image caption:

ਅਕਾਲੀ ਦਲ ਦੀ ਪੋਲ ਖੋਲ੍ਹ ਰੈਲੀ ਦਾ ਵਿਰੋਧ, ਹੁਣ ਕੋਟਕਪੂਰਾ ਦੀ ਥਾਂ ਫਰੀਦਕੋਟ ਹੋਏਗੀ ਰੈਲੀ

ਕੋਟਕਪੂਰਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਫ਼ਰੀਦਕੋਟ ਦੇ ਕਸਬੇ ਕੋਟਕਪੂਰਾ ਵਿੱਚ ਕੀਤੀ ਜਾ ਰਹੀ ਪੋਲ ਖੋਲ੍ਹ ਰੈਲੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਹ ਵਿਰੋਧ ਕੋਈ ਹੋਰ ਨਹੀਂ ਸਗੋਂ ਬਰਗਾੜੀ ਮੋਰਚਾ ਲਾਈ ਬੈਠੀਆਂ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ। ਅਕਾਲੀ ਦਲ ਦੀ ਇਸ ਰੈਲੀ ਨੂੰ ਰੱਦ ਕਰਵਾਉਣ ਲਈ ਅੱਜ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ।
ਹਾਲਾਂਕਿ ਅਕਾਲੀ ਦਲ ਵੱਲੋਂ ਇਸ ਰੈਲੀ ਨੂੰ 15 ਦੀ ਬਜਾਏ 16 ਸਤੰਬਰ ਨੂੰ ਫ਼ਰੀਦਕੋਟ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਸਿੱਖ ਜਥੇਬੰਦੀਆਂ ਰੈਲੀ ਨੂੰ ਰੋਕਣ ਦੀ ਅਪੀਲ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਲੋਕ ਆਕਾਲੀ ਦਲ ਨੂੰ ਸਿੱਖ ਵਿਰੋਧੀ ਪਾਰਟੀ ਵਜੋਂ ਵੇਖ ਰਹੇ ਹਨ। ਇਸ ਲਈ ਰੈਲੀ ਕਾਰਨ ਮਾਹੌਲ ਤਣਾਅ ਭਰਿਆ ਹੋ ਸਕਦਾ ਹੈ।

ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਆਕਾਲੀ ਦਲ ਬਾਦਲ ਸਿੱਖ ਵਿਰੋਧੀ ਪਾਰਟੀ ਹੈ। ਇਨ੍ਹਾਂ ਦੀ ਸਰਕਾਰ ਵੇਲੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਇਸ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟਾ ਰਹੀ ਸਿੱਖ ਸੰਗਤ 'ਤੇ ਪੁਲਿਸ ਦਾ ਕਹਿਰ ਟੁੱਟਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਇਹ ਸਭ ਸਾਹਮਣੇ ਆਇਆ ਹੈ। ਇਸ ਕਰਕੇ ਸਿੱਖ ਸੰਗਤ ਇਨ੍ਹਾਂ ਦੇ ਖਿਲਾਫ ਹੈ। ਉਨ੍ਹਾਂ ਕਿਹਾਕਿ ਜੇਕਰ ਅਕਾਲੀ ਦਲ ਫ਼ਰੀਦਕੋਟ ਵਿੱਚ ਰੈਲੀ ਕਰਦਾ ਹੈ ਤਾਂ ਸਿੱਖ ਸੰਗਤ ਵਿਰੋਧ ਕਰੇਗੀ।

ਰੈਲੀ ਦੇ ਸਬੰਧੀ ਆਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤੀਸ਼ ਗਰੋਵਰ ਨੇ ਕਿਹਾ ਕਿ ਜਹਿੜੀ ਰੈਲੀ 15 ਸਤੰਬਰ ਨੂੰ ਕੋਟਕਪੂਰਾ ਵਿੱਚ ਹੋਣੀ ਸੀ, ਉਹ ਹੁਣ 16 ਸਤੰਬਰ ਨੂੰ ਫ਼ਰੀਦਕੋਟ ਦੀ ਨਵੀਂ ਅਨਾਜ ਮੰਡੀ ਵਿੱਚ ਹੋਵੇਗੀ। ਇਸ ਰੈਲੀ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਪੁਹੰਚ ਰਹੇ ਹਨ। ਸਿੱਖ ਜਥੇਬੰਦੀਆਂ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਹੀ ਪੰਜਾਬ ਵਿੱਚ ਮਾਹੌਲ ਖ਼ਰਾਬ ਕਰਵਾਉਣਾ ਚਾਹੁੰਦੀ ਹੈ।