ ਸਿੱਖਾਂ ਉਤੇ ਗੋਲੀ ਚਲਾਉਣ ਦਾ ਆਰਡਰ ਦਿੱਤਾ, ਉਸ ਦੇ ਬਿਆਨ ਇਹੀ ਦਰਸਾਉਂਦੇ ਹਨ ਕਿ ਇਹ ਵੱਡੇ ਬਾਦਲ ਦਾ ਹੁਕਮ ਸੀ। ਇਸ ਗਲ ਦਾ ਜੁਆਬ ਬਾਦਲ ਅਕਾਲੀ ਦਲ ਦੇ ਮਹਾਂਰਥੀਆਂ ਕੋਲ ਨਹੀਂ ਹੈ। ਇਹੀ ਕਾਰਨ ਹੈ ਕਿ ਸਿੱਖ ਉਨ੍ਹਾਂ ਦੇ ਪੁਤਲੇ ਫੂਕ ਰਹੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ, ਕੋਟਕਪੁਰਾ ਗੋਲੀ ਕਾਂਡ ਮੁੱਦੇ 'ਤੇ ਦਿੱਤੀ ਗਈ ਪੜਤਾਲੀਆ ਰਿਪੋਰਟ 'ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਜੋ ਕਿ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਵਧੀਆ ਬੁਲਾਰੇ ਹਨ, ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਪਿਛੋਕੜ ਫਰੋਲ ਦਿੱਤਾ। ਭਾਈ ਗਿੱਲ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਜਥੇਦਾਰ ਸਾਹਿਬਾਨ ਨੂੰ ਵਾਰ-ਵਾਰ ਵਰਤਿਆ ਗਿਆ। ਉਨ੍ਹਾਂ ਸਦਨ ਨੂੰ ਦੱਸਿਆ ਕਿ ਜਥੇਦਾਰ ਮੁਕਤਸਰ ਸਾਹਿਬ ਵਿਖੇ ਬਰਛਾ ਫੜਨ ਦੀ ਡਿਊਟੀ ਕਰਦੇ ਸੀ ਅਤੇ ਇਕ ਮੰਜੇ 'ਤੇ ਕਛਹਿਰੇ ਵੇਚਣ ਦਾ ਕੰਮ ਕਰਦੇ ਸੀ। ਫਿਰ ਗ੍ਰੰਥੀ ਬਣ ਗਏ ਅਤੇ ਸਾਲ 2008 ਵਿਚ ਜਥੇਦਾਰ ਬਣ ਗਏ। ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ ਏ ਕੌਮ ਦਾ ਐਵਾਰਡ ਦੇਣ ਤੋਂ ਬਾਅਦ ਜਥੇਦਾਰ ਦੀ ਤਰੱਕੀ ਦੀ ਸ਼ੁਰੂਆਤ ਹੋਈ। ਉਨ੍ਹਾਂ ਦਾ ਪੁੱਤਰ ਮਨਜਿੰਦਰ ਸਿੰਘ ਬਿੱਟੂ 2013 ਵਿਚ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣ ਗਿਆ। ਚਾਰ ਏਕੜ ਜ਼ਮੀਨ ਦੇ ਮਾਲਕ ਜੋ ਬਰਛੇ ਦੀ ਡਿਊਟੀ 'ਤੇ ਖੜ੍ਹਦੇ ਸੀ, ਅੱਜ ਮੁਕਤਸਰ ਵਿਖੇ ਤਿੰਨ ਤਾਰਾ ਹੋਟਲ, ਰੇਂਜ ਰੋਵਰ, ਬੀਐੱਮਡਬਲਯੂ, ਫਾਰਚੂਨਰ ਦਾ ਮਾਲਕ ਬਣ ਗਏ। ਇਥੋਂ ਤਕ ਕੋਠੀ ਦਾ ਗੇਟ ਵੀ ਰਿਮੋਟ ਨਾਲ ਖੁੱਲ੍ਹਦਾ ਹੈ। ਗਿੱਲ ਨੇ ਜਥੇਦਾਰ ਦੇ ਪੁੱਤਰ ਵੱਲੋਂ ਪਸ਼ੂਆਂ ਦੀ ਮੰਡੀ ਦਾ ਠੇਕਾ ਲੈਣ ਦੀ ਗੱਲ ਵੀ ਸਦਨ ਵਿਚ ਰੱਖੀ। ਮੁੱਖ ਮੰਤਰੀ ਬਾਦਲ ਦਿੱਲੀ ਦੰਗੇ ਤੇ ਦਰਬਾਰ ਸਾਹਿਬ 'ਤੇ ਹਮਲੇ ਦਾ ਹਵਾਲਾ ਦੇ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਦੇ ਰਹੇ ਤੇ ਸੱਤਾ ਹਾਸਲ ਕਰਦੇ ਰਹੇ। ਪਰ ਉਨ੍ਹਾਂ ਕਦੇ ਵੀ ਸਿੱਖ ਪੰਥ ਦੇ ਹੱਕਾਂ ਲਈ ਪਹਿਰਾ ਨਹੀਂ ਦਿੱਤਾ, ਸਗੋਂ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਰਗੀਆਂ ਮਹਾਨ ਸੰਸਥਾਵਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ। ਬਾਦਲ ਨੇ ਅਜੀਤ ਸਿੰਘ ਪੂਹਲਾ ਦੀ ਮਦਦ ਕਰਨ ਵਾਲੇ ਪੁਲੀਸ ਅਫ਼ਸਰ ਸੁਮੇਧ ਸੈਣੀ ਨੂੰ ਡੀਜੀਪੀ ਲਗਾ ਦਿੱਤਾ, ਜਿਸ ਨੇ  ਸਿੱਖਾਂ ਦੀ ਨਸਲਕੁਸ਼ੀ ਕਰਵਾਈ ਤੇ ਪੂਹਲੇ ਨਿਹੰਗ ਨੂੰ ਪਾਲ ਕੇ ਜਿਸ ਨੇ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਵਾਇਆ। ਗਿੱਲ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਅਕਾਲੀ ਦਲ ਦਾ ਪ੍ਰਧਾਨ ਤਿੰਨ ਸਾਲ ਤੋਂ ਵੱਧ ਨਹੀਂ ਰਹਿ ਸਕਦਾ ਤੇ ਪ੍ਰਧਾਨ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਪਰ ਸੁਖਬੀਰ ਬਾਦਲ ਅੰਮ੍ਰਿਤਧਾਰੀ ਵੀ ਨਹੀਂ ਹੈ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਦਨ ਵਿਚ ਸਿੱਖਾਂ ਦੇ ਕਾਤਲ ਤਤਕਾਲੀ ਡੀਜੀਪੀ ਸੁਮੇਧ ਸੈਣੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਨੇ ਰੋਪੜ ਤੋਂ ਐਡਵੋਕੇਟ ਕੁਲਵੰਤ ਸਿੰਘ, ਪਤਨੀ ਤੇ ਚਾਰ ਮਹੀਨੇ ਦੇ ਬੱਚੇ ਸਮੇਤ ਚੁੱਕਿਆ, ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿੰਦਾ ਸਾੜ ਦਿੱਤਾ, ਲੁਧਿਆਣਾ ਦੇ ਸੈਣੀ ਪਰਿਵਾਰ ਨਾਲ ਜੋ ਹੋਈ, ਉਹ ਕਿਸੇ ਨਾਲ ਨਾ ਹੋਵੇ। ਸੈਣੀ 'ਤੇ ਵਰ੍ਹਦਿਆਂ ਕਿਹਾ ਕਿ ਕੁਰਸੀ 'ਤੇ ਬੈਠ ਕੇ ਇਸ ਨੇ ਆਪਣੇ ਬੁੱਚੜ ਪੁਲਸੀਆਂ ਤੋਂ ਖਾੜਕੂ ਸਿੰÎਘਾਂ ਦੀਆਂ ਔਰਤਾਂ ਨਾਲ ਰੇਪ ਕਰਵਾਏ। ਅਜਿਹੇ ਵਿਵਾਦਤ ਅਧਿਕਾਰੀ ਨੂੰ ਪੰਥਕ ਸਰਕਾਰ ਨੇ ਡੀਜੀਪੀ ਲਾਇਆ ਸੀ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਪਹਿਲੀ ਰਿਪੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਮੁੰਬਈ ਵਿੱਚ ਫਿਲਮ ਅਦਾਕਾਰ ਅਕਸ਼ੇ ਕੁਮਾਰ ਨਾਲ ਮੀਟਿੰਗ ਦਾ ਹਵਾਲਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਡੇਰਾ ਮੁਖੀ ਦੀ ਫਿਲਮ ਚਲਾਉਣ ਬਾਰੇ ਸਮਝੌਤਾ ਹੋਣ ਦੀ ਗੱਲ ਕਹੀ ਗਈ ਹੈ। ਸਰਕਾਰ ਅਤੇ ਅਕਾਲੀ ਦਲ ਦੀ ਡੇਰਾ ਸਿਰਸਾ ਨਾਲ ਪੂਰੀ ਤਰ੍ਹਾਂ ਗੰਢ-ਤੁੱਪ ਹੋਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਡੇਰਾ ਮੁਖੀ ਤੋਂ ਕੇਸ ਵੀ ਵਾਪਸ ਲਏ ਜਾਣੇ ਸਨ ਤੇ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਵੀ ਦਿਵਾ ਦਿੱਤੀ ਗਈ ਸੀ। ਸਰਕਾਰ ਵੱਲੋਂ ਡੇਰਾ ਪ੍ਰੇਮੀਆਂ ਖਿਲਾਫ਼ ਸਬੂਤ ਹੋਣ ਦੇ ਬਾਵਜੂਦ ਨਰਮੀ ਵਰਤੀ ਜਾਂਦੀ ਸੀ ਅਤੇ ਸਿੱਖਾਂ ਖਿਲਾਫ਼ ਪਰਚੇ ਦਰਜ ਕਰ ਦਿੱਤੇ ਜਾਂਦੇ ਸਨ। ਪੜਤਾਲੀਆ ਕਮਿਸ਼ਨ ਨੇ ਬਾਦਲਾਂ ਦੇ ਰਾਜ ਵਿੱਚ ਸਰਕਾਰੀ ਤੰਤਰ ਇੱਕ ਤਰ੍ਹਾਂ ਨਾਲ ਫੇਲ੍ਹ ਹੋਣ ਦਾ ਹੀ ਜ਼ਿਕਰ ਕੀਤਾ ਹੈ। ਫ਼ਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਉਸ ਸਮੇਂ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਕੀਤੇ 23 ਐਸਐਮਐਸ ਦਾ ਜ਼ਿਕਰ ਕਰਦਿਆਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸੀਨੀਅਰ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਕੋਈ ਤਸੱਲੀਬਖ਼ਸ਼ ਜਵਾਬ ਹੀ ਨਹੀਂ ਦਿੱਤਾ। ਥਾਣਾ ਮੁਖੀ ਤੋਂ ਲੈ ਕੇ ਡੀਜੀਪੀ ਤੱਕ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ ਕਿ ਕਿਵੇਂ ਇਨ੍ਹਾਂ ਸੰਵੇਦਨਸ਼ੀਲ ਘਟਨਾਵਾਂ ਨੂੰ ਅਣਗਹਿਲੀ ਨਾਲ ਨਜਿੱਠਿਆ ਗਿਆ।

      ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਵਧੀਕ ਡੀਜੀਪੀ ਰੋਹਿਤ ਚੌਧਰੀ, ਵਧੀਕ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਵਧੀਕ ਡੀਜੀਪੀ ਜਤਿੰਦਰ ਜੈਨ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਆਈਜੀ ਅਮਰ ਸਿੰਘ, ਐਮ ਐਸ ਛੀਨਾ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਰਘਬੀਰ ਸਿੰਘ ਸਾਬਕਾ ਐਸਐਸਪੀ ਮਾਨਸਾ, ਹਰਦਿਆਲ ਸਿੰਘ ਮਾਨ ਸਾਬਕਾ ਐਸਐਸਪੀ ਫਿਰੋਜ਼ਪੁਰ, ਐਸ ਐਸ ਮਾਨ ਸਾਬਕਾ ਐਸਐਸਪੀ ਫ਼ਰੀਦਕੋਟ, ਬਲਜੀਤ ਸਿੰਘ ਸਿੱਧੂ ਸਾਬਕਾ ਡੀਐਸਪੀ ਕੋਟਕਪੂਰਾ, ਜਗਦੀਸ਼ ਬਿਸ਼ਨੋਟੀ ਤਤਕਾਲੀ ਡੀਐਸਪੀ ਅਤੇ ਬਿਕਰਮਜੀਤ ਸਿੰਘ ਤਤਕਾਲੀ ਐਸਪੀ ਦਾ ਨਾਮ ਸ਼ਾਮਲ ਹਨ। ਚਰਨਜੀਤ ਸ਼ਰਮਾ ਸਾਬਕਾ ਐਸਐਸਪੀ, ਬਿਕਰਮਜੀਤ ਸਿੰਘ ਸਾਬਕਾ ਐਸਪੀ, ਪ੍ਰਦੀਪ ਕੁਮਾਰ ਇੰਸਪੈਕਟਰ, ਅਮਰਜੀਤ ਸਿੰਘ ਸਬ ਇੰਸਪੈਕਟਰ ਉਤੇ ਐਕਸ਼ਨ ਲਿਆ ਜਾ ਰਿਹਾ ਹੈ।

       ਸਮੁੱਚੇ ਤੌਰ 'ਤੇ ਕਹਿਣਾ ਬਣਦਾ ਹੈ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਆਪਣੀ ਨਿੱਜੀ ਸਿਆਸਤ ਕਾਰਨ ਡੇਰਿਆਂ ਮਗਰ ਲੱਗ ਕੇ ਤਬਾਹ ਕਰ ਲਿਆ ਹੈ। ਉਨ੍ਹਾਂ ਦਾ ਮੁੱਖ ਆਧਾਰ ਸਿੱਖ ਪੰਥ ਹੈ। ਉਹੀ ਇਨ੍ਹਾਂ ਤੋਂ ਨਰਾਜ਼ ਤੇ ਨਿਰਾਸ਼ ਹੋ ਗਿਆ ਹੈ। ਹੁਣ ਨਹੀਂ ਜਾਪਦਾ ਕਿ ਬਾਦਲ ਦਲ ਸਿੱਖ ਪੰਥ ਵਿਚ ਆਪਣੀ ਥਾਂ ਬਣਾ ਸਕੇਗਾ। ਪਰ ਕੈਪਟਨ ਸਰਕਾਰ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਜਿਨ੍ਹਾਂ ਦੇ ਨਾਮ ਕਮਿਸ਼ਨ ਦੀ ਰਿਪੋਰਟ ਵਿਚ ਸਨ, ਉਨ੍ਹਾਂ ਉੱਪਰ ਕੇਸ ਦਰਜ ਕੀਤੇ ਹਨ, ਸਗੋਂ ਇਸ ਮੱਸਲੇ ਨੂੰ ਵਿਸ਼ੇਸ਼ ਪੁਲੀਸ ਦੇ ਹਵਾਲੇ ਕਰਕੇ ਕੇਸ ਨੂੰ ਲੰਬਾ ਪਾ ਦਿੱਤਾ ਹੈ। ਇਹ ਸਿਆਸਤ ਬੰਦ ਹੋਣੀ ਚਾਹੀਦੀ ਹੈ, ਪਹਿਲਾਂ ਦੋਸ਼ੀਆਂ ਉੱਤੇ ਕੇਸ ਦਰਜ ਹੋਣੇ ਚਾਹੀਦੇ ਹਨ, ਫਿਰ ਇਹ ਪੜਤਾਲ ਹੋਣੀ ਚਾਹੀਦੀ ਸੀ। ਭਾਵੇਂ ਕੁਝ ਹੋਵੇ ਸਾਰਾ ਦੋਸ਼ ਬਾਦਲਾਂ 'ਤੇ ਹੀ ਆਵੇਗਾ, ਕਿਉਂਕਿ ਰਾਜ ਤਾਂ ਉਨ੍ਹਾਂ ਦਾ ਸੀ। ਸਿੱਖਾਂ ਨੂੰ ਆਪਣਾ ਗੁਰੂ ਗ੍ਰੰਥ ਸਾਹਿਬ ਪਿਆਰਾ ਹੈ, ਕੋਈ ਵਿਅਕਤੀ ਨਹੀਂ। ਇਸ ਦੇ ਸਿੱਟੇ ਤਾਂ ਸਿਆਸਤਦਾਨਾਂ ਨੂੰ ਭੋਗਣੇ ਹੀ ਪੈਣਗੇ, ਜਿਨ੍ਹਾਂ ਨੇ ਗੁਰੂਆਂ ਨੂੰ ਨਹੀਂ ਬਖਸ਼ਿਆ, ਸਿੱਟੇ ਤੇ ਉਨ੍ਹਾਂ ਨੂੰ ਵੀ ਭੁਗਤਣੇ ਪੈਣਗੇ ਜੋ ਇਸ ਮਸਲੇ ਉੱਤੇ ਸਿੱਖਾਂ ਨਾਲ ਇਨਸਾਫ਼ ਨਹੀਂ ਕਰਨਗੇ। ਸਭ ਐਮ ਐਲ ਏ ਸਾਹਿਬਾਨ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਜਿਨ੍ਹਾਂ ਨੇ ਵਿਧਾਨ ਸਭਾ ਵਿਚ ਇਕਸੁਰ ਹੋ ਕੇ ਇਨਸਾਫ਼ ਲਈ ਅਹਿਮ ਰੋਲ ਅਦਾ ਕੀਤਾ ਤੇ ਖਾਲਸਾ ਪੰਥ ਦੇ ਹਿੱਤ ਵਿਚ ਆਏ।


ਰਜਿੰਦਰ ਸਿੰਘ ਪੁਰੇਵਾਲ