ਉੱਭਰਦੇ ਪੰਜਾਬੀ ਗਾਇਕ ਦੀ ਤੇਜ਼ ਰਫਤਾਰ ਗੱਡੀ ਨੇ ਸੈਰ ਕਰਦੇ ਭੈਣ-ਭਰਾ ਨੂੰ ਮਾਰੀ ਫੇਟ, ਹੋਈ ਮੌਤ
  ਮੋਹਾਲੀ - ਸੋਮਵਾਰ ਸਵੇਰ ਨੂੰ ਮੋਹਾਲੀ ਦੇ ਫੇਜ਼ - 11 ਵਿਚ ਇਕ ਤੇਜ਼ ਰਫਤਾਰ ਕਾਰ ਨੇ ਸੈਰ ਕਰ ਰਹੇ ਭੈਣ ਭਰਾ ਨੂੰ ਟੱਕਰ ਮਾਰੀ ਤੇ ਦੋਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਨਦੀਪ ਸਿੰਘ (37) ਅਤੇ ਉਸਦੀ ਵੱਡੀ ਭੈਣ ਇੰਦਰਜੀਤ ਕੌਰ (40) ਫੇਜ਼ 11 ਦੇ ਰਹਿਣ ਵਾਲਿਆਂ ਵਜੋਂ ਹੋਈ। ਸਵੇਰੇ ਜਦੋਂ ਉਹ ਸੈਰ ਕਰ ਰਹੇ ਸਨ ਤਾਂ ਤੇਜ਼ ਹੌਂਡਾ ਸਿਟੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
    ਸੋਮਵਾਰ ਨੂੰ ਮੋਹਾਲੀ ਵਿਚ ਵਾਪਰੇ ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਰਣਜੀਤ ਸਿੰਘ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਕਾਰਨ ਨਾਲ ਦੋਹਾਂ ਨੂੰ ਟੱਕਰ ਮਾਰਨ ਵਾਲਾ ਡਰਾਈਵਰ ਨੌਜਵਾਨ ਰਣਜੀਤ ਸਿੰਘ, ਮੁਕਤਸਰ ਦਾ ਰਹਿਣ ਵਾਲਾ ਹੈ ਤੇ ਪੁਲਿਸ ਨੇ ਦੱਸਿਆ ਕਿ ਉਹ ਇਕ ਉੱਭਰ ਰਿਹਾ ਗਾਇਕ ਹੈ। ਪੁਲੀਸ ਨੇ ਉਸਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਕਿਉਂਕਿ ਉਹ ਦੋਹਾਂ ਨੂੰ ਫੇਟ ਮਾਰ ਕੇ ਭੱਜਿਆ ਨਹੀਂ। ਬਾਅਦ ਵਿਚ ਨੌਜਵਾਨ ਨੂੰ ਜ਼ਮਾਨਤ 'ਤੇ ਰਿਹਾ ਵੀ ਕਰ ਦਿੱਤਾ ਗਿਆ ਸੀ।
    ਅਮਨਦੀਪ ਇਕ ਪ੍ਰਾਈਵੇਟ ਕੰਪਨੀ 'ਚ ਸਿਵਲ ਇੰਜੀਨੀਅਰ ਸੀ, ਜਦੋਂ ਕਿ ਇੰਦਰਜੀਤ ਕੌਰ ਪ੍ਰਾਈਵੇਟ ਸਕੂਲ 'ਚ ਅਧਿਆਪਕ ਸੀ। ਮ੍ਰਿਤਕ ਅਮਨਦੀਪ ਦੀ ਘਰਵਾਲੀ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਨਣਦ ਨਾਲ ਸਵੇਰੇ 5:05 ਵਜੇ ਸਵੇਰੇ ਸੈਰ ਕਰਨ ਮਗਰੋਂ ਵਾਪਸ ਆ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਸੜਕ ਪਾਰ ਕਰ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਫੇਜ਼-11 ਦੇ ਐਸਐਚੳ ਨੇ ਦੱਸਿਆ ਕਿ ਉਹਨਾਂ ਨੇ ਕੇਸ ਦਰਜ ਕਰ ਲਿਆ ਹੈ ਅਤੇ ਉਹ ਜਾਂਚ ਕਰ ਰਹੇ ਨੇ ਕਿ ਕਿਤੇ ਕਾਰ ਚਲਾ ਰਹੇ ਨੌਜਵਾਨ ਦਾ ਨਸ਼ਾ ਵਗੈਰਾ ਤਾਂ ਨਹੀਂ ਸੀ ਕੀਤਾ ਹੋਇਆ।