image caption:

ਸੁਰਵੀਨ ਚਾਵਲਾ ਦੀ ਜ਼ਮਾਨਤ 'ਤੇ ਸੁਣਵਾਈ 17 ਸਤੰਬਰ ਨੂੰ

ਹੁਸ਼ਿਆਰਪੁਰ-  ਧੋਖਾਧੜੀ ਮਾਮਲੇ ਵਿਚ ਫਸੀ ਅਦਾਕਾਰਾ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੇ ਠਾਕੁਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੁਣ 17 ਸਤੰਬਰ ਨੂੰ ਹੋਵੇਗੀ। ਸੋਮਵਾਰ ਨੂੰ ਹੋਈ ਸੁਣਵਾਈ ਵਿਚ ਅਦਾਲਤ ਵਲੋਂ ਮੰਗਿਆ ਰਿਕਾਰਡ ਅਧੂਰਾ ਹੋਣ ਕਾਰਨ ਅਦਾਲਤ ਨੇ ਸੋਮਵਾਰ ਨੂੰ ਸੁਣਵਾਈ ਮਗਰੋਂ ਅਗਲੀ ਤਰੀਕ ਪਾ ਦਿੱਤੀ।  ਦੱਸਣਯੋਗ ਹੈ ਕਿ ਸੁਰਵੀਨ ਤੇ ਪਤੀ ਅਕਸ਼ੇ 'ਤੇ ਹੁਸ਼ਿਆਰਪੁਰ ਦੇ ਵਪਾਰੀ ਸਤਪਾਲ ਗੁਪਤਾ ਨੇ ਧੋਖਾਧੜੀ ਦਾ ਦੋਸ਼ ਲਾਉਂਦਿਆਂ ਮਾਮਲਾ ਦਰਜ ਕੀਤਾ ਸੀ। ਸਤਪਾਲ ਨੇ ਸੁਰਵੀਨ 'ਤੇ  40 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਇਆ ਸੀ। ਜਿਸ ਮਗਰੋਂ ਅਦਾਕਾਰਾ ਸੁਰਵੀਨ ਤੇ ਪਤੀ ਅਕਸ਼ੇ 'ਤੇ ਹੁਸ਼ਿਆਰਪੁਰ ਦੇ ਥਾਣਾ ਸਿਟੀ ਵਿਚ ਲਿਖਤੀ ਮਾਮਲਾ ਦਰਜ ਕੀਤਾ ਸੀ।ਇਸ ਮਾਮਲੇ ਵਿਚ ਸੁਰਵੀਨ ਦੇ ਪਰਿਵਾਰਕ ਮੈਂਬਰਾਂ ਨੇ ਜ਼ਮਾਨਤ ਦੀ ਅਰਜ਼ੀ ਲਗਾਈ ਹੈ ਜਿਸ ਦੀ ਪਹਿਲੀ ਸੁਣਵਾਈ ਵੇਲੇ ਸੁਰਵੀਨ ਤੇ ਅਕਸ਼ੇ ਨੂੰ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਕੱਚੀ ਜ਼ਮਾਨਤ ਦੇ ਦਿੱਤੀ ਸੀ ਤੇ ਪੱਕੀ ਜ਼ਮਾਨਤ ਲਈ ਕਈ ਤਰੀਕਾਂ ਪੈ ਚੁੱਕੀਆਂ ਹਨ। ਦੱਸਣਯੋਗ ਹੈ ਕਿ 4 ਜੂਨ ਤੋਂ ਬਾਅਦ ਕਈ ਵਾਰ ਸੁਣਵਾਈ ਹੋਈ ਲੇਕਿਨ 10 ਸਤੰਬਰ ਨੂੰ ਵੀ ਜ਼ਮਾਨਤ 'ਤੇ ਫ਼ੈਸਲਾ ਨਹੀਂ ਹੋ ਸਕਿਆ ਸੀ। ਸੋਮਵਾਰ ਨੂੰ ਵੀ ਅਦਾਲਤ ਵਿਚ ਪੁਲਿਸ ਤੋਂ ਰਿਕਾਰਡ ਪੇਸ਼ ਨਹੀਂ  ਹੋਇਆ ਜਿਸ ਕਰਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਅਗਲੀ ਸੁਣਵਾਈ 17 ਸਤੰਬਰ ਨੂੰ ਮੁਕਰਰ ਕੀਤੀ ਹੈ।