image caption:

ਰੈਸਟੋਰੈਂਟ ਨੇ ਪਹਿਲਾਂ ਗਰਭਵਤੀ ਔਰਤ ਨੂੰ ਸੂਪ 'ਚ ਦਿੱਤਾ ਮਰਿਆ ਚੂਹਾ, ਫਿਰ ਦਿੱਤੀ ਅਬੌਰਸ਼ਨ ਦੀ ਸਲਾਹ

ਬੀਜਿੰਗ: ਗਰਭਵਤੀ ਔਰਤ ਨੂੰ ਸੂਪ ਵਿੱਚ ਮਰਿਆ ਹੋਇਆ ਚੂਹਾ ਪਰੋਸਣ ਤੋਂ ਬਾਅਦ ਚੀਨ ਦਾ ਮਸ਼ਹੂਰ ਰੈਸਟੋਰੈਂਟ ਬੰਦ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਔਰਤ ਨੇ ਦੋਸ਼ ਲਾਇਆ ਕਿ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ 'ਤੇ ਬੁਰੇ ਅਸਰ ਦੀ ਗੱਲ ਕਹਿਣ 'ਤੇ ਰੇਸਤਰਾਂ ਦੇ ਕਰਮਚਾਰੀ ਨੇ ਗਰਭਪਾਤ ਕਰਵਾਉਣ ਲਈ ਪੈਸੇ ਦੇਣ ਦੀ ਪੇਸ਼ਕਸ਼ ਵੀ ਕੀਤੀ।

ਸਾਊਥ ਚਾਇਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਔਰਤ ਆਪਣੇ ਪਤੀ ਨਾਲ ਬੀਤੀ ਛੇ ਸਤੰਬਰ ਨੂੰ ਮਸ਼ਹੂਰ ਜਿਯਾਬੂ-ਜਿਯਾਬੂ ਰੈਸਟੋਰੈਂਟ ਵਿੱਚ ਖਾਣਾ ਖਾ ਰਹੀ ਸੀ ਕਿ ਉਸ ਨੂੰ ਹੌਟਪੌਟ ਵਿੱਚ ਮਰਿਆ ਹੋਇਆ ਚੂਹਾ ਮਿਲਿਆ। ਔਰਤ ਦੇ ਪਤੀ ਮਾ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ਰੇਸਤਰਾਂ ਦੇ ਕਰਮਚਾਰੀ ਨੂੰ ਕੀਤੀ ਕਿ ਇਸ ਨਾਲ ਉਸ ਦੀ ਪਤਨੀ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ 'ਤੇ ਵੀ ਬੁਰਾ ਅਸਰ ਪੈ ਸਕਦਾ ਹੈ, ਤਾਂ ਉਨ੍ਹਾਂ ਗਰਭਪਾਤ ਕਰਵਾਉਣ ਦਾ ਖ਼ਰਚਾ ਚੁੱਕਣ ਦੀ ਪੇਸ਼ਕਸ਼ ਕੀਤੀ।

ਮਾ ਨੇ ਕਿਹਾ ਕਿ ਉਸ ਕਰਮਚਾਰੀ ਨੇ ਸਾਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਹੋਣ ਵਾਲੇ ਬੱਚੇ ਦੀ ਸਿਹਤ ਕਰ ਕੇ ਚਿੰਤਾ ਵਿੱਚ ਹੋ ਤਾਂ ਅਸੀਂ ਗਰਭਪਾਤ ਕਰਵਾਉਣ ਲਈ ਤਿੰਨ ਹਜ਼ਾਰ ਡਾਲਰ (20,000 ਯੁਆਨ) ਦੇ ਸਕਦੇ ਹਾਂ। ਉਸ ਨੇ ਅਖ਼ਬਾਰ ਨੂੰ ਦੱਸਿਆ ਕਿ ਬਾਅਦ ਵਿੱਚ ਹਰਜਾਨੇ ਵਜੋਂ ਰੇਸਤਰਾਂ ਨੇ ਉਨ੍ਹਾਂ ਨੂੰ 728 ਡਾਲਰ (5000) ਯੁਆਨ ਦਿੱਤੇ।

ਇਸ ਘਟਨਾ ਤੋਂ ਬਾਅਦ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਰੇਸਤਰਾਂ ਦੀ ਜਾਂਚ ਕੀਤੀ। ਇਸ ਦੌਰਾਨ ਚੂਹਾ ਮਿਲਣ ਦੇ ਕੋਈ ਸਬੂਤ ਨਹੀਂ ਮਿਲੇ। ਰੇਸਤਰਾਂ ਨੂੰ ਫਿਲਹਾਲ ਹੋਰ ਨਿਯਮਾਂ ਦੀ ਉਲੰਘਣਾ ਕਰ ਕੇ ਬੰਦ ਕਰ ਦਿੱਤਾ ਗਿਆ ਹੈ।