image caption:

ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਦੋ ਹੋਰ ਸੋਨ ਤਗ਼ਮੇ

ਜਕਾਰਤਾ : ਭਾਰਤ ਦੇ ਅਥਲੀਟਾਂ ਦਾ ਸੁਨਿਹਰਾ ਤੇ ਇਤਿਹਾਸਕ ਪ੍ਰਦਰਸ਼ਨ ਜਾਰੀ ਹੈ। ਇੰਡੋਨੇਸ਼ੀਆ ਵਿੱਚ ਖੇਡੀਆਂ ਜਾ ਰਹੀਆਂ 18ਵੀਆਂ ਏਸ਼ਿਅਨ ਖੇਡਾਂ ਵਿੱਚ ਭਾਰਤੀ ਮੁਟਿਆਰਾਂ ਨੇ 4x400 ਮੀਟਰ ਰਿਲੇ ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਹਿਮਾ ਦਾਸ, ਪੂਵੱਮਾ ਰਾਜੂ, ਸਰਿਤਾਬੇਨ ਗਾਇਕਵਾੜ ਤੇ ਵਿਸਮਾਇਆ ਵੇਲੁਵਾਕੋਰੋਥ ਦੀ ਜੋੜੀ ਨੇ ਤਿੰਨ ਮਿੰਟ 28.72 ਸੈਕੰਡ ਵਿੱਚ ਦੌੜ ਪੂਰੀ ਕਰ ਕੇ ਭਾਰਤ ਲਈ ਦੂਜਾ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਦੌੜਾਕ ਜਿਨਸਨ ਜੌਨਸਨ ਨੇ 1500 ਮੀਟਰ ਦੌੜ ਵਿੱਚ ਵੀ ਸੋਨ ਤਗ਼ਮਾ ਜਿੱਤਿਆ।

ਜੌਨਸਨ ਨੇ ਤਿੰਨ ਮਿੰਟ 44.72 ਸੈਕੰਡ ਵਿੱਚ 1500 ਮੀਟਰ ਦੀ ਦੌੜ ਪੂਰੀ ਕੀਤੀ। ਇਸੇ ਦੌੜ ਦੇ ਮਹਿਲਾਵਾਂ ਦੇ ਈਵੈਂਟ ਵਿੱਚ ਚਿੱਤਰਾ ਉੱਨੀਕ੍ਰਿਸ਼ਨਨ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਚਿੱਤਰਾ ਨੇ ਚਾਰ ਮਿੰਟ 12.56 ਸੈਕੰਡ ਵਿੱਚ ਦੌੜ ਪੂਰੀ ਕਰ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਪੁਰਸ਼ਾਂ ਦੀ 4x400 ਮੀਟਰ ਰਿਲੇ ਦੌੜ ਵਿੱਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਹਾਸਲ ਹੋਇਆ ਹੈ। ਕੁਨਹੂ ਮੁਹੰਮਦ, ਧਰੁਣ ਆਇਆਸਾਮੀ, ਮੁਹੰਮਦ ਅਨਸ ਅਤੇ ਰਾਜੀਵ ਅਰੋਕੀਆ ਨੇ ਤਿੰਨ ਮਿੰਟ 01.85 ਸੈਕੰਡ ਵਿੱਚ ਦੌੜ ਪੂਰੀ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ।

ਡਿਸਕਸ ਥ੍ਰੋਅ ਵਿੱਚ ਹਰਿਆਣਾ ਦੀ ਸਟਾਰ ਥ੍ਰੋਅਰ ਸੀਮਾ ਪੂਨੀਆ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੇ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ ਹੈ। ਪਿਛਲੀਆਂ ਏਸ਼ਿਅਨ ਖੇਡਾਂ ਦੀ ਸੋਨ ਤਗ਼ਮਾ ਜੇਤੂ 35 ਸਾਲਾ ਪੂਨੀਆ ਨੇ 62.26 ਮੀਟਰ ਦੂਰ ਡਿਸਕਸ ਸੁੱਟੀ ਤੇ ਬ੍ਰੌਂਜ਼ ਮੈਡਲ ਆਪਣੇ ਨਾਂਅ ਕਰ ਲਿਆ। 18ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤਕ 13 ਸੋਨ, 21 ਚਾਂਦੀ ਅਤੇ 25 ਕਾਂਸੇ ਦੇ ਤਗ਼ਮਿਆਂ ਸਮੇਤ ਕੁੱਲ 59 ਮੈਡਲ ਜਿੱਤ ਲਏ ਹਨ।

ਉੱਧਰ ਪੁਰਸ਼ਾਂ ਦੀ ਹਾਕੀ ਵਿੱਚ ਭਾਰਤ ਦੇ ਹੱਥ ਨਿਰਾਸ਼ਾ ਲੱਗੀ ਹੈ। ਭਾਰਤ ਨੂੰ ਪੈਨਲਟੀ ਸ਼ੂਟਆਊਟ ਵਿੱਚ ਮਲੇਸ਼ੀਆ ਹੱਥੋਂ 7-6 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਨਾਲ ਭਾਰਤ ਦਾ 2020 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸਿੱਧਾ ਦਾਖ਼ਲਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ ਅਤੇ ਹੁਣ ਇਨ੍ਹਾਂ ਖੇਡਾਂ ਵਿੱਚ ਵੀ ਪੁਰਸ਼ਾਂ ਦੀ ਹਾਕੀ ਨੂੰ ਕਾਂਸੇ ਦਾ ਤਗ਼ਮਾ ਹੀ ਮਿਲ ਸਕਦਾ ਹੈ।