image caption: ਤਸਵੀਰ: ਐਮ ਪੀ ਤਨਮਨਜੀਤ ਸਿੰਘ ਢੇਸੀ ਦਾ ਸਨਮਾਨ ਕਰਦੇ ਹੋਏ ਮੇਅਰ ਹਰਮੋਹਿੰਦਰ ਸਿੰਘ ਸੋਹਲ, ਹਰਜੀਤ ਸਿੰਘ ਗਰੇਵਾਲ, ਜੋਗਿੰਦਰ ਸਿੰਘ ਬੱਲ, ਗੁਰਮੇਲ ਸਿੰਘ ਮੱਲੀ, ਤਜਿੰਦਰ ਸਿੰਘ ਸੇਖੋਂ ਅਤੇ ਹੋਰ

ਯੂ ਕੇ ਗੱਤਕਾ ਫੈਡਰੇਸ਼ਨ ਵੱਲੋਂ ਸਿੰਘ ਸਭਾ ਸਲੋਹ ਦੇ ਸਹਿਯੋਗ ਨਾਲ ਸਿੰਘ ਸਭਾ ਸਲੋਹ ਸਪੋਰਟਸ ਸੈਂਟਰ ਵਿਖੇ 6ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ -ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਗ੍ਰੇਵਜੈਂਡ ਜੇਤੂ ਰਿਹਾ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਗੱਤਕਾ ਫੈਡਰੇਸ਼ਨ   ਵੱਲੋਂ ਸਿੰਘ ਸਭਾ ਸਲੋਹ ਦੇ ਸਹਿਯੋਗ ਨਾਲ ਸਿੰਘ ਸਭਾ ਸਪੋਰਟਸ ਸੈਂਟਰ ਸਲੋਹ ਵਿਖੇ 6ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਐਮ ਪੀ ਤਨਮਨਜੀਤ ਸਿੰਘ ਢੇਸੀ ਪ੍ਰਧਾਨ ਗੱਤਕਾ ਫੈਡਰੇਸ਼ਨ ਯੂ ਕੇ ਦੀ ਰਹਿਨੁਮਾਈ ਹੇਠ ਹੋਈ ਇਸ ਚੈਂਪੀਅਨਸ਼ਿਪ ਵਿੱਚ ਲੇਟਨ, ਵੂਲਿਚ, ਗ੍ਰੇਵਜ਼ੈਂਡ, ਸਲੋਹ, ਡਰਬੀ, ਵਿਲਨਹਾਲ, ਸਮੈਦਿਕ, ਸਾਊਥਾਲ, ਮਾਨਚੈਸਟਰ, ਡਾਰਲਿੰਗਟਨ ਤੋਂ 12 ਗੱਤਕਾ ਅਖਾੜਿਆਂ ਦੇ ਬੱਚੇ ਬੱਚੀਆਂ ਨੇ ਹਿੱਸਾ ਲਿਆ। ਸਲੋਹ ਦੇ ਮੇਅਰ ਹਰਮੋਹਿੰਦਰ ਸਿੰਘ ਸੋਹਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸ: ਜੋਗਿੰਦਰ ਸਿੰਘ ਬੱਲ ਨੇ ਇਨਾਮਾਂ ਦੀ ਵੰਡ ਕੀਤੀ। ਇਹ ਮੁਕਾਬਲੇ ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ। ਸਵੇਰੇ 11 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇ ਸੋਟੀ-ਫਰੀ ਮੁਕਾਬਲਿਆਂ ਵਿੱਚ ਮਰਦਾਂ ਵਿੱਚੋਂ 18 ਸਾਲ ਤੋਂ ਵੱਧ ਉਮਰ ਵਰਗ ਵਿਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਗ੍ਰੇਵਜੈਂਡ ਪਹਿਲੇ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੂਜੇ ਸਥਾਨ 'ਤੇ ਆਇਆ।
         ਇਸੇ ਤਰਾਂ ਵਿਅਕਤੀਗਤ ਔਰਤਾਂ ਦੇ 18 ਸਾਲ ਤੋਂ ਵੱਧ ਉਮਰ ਵਰਗ ਵਿੱਚ ਡਾਰਲਿੰਗਟਨ ਤੋਂ ਸੰਦੀਪ ਕੌਰ ਪਹਿਲੇ ਅਤੇ ਡਰਬੀ ਤੋਂ ਉਪਦੇਸ਼ ਕੌਰ ਦੂਜੇ ਸਥਾਨ 'ਤੇ ਆਈ। ਉਧਰ ਲੜਕਿਆਂ ਦੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਅਖਾੜਾ ਸਮੈਦਿਕ (ਟੀਮ ਏ) ਪਹਿਲੇ ਸਥਾਨ 'ਤੇ ਜਦਕਿ ਅਕਾਲ ਸਹਾਇ ਗੱਤਕਾ ਅਖਾੜਾ, ਸਾਊਥਹਾਲ (ਟੀਮ ਬੀ) ਦੂਜੇ ਸਥਾਨ 'ਤੇ ਰਿਹਾ। ਇਸੇ ਤਰਾਂ ਵਿਅਕਤੀਗਤ ਕੁੜੀਆਂ ਦੇ 17 ਸਾਲ ਤੋਂ ਘੱਟ ਉਮਰ ਵਿਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਜੀਵਨ ਕੌਰ ਜੇਤੂ ਰਹੀ ਜਦਕਿ ਅਕਾਲ ਸਹਾਇ ਗੱਤਕਾ ਅਖਾੜਾ ਸਾਊਥਾਲ ਦੀ ਕੋਮਲਪ੍ਰੀਤ ਕੌਰ ਦੂਜੇ ਸਥਾਨ 'ਤੇ ਆਈ।
        ਉਧਰ ਲੜਕਿਆਂ ਦੇ 14 ਸਾਲ ਤੋਂ ਘੱਟ ਉਮਰ ਵਰਗ ਵਿਚ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਡਰਬੀ ਦੀ ਟੀਮ ਬੀ ਪਹਿਲੇ ਅਤੇ ਇਸੇ ਅਖਾੜੇ ਦੀ ਟੀਮ ਏ ਦੂਜੇ ਸਥਾਨ 'ਤੇ ਰਹੀ। ਵਿਅਕਤੀਗਤ ਕੁੜੀਆਂ ਦੇ 14 ਸਾਲ ਤੋਂ ਘੱਟ ਦੀ ਉਮਰ ਵਰਗ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਗੁਰਲੀਨ ਕੌਰ ਪਹਿਲੇ ਜਦਕਿ ਅਕਾਲ ਸਹਾਇ ਗਤਕਾ ਅਖਾੜਾ ਸਾਊਥਹਾਲ ਦੀ ਨਵਜੀਤ ਕੌਰ ਦੂਜੇ ਸਥਾਨ 'ਤੇ ਆਈ।
        ਇਸ ਮੌਕੇ ਵਰਡਲ ਗੱਤਕਾ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵਲੋਂ ਗੱਤਕਾ ਪ੍ਰੋਮੋਟਰ ਹਰਜੀਤ ਸਿੰਘ ਗਰੇਵਾਲ ਨੇ ਤਨਮਨਜੀਤ ਸਿੰਘ ਢੇਸੀ ਨੂੰ ਸਨਮਾਨਿਤ ਕੀਤਾ। ਯੂ ਕੇ ਵਿੱਚ ਗੱਤਕਾ ਨੂੰ ਪ੍ਰਫੁਲਤ ਕਰਨ ਲਈ ਸ: ਢੇਸੀ ਵੱਲੋਂ ਆਰੰਭੇ ਯਤਨਾਂ ਸਦਕਾ ਇਸ ਵਾਰ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 12000 ਪੌਂਡ ਨਕਦ ਰਾਸ਼ੀ ਦਾ ਸਨਮਾਨ ਕੀਤਾ ਗਿਆ। ਐਮ ਪੀ ਢੇਸੀ ਨੇ ਕਿਹਾ ਕਿ ਗੱਤਕਾ ਖੇਡ ਵੀ ਹੈ, ਸਰੀਰਕ ਤੰਦਰੁਸਤੀ ਲਈ ਕਸਰਤ ਦਾ ਢੰਗ ਵੀ ਅਤੇ ਇਸ ਨਾਲ ਹੀ ਸਵੈ ਰੱਖਿਆ ਦਾ ਸਾਧਨ ਵੀ ਹੈ। ਉਹਨਾਂ ਕਿਹਾ ਕਿ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਦੇ ਸਫ਼ਰ ਦੌਰਾਨ ਕਾਫਲਾ ਵੱਡਾ ਹੁੰਦਾ ਜਾਂਦਾ ਹੈ। ਪਰ ਅਜੇ ਵੀ ਗੱਤਕਾ ਦੀ ਪ੍ਰਫੁਲਤਾ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਉਹਨਾਂ ਐਸ ਪੀ ਸਿੰਘ ਉਬਰਾਏ, ਹਰਜੀਤ ਸਿੰਘ ਗਰੇਵਾਲ, ਹਰਮਨ ਸਿੰਘ ਅਤੇ ਸਿੰਘ ਸਭਾ ਸਲੋਹ ਦੀ ਪ੍ਰਬੰਧਕ ਕਮੇਟੀ, ਪ੍ਰਧਾਨ ਜੋਗਿੰਦਰ ਸਿੰਘ ਬੱਲ ਵੱਲੋਂ ਦਿੱਤੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ, ਚੈਂਪੀਅਨਸ਼ਿਪ ਦੌਰਾਨ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਰਡਲ ਗੱਤਕਾ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਐਮ ਪੀ ਤਨਮਨਜੀਤ ਸਿੰਘ ਢੇਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਗੀ ਮਾਹਲ ਨੇ ਸਰਦਾਰੀਆਂ ਗੀਤ ਨਾਲ ਹਾਜ਼ਰੀ ਲਵਾਈ, ਇਸ ਮੌਕੇ ਬੱਚਿਆਂ, ਬੀਬੀਆਂ ਅਤੇ ਬਜੁਰਗਾਂ ਦੀਆਂ ਦੌੜਾਂ ਤੋਂ ਇਲਾਵਾ ਘੋਲ ਵੀ ਕਰਵਾਏ ਗਏ। ਇਸ ਮੌਕੇ ਰਾਮਗੜੀਆ ਸਭਾ ਸਲੋਹ ਦੇ ਹਰਜਿੰਦਰ ਸਿੰਘ ਗਹੀਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲੀ, ਕੇਵਲ ਸਿੰਘ ਰੰਧਾਵਾ, ਸੁਖਦੇਵ ਸਿੰਘ ਸੋਖਾ ਉਦੋਪੁਰ, ਸਰਬਜੀਤ ਸਿੰਘ ਵਿਰਕ, ਬਲਿਹਾਰ ਸਿੰਘ ਲੱਖਾ ਸਿੰਘ, ਸੋਡੀ ਫਤਹਿ ਸਕੈਫਫੋਲਡਿੰਗ, ਤਜਿੰਦਰ ਸਿੰਘ ਸੇਖੋਂ, ਸ਼ਮਿੰਦਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਗਰੇਵਾਲ, ਸਾਧੂ ਸਿੰਘ ਜੋਗੀ, ਪ੍ਰਭਜੋਤ ਸਿੰਘ ਮੋਹੀ, ਤਲਵਿੰਦਰ ਸਿੰਘ ਢਿਲੋਂ, ਗੁਰਚਰਨ ਸਿੰਘ ਸੂਜਾਪੁਰ, ਹਰਜਿੰਦਰ ਸਿੰਘ ਮੰਡੇਰ, ਗਿਆਨੀ ਪਿਆਰਾ ਸਿੰਘ ਡਰਬੀ, ਹਰਬਿੰਦਰ ਸਿੰਘ ਗੜੀਬਖ਼ਸ਼ ਆਦਿ ਹਾਜ਼ਿਰ ਸਨ। ਚੈਂਪੀਅਨਸ਼ਿਪ ਦੀ ਕੁਮੈਂਟਰੀ ਦਵਿੰਦਰ ਸਿੰਘ ਪਤਾਰਾ ਅਤੇ ਸੋਖਾ ਢੇਸੀ ਨੇ ਕੀਤੀ।  ਇਨਾਮਾਂ ਲਈ ਬਚਿੱਤਰ ਸਿੰਘ ਹੋਠੀ ਸਲੋਹ, ਸਵਰਨ ਸਿੰਘ ਹੋਠੀ, ਸੋਹਨ ਸਿੰਘ ਹੋਠੀ, ਐਸ ਪੀ ਸਿੰਘ ਉਬਰਾਏ, ਜਸਪਾਲ ਸਿੰਘ ਢੇਸੀ ਸਲੋਹ, ਸਲੋਹ ਸਪੋਰਟਸ ਐਂਡ ਕਲਚਰਲ ਸੁਸਾਇਟੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ, ਹਰਜਿੰਦਰ ਸਿੰਘ ਗਹੀਰ, ਸਤਨਾਮ ਸਿੰਘ ਗਿੱਲ ਅਤੇ ਬੌਬੀ ਜੁਟਲਾ ਸਲੋਹ ਰਾਮਗੜੀਆ ਗੁਰਦੁਆਰਾ, ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਲੋਹ, ਰੇਸ਼ਮ ਸਿੰਘ ਡੇਲ, ਫਤਹਿ ਸਕੈਫਫੋਲਡਿੰਗ (ਕੇਵਲ ਸਿੰਘ ਰੰਧਾਵਾ, ਸੋਢੀ ਧੂਤੀ) ਹਰਨੇਕ ਸਿੰਘ ਨੇਕਾਮੈਰੀਪੁਰ, ਤਜਿੰਦਰ ਸਿੰਘ ਸੇਖੋਂ ਸਲੋਹ, ਸੁਰਿੰਦਰ ਸਿੰਘ ਮਾਣਕ ਈਰਥ, ਗੁਰਮੇਲ ਸਿੰਘ ਮੱਲੀ ਸਾਊਥਾਲ, ਹਰਜਿੰਦਰ ਸਿੰਘ ਬੱਲ ਅਤੇ ਸਦੀਪ ਸਿੰਘ ਰਾਓ ਐਗਜ਼ੌਟਿਕ ਗਰੁੱਪ ਸਲੋਹ, ਬਾਗੀ ਸਿੰਘ ਸੰਧੂ ਅਤੇ ਸਰਬਜੀਤ ਸਿੰਘ ਵਿਰਕ ਸਲੋਹ, ਹਰਮੋਹਿੰਦਰ ਸਿੰਘ ਸੋਹਲ ਮੇਅਰ ਸਲੋਹ, ਪ੍ਰਭਜੋਤ ਸਿੰਘ ਬਿਟੂ ਮੋਹੀ, ਗੁਰਚਰਨ ਸਿੰਘ ਸੂਜਾਪੁਰ ਆਦਿ ਵੱਲੋਂ ਸਹਿਯੋਗ ਦਿੱਤਾ ਗਿਆ।