image caption:

US ੳਪਨ ਦੇ ਫਾਈਨਲ 'ਚ ਸੇਰੇਨਾ ਵਿਲੀਅਮਜ਼ ਤੇ ਅੰਪਾਇਰ ਵਿਚਕਾਰ ਖੜਕੀ, ਸੇਰੇਨਾ ਨੂੰ 17 ਹਜ਼ਾਰ ਡਾਲਰ ਦਾ ਜ਼ੁਰਮਾਨਾ

   ਵਾਸ਼ਿੰਗਟਨ- ਅਮਰੀਕਾ ਦੀ ਮਸ਼ਹੂਰ ਟੈਨਿਸ ਖਿਡਾਰਣ ਸੇਰੇਨਾ ਵਿਲੀਅਮਜ਼ ਇੰਨ੍ਹੀ ਦਿਨੀਂ ਯੂ.ਐਸ ੳਪਨ ਦੇ ਫਾਈਨਲ ਮੁਕਾਬਲੇ 'ਚ ਕੀਤੀ ਆਪਣੀ ਹਰਕਤ ਕਾਰਨ ਖੂਬ ਚਰਚਾ 'ਚ ਹੈ। ਵਿਲੀਅਮਜ਼ ਨੇ ਟੈਨਿਸ ਕੋਰਟ 'ਚ ਲਗਾਤਾਰ ਤਿੰਨ ਗਲਤੀਆਂ ਕੀਤੀਆਂ ਜਿਸ ਕਾਰਨ ਉਸਨੂੰ ਮੈਚ ਅੰਪਾਇਰ ਕਾਰਲੌਸ ਰਾਮੋਸ ਨੇ 17 ਹਜ਼ਾਰ ਡਾਲਰ ਦਾ ਜ਼ੁਰਮਾਨਾ ਠੋਕ ਦਿੱਤਾ।

    ਸ਼ਨੀਵਾਰ ਰਾਤ ਹੋਏ ਯੂ ਐਸ ੳਪਨ ਦੇ ਫਾਈਨਲ ਮੁਕਾਬਲੇ 'ਚ ਸੇਰੇਨਾ ਵਿਲੀਅਮਜ਼ ਦਾ ਮੁਕਾਬਲਾ ਜਪਾਨ ਦੀ ਖਿਡਾਰਣ ਨਉਮੀ ਓਸਾਕਾ ਨਾਲ ਹੋਇਆ ਸੀ ਜਿਸ ਵਿਚ ਨਉਮੀ ਓਸਾਕਾ ਜੇਤੂ ਰਹੀ। ਪਰ ਮੁਕਾਬਲੇ ਦਰਮਿਆਨ ਸੇਰੇਨਾ ਵਿਲੀਅਮਜ਼ ਨੇ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਕਾਰਨ ਉਸਨੂੰ ਇੰਨਾ ਵੱਡਾ ਜ਼ੁਰਮਾਨਾ ਤਾਂ ਲੱਗਾ ਹੀ, ਨਾਲ ਹੀ ਪੂਰੀ ਟੈਨਿਸ ਦੁਨੀਆ 'ਚ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ।

    ਵਿਲੀਅਮਜ਼ ਨੇ ਮੈਚ ਅੰਪਾਇਰ ਨੂੰ 'ਚੋਰ' ਤੱਕ ਕਹਿ ਦਿੱਤਾ। ਉਸਨੇ ਕਿਹਾ ਕਿ ਅੰਪਾਇਰ ਨੇ ਮੇਰੇ ਅੰਕ ਚੁਰਾ ਲਏ। ਇਥੇ ਹੀ ਨਹੀਂ, ਮੈਚ ਅੰਪਾਇਰ ਨੇ ਸੇਰੇਨਾ ਵਿਲੀਅਮਜ਼ ਦੇ ਕੋਚ ਨੂੰ ਇਸ਼ਾਰੇ ਕਰਦੇ ਦੇਖਿਆ, ਜਿਸ ਨਾਲ ਇਹ ਲੱਗ ਰਿਹਾ ਸੀ ਕਿ ਉਹ ਵਿਲੀਅਮਜ਼ ਨੂੰ ਚਲਦੇ ਮੁਕਾਬਲੇ ਵਿਚ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕਰਕੇ ਅੰਪਾਇਰ ਨੇ ਵਿਲੀਅਮਜ਼ 'ਤੇ ਇਕ ਹੋਰ ਕੋਡ ਆਫ ਵਾਇਲੇਸ਼ਨ ਲਗਾ ਦਿੱਤਾ। ਇਸਤੋਂ ਬਾਅਦ ਵਿਲੀਅਮਜ਼ ਨੇ ਅੰਪਾਇਰ ਨਾਲ ਬਹਿਸ ਬਾਜ਼ੀ ਸ਼ੁਰੂ ਕੀਤੀ ਕਿ ਉਹ ਪੁਰਸ਼ਾਂ ਤੇ ਔਰਤਾਂ ਵਿਚ ਭੇਦਭਾਵ ਕਰ ਰਿਹਾ ਹੈ। ਉਸਨੇ ਕਿਹਾ ਕਿ ਇਹ ਸ਼ਰੇਆਮ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਵਿਲੀਅਮਜ਼ ਦੇ ਇਸ ਵਤੀਰੇ 'ਤੇ ਅੰਪਾਇਰ ਨੇ ਇਕ ਹੋਰ ਕੋਡ ਆਫ ਵਾਇਲੇਸ਼ਨ ਠੋਕ ਦਿੱਤਾ। ਜਿਸ 'ਤੇ ਸੇਰੇਨਾ ਵਿਲੀਅਮਜ਼ ਨੇ ਆਪਣਾ ਬੱਲਾ ਧਰਤੀ ਨਾਲ ਪਟਕਾ ਕੇ ਮਾਰਿਆ।

    ਸੇਰੇਨਾ ਵਿਲੀਅਮਜ਼ ਦੇ ਇਸ ਵਤੀਰੇ ਦੀਆਂ ਦੂਜੇ ਦਿਨ ਅਮਰੀਕੀ ਅਖਬਾਰਾਂ 'ਚ ਸੁਰਖੀਆਂ ਛਪੀਆਂ। ਉਥੇ ਹੀ ਬਹੁਤ ਹੀ ਮਸ਼ਹੂਰ ਤੇ ਵਿਵਾਦਿਤ ਕਾਰਟੂਨਿਸਟ 'ਮਾਰਕ ਨਾਈਟ' ਨੇ ਸੇਰੇਨਾ ਵਿਲੀਅਮਜ਼ ਦਾ ਮੈਚ ਦੌਰਾਨ ਇਸ ਹਰਕਤ ਦਾ ਕੈਰੀਕੇਚਰ ਬਣਾ ਕੇ ਪਬਲਿਸ਼ ਕੀਤਾ। ਜਿਸ 'ਤੇ ਇਕ ਵਿਵਾਦ ਹੋਰ ਵੀ ਭਖ ਗਿਆ। ਕਈਆਂ ਨੇ ਇਸਨੂੰ ਨਸਲੀ ਵਿਤਕਰਾ ਦਰਸਾਉਂਦਿਆਂ ਕਾਰਟੂਨਿਸਟ ਦੀ ਸਖਤ ਸ਼ਬਦਾਂ 'ਚ ਅਲੋਚਨਾ ਕੀਤੀ। ਪਰ ਉਥੇ ਹੀ ਕਾਰਟੂਨਿਸਟ ਮਾਰਕ ਨਾਈਟ ਨੇ ਆਪਣੀ ਅਲੋਚਨਾ ਕਰ ਰਹੇ ਵਿਅਕਤੀਆਂ ਨੂੰ ਕਿਹਾ ਕਿ ਜਦੋਂ ਗੱਲ ਸੁਭਾਅ ਦੀ ਹੋਵੇ ਤਾਂ ਉਥੇ ਨਸਲਵਾਦ ਨਹੀਂ ਲੈ ਕੇ ਆਉਣ ਚਾਹੀਦਾ। ਉਨ੍ਹਾਂ ਕਿਹਾ ਕਿ 'ਮੈਂ ਸਿਰਫ ਵਿਲੀਅਮਜ਼ ਦਾ ਟੈਨਿਸ ਮੈਦਾਨ 'ਚ ਸੁਭਾਅ ਨੂੰ ਚਿਤਰਿਆ ਹੈ।''