image caption: ਰਜਿੰਦਰ ਸਿੰਘ ਪੁਰੇਵਾਲ

ਕਨੂਪ੍ਰਿਯਾ ਦੀ ਇਤਿਹਾਸਕ ਜਿੱਤ ਬਨਾਮ ਦਲ ਖਾਲਸਾ

        ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਦੀਆਂ ਸਾਰੀਆਂ ਸਟੂਡੈਂਟਸ ਪਾਰਟੀਆਂ ਨੇ ਆਪਣੀ ਪੁਰਾਣੀ ਤਰਜ਼ 'ਤੇ ਚੋਣ ਮੈਦਾਨ ਵਿਚ ਪੁਰਸ਼ ਉਮੀਦਵਾਰ ਉਤਾਰ ਦਿੱਤੇ। ਏਬੀਪੀਪੀ ਜੋ ਸੰਘ ਪਰਿਵਾਰ ਨਾਲ ਸੰਬੰਧਿਧ ਸੀ, ਕਾਂਗਰਸ ਦੀ ਐਨਐਸਯੂਆਈ, ਸ਼੍ਰੋਮਣੀ ਅਕਾਲੀ ਦਲ ਦੀ ਐਸਓਆਈ, ਸਭ ਨੇ ਪੁਰਸ਼ ਉਮੀਦਵਾਰ ਉਤਾਰੇ। ਪਰ ਖੱਬੇ ਪੱਖੀਆਂ ਦੀ ਯੂਨੀਅਨ ਐਸਐਫਐਸ ਨੇ ਇਕੱਲੀ ਲੜਕੀ ਕਨੂਪ੍ਰਿਯਾ ਨੂੰ ਮੈਦਾਨ ਵਿਚ ਉਤਾਰਿਆ। ਏ ਬੀ ਪੀ ਪੀ, ਐ ਓ ਆਈ, ਐਨ ਐਸ ਯੂ ਆਈ ਵਰਗੀਆਂ ਪਾਰਟੀਆਂ ਆਪਣੇ ਪੈਸੇ, ਬਾਹੂਬਲ 'ਤੇ ਚੋਣਾਂ ਲੜੀਆਂ ਤੇ ਬਹੁਤ ਸਾਰਾ ਪੈਸਾ ਖਰਚਿਆ ਗਿਆ। ਪਰ ਐਸਐਫਐਸ ਦੀ ਕਨੂਪ੍ਰਿਯਾ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਤੇ ਰਣਨੀਤੀ ਨਾਲ ਵਿਦਿਆਰਥੀਆਂ ਦੇ ਮੁੱਦਿਆਂ 'ਤੇ ਆਪਣੀ ਵੋਟ ਮੰਗ ਰਹੀ ਸੀ। ਉਸ ਦੇ ਜਾਦੂਮਈ ਭਾਸ਼ਣਾਂ ਕਾਰਨ ਲੜਕੀਆਂ ਤੇ ਵਿਦਿਆਰਥੀਆਂ ਦਾ ਹਜ਼ੂਮ ਜੁੜਨ ਲੱਗਾ। ਕਿਹਾ ਜਾਂਦਾ ਹੈ ਕਿ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਸੰਘ ਪਰਿਵਾਰ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਉੱਪਰ ਏਬੀਪੀਪੀ ਨੂੰ ਜਿਤਾਉਣ ਲਈ ਦਬਾਅ ਦਾ ਕੰਮ ਕਰ ਰਿਹਾ ਸੀ। ਆਰ ਐਸ ਐਸ ਪੂਰੇ ਕਾਲਜਾਂ 'ਤੇ, ਪੂਰੀਆਂ ਯੂਨੀਵਰਸਿਟੀਆਂ 'ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ, ਕਨੂਪ੍ਰਿਯਾ ਦੀ ਜਾਦੂਮਈ ਸਖਸ਼ੀਅਤ ਅੱਗੇ ਸਭ ਢੇਰ ਹੋ ਗਏ। ਜਦੋਂ ਵੋਟਾਂ ਦੀ ਗਿਣਤੀ ਹੋਣ ਲੱਗੀ ਤਾਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਹਿਰਾਉਣ ਲੱਗੀ ਕਿਉਂਕਿ ਕਨੂਪ੍ਰਿਯਾ ਸਭ ਤੋਂ ਅੱਗੇ ਚਲ ਰਹੀ ਸੀ। ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ। ਲਗਭਗ 8 ਵਜੇ ਜਿੱਤ ਦਾ ਐਲਾਨ ਹੋ ਗਿਆ। ਆਰ ਐਸ ਐਸ ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ ਨਾ ਕਰ ਸਕੀ। ਕਨੂਪ੍ਰਿਯਾ ਨੇ 2802 ਵੋਟਾਂ ਹਾਸਲ ਕੀਤੀਆਂ ਤੇ ਏਬੀਪੀਪੀ ਦੇ ਆਸ਼ੀਸ਼ ਰਾਣਾ ਨੂੰ 2083 ਵੋਟਾਂ ਪਈਆਂ। ਭਗਵੇਂਵਾਦੀ 719 ਵੋਟਾਂ ਦੇ ਭਾਰੀ ਅੰਤਰ ਨਾਲ ਹਾਰ ਗਏ। ਜਿੱਤ ਦੇ ਬਾਅਦ ਕਨੂਪ੍ਰਿਯਾ ਦਾ ਕਹਿਣਾ ਸੀ ਕਿ ਇਹ ਮੇਰੀ ਇਕੱਲੀ ਦੀ ਜਿੱਤ ਨਹੀਂ, ਇਹ ਸਭ ਦੀ ਜਿੱਤ ਹੈ। ਬਾਹੂਬਲੀ ਅਤੇ ਧਨ ਦੀ ਟੇਕ ਰੱਖਣ ਵਾਲੇ ਤੇ ਭਗਵੀਂਆਂ ਫਾਸ਼ੀਵਾਦੀ ਤਾਕਤਾਂ ਸਾਡੀ ਤਾਕਤ ਅੱਗੇ ਠਹਿਰ ਨਾ ਸਕੀਆਂ। ਇਸ ਜਿੱਤ ਦੇ ਨਾਲ ਪੰਜਾਬ ਯੂਨੀਵਰਸਿਟੀਦੀ ਕਨੂਪ੍ਰਿਯਾ ਪਹਿਲੀ ਔਰਤ ਵਿਦਿਆਰਥੀ ਮੁਖੀ ਬਣ ਗਈ ਹੈ। ਜਦੋਂ ਇਸ ਸੰਬੰਧ ਵਿਚ ਮੀਡੀਆ ਨੇ ਕਨੂਪ੍ਰਿਯਾ ਨੂੰ ਪੁੱਛਿਆ ਕਿ ਉਸ ਦੇ ਦਲ ਖਾਲਸਾ ਨਾਲ ਕੀ ਸੰਬੰਧ ਹਨ ਤੇ ਦਲ ਖਾਲਸਾ ਦੀ ਸਹਾਇਤਾ ਕਿਉਂ ਲਈ ਗਈ ਤਾਂ ਉਸ ਨੇ ਕਿਹਾ ਕਿ ਦਲ ਖਾਲਸਾ ਨੇ ਉਸ ਸਮੇਂ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਸ਼ਾਂਤ ਰੱਖਿਆ ਤੇ ਭਗਵੀਂ ਤਾਕਤਾਂ ਨੂੰ ਨੱਥ ਪਾਈ, ਜੋ ਧੱਕੇ ਨਾਲ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨੀਆਂ ਚਾਹੁੰਦੀਆਂ ਸਨ ਤੇ ਵਿਦਿਆਰਥੀ ਯੂਨੀਅਨ 'ਤੇ ਕਬਜ਼ਾ ਕਰਨਾ ਚਾਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਦਲ ਖਾਲਸੇ ਦਾ ਨਿਸ਼ਾਨਾ ਖਾਲਿਸਤਾਨ ਹੈ, ਪਰ ਸਾਡੀ ਉਨ੍ਹਾਂ ਦੀ ਏਕਤਾ ਮਨੁੱਖੀ ਅਧਿਕਾਰਾਂ ਤੇ ਸਾਂਝੀਵਾਲਤਾ ਕਰਕੇ ਹੈ। ਉਹ ਮਨੁੱਖਤਾ ਦਾ ਭਲਾ ਸੋਚਦੇ ਹਨ। ਉਨ੍ਹਾਂ ਨੇ ਸਾਡੀ ਹਮਾਇਤ ਕੀਤੀ ਹੈ, ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਅਸਲ ਵਿਚ ਇਹ ਕਿੰਨੀ ਖੂਬਸੂਰਤ ਗੱਲ ਹੈ ਕਿ ਖੱਬੇ ਪੱਖੀਆਂ ਦੀ ਨਵੀਂ ਪੀੜ੍ਹੀ ਵਿਚ ਨਵੀਂ ਜਾਗ੍ਰਿਤੀ ਆ ਰਹੀ ਹੈ ਤੇ ਉਹ ਸਿੱਖ ਵਿਚਾਰਧਾਰਾ ਅਤੇ ਸਿੱਖ ਸਮਾਜ ਦੀ ਸੋਚ ਨੂੰ ਸਮਝ, ਪੜ੍ਹ ਰਹੇ ਹਨ ਤੇ ਉਨ੍ਹਾਂ ਨੂੰ ਗਿਆਨ ਹੋ ਰਿਹਾ ਹੈ ਕਿ ਸਿੱਖ ਧਰਮ ਸਾਡੇ ਖਿਲਾਫ਼ ਨਹੀਂ, ਉਹ ਤਾਂ ਫਾਸ਼ੀਵਾਦੀ ਤੇ ਜ਼ਾਲਮ ਜਮਾਤਾਂ ਖਿਲਾਫ਼ ਹੈ, ਜੋ ਸਮਾਜ ਵਿਚ ਘ੍ਰਿਣਾ ਪੈਦਾ ਕਰਦੇ ਹਨ ਤੇ ਦੰਗੇ ਕਰਾਉਂਦੇ ਹਨ। ਅਸੀਂ ਕਨੂਪ੍ਰਿਯਾ ਦੀ ਜਿੱਤ 'ਤੇ ਸਭ ਨੂੰ ਵਧਾਈ ਦਿੰਦੇ ਹਾਂ। ਕਾਮਰੇਡਾਂ ਨੂੰ, ਖਾਲਸਾ ਪੰਥ ਨੂੰ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਭਗਵੇਂਵਾਦੀ ਤਾਕਤਾਂ ਦੇ ਪੈਰ ਲੱਗਣ ਨਹੀਂ ਦਿੱਤੇ।
 

ਜਥੇਦਾਰ ਭੌਰ ਦੀ ਗ੍ਰਿਫ਼ਤਾਰੀ

       ਬਰਗਾੜੀ ਮੋਰਚੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜਥੇਦਾਰ ਸੁਖਦੇਵ ਸਿੰਘ ਭੌਰ ਭਾਵੁਕ ਹੋ ਕੇ ਬਾਦਲ ਵਿਰੁਧ ਬੋਲਦੇ ਬਾਬਾ ਰਾਮਾਨੰਦ ਵਿਰੁੱਧ ਕੁਝ ਸ਼ਬਦ ਬੋਲ ਗਏ, ਜਿਸ ਕਰਕੇ ਡੇਰਾ ਬੱਲਾ ਦੇ ਸ਼ਰਧਾਲੂਆਂ ਨੇ ਬੁਰਾ ਮਨਾਇਆ ਤੇ ਕੇਸ ਦਰਜ ਕਰਵਾ ਦਿੱਤਾ। ਭੌਰ ਸਾਹਿਬ ਦੀ ਗ੍ਰਿਫ਼ਤਾਰੀ ਹੋ ਗਈ। ਹਾਲੇ ਭੌਰ ਸਾਹਿਬ ਨੇ ਇਸ ਸੰਬੰਧ ਵਿਚ ਮਾਫੀ ਵੀ ਮੰਗ ਲਈ ਹੈ। ਜੋ ਕੁਝ ਵੀ ਹੋਇਆ ਹੈ, ਉਹ ਬਹੁਤ ਮਾੜਾ ਹੋਇਆ ਹੈ ਤੇ ਪੰਜਾਬ ਦੇ ਭਵਿੱਖ ਲਈ ਕਿਸੇ ਵੀ ਤਰ੍ਹਾਂ ਠੀਕ ਨਹੀਂ। ਸ਼ਬਦਾਂ 'ਤੇ ਕਾਬੂ ਰੱਖਣਾ ਚੰਗੇ ਲੀਡਰ ਦਾ ਫਰਜ਼ ਹੈ ਤੇ ਅਸੀਂ ਭੌਰ ਸਾਹਿਬ ਨੂੰ ਚੰਗੇ ਲੀਡਰਾਂ ਵਿਚੋਂ ਹੀ ਸਮਝਦੇ ਹਾਂ। ਜੇ ਗਲਤੀ ਹੋ ਵੀ ਗਈ ਹੈ ਤਾਂ ਦੂਸਰੇ ਪਾਸਿਓਂ ਡੇਰੇ ਵਲੋਂ ਵੀ ਹਾਂ ਪੱਖੀ ਫੈਸਲਾ ਲੈਣਾ ਚਾਹੀਦਾ ਸੀ। ਅਸਲ ਵਿਚ ਸਿੱਖਾਂ ਤੇ ਦਲਿਤਾਂ ਦੀ ਅੱਜ ਦੀ ਨਹੀਂ, ਸਦੀਆਂ ਤੋਂ ਸਾਂਝ ਹੈ। ਗੁਰੂ ਗ੍ਰੰਥ ਸਾਹਿਬ ਇਸ ਗੱਲ ਦੇ ਗਵਾਹ ਹਨ ਕਿ ਉਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਤੇ ਸਮੁੱਚੇ ਭਾਈਚਾਰੇ ਦੀ ਏਕਤਾ ਦੀ ਗੱਲ ਕੀਤੀ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਪ੍ਰਵਾਸ ਵਿਚ ਬੈਠੇ ਤੇ ਪੰਜਾਬ ਵਿਚ ਬੈਠੇ ਇਕ ਸਾਂਝਾ ਮੰਚ ਬਹੁਜਨ ਤੇ ਖਾਲਸਾ ਪੰਥ ਬਣਾਈਏ ਤਾਂ ਜੋ ਅਸੀਂ ਮੱਸਲੇ, ਵਿਵਾਦ, ਆਪਸੀ ਭਾਈਚਾਰੇ ਵਿਚ ਮਿਲ ਬੈਠ ਕੇ ਹੱਲ ਕਰੀਏ ਤਾਂ ਜੋ ਕਿਸੇ ਤਰ੍ਹਾਂ ਦਾ ਤਣਾਅ ਨਾ ਆਵੇ। ਜੋ ਬੀਤ ਗਿਆ ਉਹ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਅੱਗੋਂ ਬਹੁਤ ਸਿਆਣਪ ਨਾਲ ਚੱਲਣ ਦੀ ਲੋੜ ਹੈ, ਕਿਉਂਕਿ ਸਾਡੀਆਂ ਦੁਸ਼ਮਣ ਤਾਕਤਾਂ ਭਗਵੀਆਂ ਫਾਸ਼ੀਵਾਦੀ ਤਾਕਤਾਂ ਹਨ, ਜੋ ਸਮਾਜ ਨੂੰ ਵੰਡਣਾ ਚਾਹੁੰਦੀਆਂ ਹਨ। ਇਸ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਦਾ ਨਿਸ਼ਾਨਾ ਹੀ ਪੰਜਾਬ ਵਿਚ ਵੰਡੀਆਂ ਪਾਉਣਾ ਹੈ ਤੇ ਅਸੀਂ ਆਪਸ ਵਿਚ ਮਿਲ ਜੁਲ ਕੇ ਆਪਸੀ ਏਕਤਾ ਦਰਸਾ ਕੇ ਇਨ੍ਹਾਂ ਨਫ਼ਰਤਾਂ ਨੂੰ ਨੱਥ ਪਾ ਸਕਦੇ ਹਾਂ। ਅਸੀਂ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਭਾਈਚਾਰਕ ਏਕਤਾ ਵਿਚ ਆਪਣਾ ਯੋਗਦਾਨ ਪਾਉਣ।

ਰਜਿੰਦਰ ਸਿੰਘ ਪੁਰੇਵਾਲ