image caption: ਰਜਿੰਦਰ ਸਿੰਘ ਪੁਰੇਵਾਲ

ਮੋਹਨ ਭਾਗਵਤ ਦੇ ਭਾਸ਼ਨ ਪਿੱਛੇ ਡਰਾਮੇਬਾਜ਼ੀ ਤੇ ਸਵਾਮੀ ਵਿਵੇਕਾਨੰਦ

      ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਦਿੱਲੀ ਵਿਖੇ ਭਵਿੱਖ ਦੇ ਭਾਰਤ ਬਾਰੇ ਭਗਵੇਂਵਾਦੀ ਦ੍ਰਿਸ਼ਟੀਕੋਣ ਤੋਂ ਦਿੱਤੇ ਭਾਸ਼ਨ ਵਿਚ ਕਾਫ਼ੀ ਕੁਝ ਗ਼ੌਰ ਕਰਨ ਵਾਲਾ ਹੈ। ਇਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਯਾਦ ਰਹੇ ਕਿ ਵਿਗਿਆਨ ਭਵਨ ਵਿੱਚ ਸਿਆਸੀ ਆਗੂਆਂ, ਫ਼ਿਲਮੀ ਕਲਾਕਾਰਾਂ, ਵਿਦੇਸ਼ੀ ਰਾਜਦੂਤਾਂ ਅਤੇ ਪੱਤਰਕਾਰ ਸਰੋਤਿਆਂ ਨਾਲ ਤਿੰਨ ਰੋਜ਼ਾ ਕਾਨਫ਼ਰੰਸ ਦੇ ਪਹਿਲੇ ਦਿਨ ਭਾਗਵਤ ਨੇ ਆਪਣੇ ਚਮਤਕਾਰੀ ਭਾਸ਼ਣ ਵਿਚ ਆਪਣੇ ਆਪ ਨੂੰ ਮਨੁੱਖਤਾ ਦਾ ਨਾਇਕ ਪੇਸ਼ ਕਰਨ ਦੀ ਕੋਸ਼ਿਸ ਕੀਤੀ ਕਿ ਸੰਘ ਵੰਨ ਸੁਵੰਨਤਾ ਦੇ ਹੱਕ ਵਿਚ ਹੈ ਤੇ ਉਹ ਮੁਸਲਮਾਨਾਂ 'ਤੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਹੋਣ ਦੇਣਾ ਚਾਹੁੰਦਾ ਹੈ। ਭਾਗਵਤ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਸੰਗਠਨ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਅਤੇ ਚਰਿੱਤਰ ਨਿਰਮਾਣ ਵਿਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਘ ਦੇਸ਼ ਦੇ ਹਰ ਪਿੰਡ ਅਤੇ ਗਲੀ ਵਿੱਚ ਚੰਗੇ ਸਵੈਮ ਸੇਵਕ ਬਣਾਉਣਾ ਚਾਹੁੰਦਾ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਪ੍ਰਤੀ ਆਪਣੀ ਸੁਰ ਨਰਮ ਰੱਖੀ। ਸੰਘ ਦੇ ਬਾਨੀ ਡਾ. ਹੇਡਗੇਵਾਰ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਸੰਘ ਇਕ ਪ੍ਰਣਾਲੀ ਵਿਗਿਆਨ ਹੈ। ਉਨ੍ਹਾਂ ਸੰਘ ਨੂੰ ਲੋਕਤੰਤਰਿਕ ਸੰਗਠਨ ਦਸਦਿਆਂ ਕਿਹਾ ਕਿ ਇਥੇ ਹਰ ਵਰਕਰ ਦੀ ਗੱਲ ਸੁਣੀ ਜਾਂਦੀ ਹੈ। ਇਥੇ ਰਿਮੋਟ ਕੰਟਰੋਲ ਵਰਗਾ ਕੁਝ ਨਹੀਂ ਹੈ। ਇਹ ਸਮਾਗਮ ਕੌਮੀ ਰਾਜਧਾਨੀ ਦਿੱਲੀ ਵਿੱਚ ਕਰਵਾਏ ਜਾਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸੰਸਥਾ ਚਾਹੁੰਦੀ ਹੈ ਕਿ ਲੋਕ ਉਸ ਦੇ ਕੰਮ ਨੂੰ ਸਮਝਣ। ਸੰਘ ਵੱਲੋਂ ਕੀਤੇ ਕੰਮ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਆਰ ਐਸ ਐਸ ਦਾ ਮੁੱਖ ਉਦੇਸ਼ ਸਮਾਜ ਦਾ ਸੁਧਾਰ ਕਰਨਾ ਹੈ। ਸੰਘ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹੈ।
ਜੇਕਰ ਭਾਗਵਤ ਦੇ ਹੁਣ ਤੱਕ ਦੇ ਸਮੁੱਚੇ ਭਾਸ਼ਣ ਦੀ ਚੀਰ ਫਾੜ ਕਰੀਏ ਤਾਂ ਉਹ ਅੱਜ ਇਕ ਦਮ ਕਿਵੇਂ ਬਦਲ ਗਏ? ਯਾਦ ਰਹੇ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ। ਸਿੱਖ ਹਿੰਦੂ ਧਰਮ ਦਾ ਅੰਗ ਹਨ। ਜੇਕਰ ਆਰ ਐਸ ਐਸ ਦੀ ਵਿਚਾਰਧਾਰਾ ਦਾ ਅਧਿਐਨ ਕਰੀਏ ਤਾਂ ਇਹ ਬਹੁਤ ਹੀ ਜ਼ਾਲਮ ਤੇ ਫਾਸ਼ੀਵਾਦੀ ਵਿਚਾਰਧਾਰਾ ਹੈ, ਜਿੱਥੇ ਉਚ ਜਾਤੀ ਦੇ ਹਿੰਦੂ ਤੋਂ ਸਿਵਾਏ ਇਨ੍ਹਾਂ ਲਈ ਕੋਈ ਮਨੁੱਖ ਨਹੀਂ ਹੈ। ਇਸੇ ਤਹਿਤ ਮੁਸਲਮਾਨਾਂ, ਸਿੱਖਾਂ ਤੇ ਦਲਿਤਾਂ ਉੱਪਰ ਹਮਲੇ ਜਾਰੀ ਹਨ। ਗਊ ਨੂੰ ਮਾਤਾ ਬਣਾ ਕੇ ਮਨੁੱਖਾਂ ਦਾ ਭਾਰਤ ਵਿਚ ਘਾਣ ਕੀਤਾ ਜਾ ਰਿਹਾ ਹੈ। ਅਮਰੀਕੀ ਕਾਂਗਰਸ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਭਾਰਤ ਵਿਚ ਹਿੰਦੂ ਰਾਸ਼ਟਰਵਾਦ ਦਾ ਉਭਾਰ ਹੋ ਰਿਹਾ ਹੈ ਜਿਸ ਕਾਰਨ ਮੁਲਕ ਦੇ ਧਰਮ ਨਿਰਪੱਖ ਕਿਰਦਾਰ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ਮੁਲਕ ਵਿਚ ਬਹੁ ਗਿਣਤੀ ਹਿੰਸਾ ਦੀਆਂ ਘਟਨਾਵਾਂ ਲਈ ਮੰਚ ਪ੍ਰਦਾਨ ਕਰ ਰਿਹਾ ਹੈ। ਆਪਣੀ ਰਿਪੋਰਟ ਵਿਚ ਕਾਂਗਰਸ ਖੋਜ ਸੇਵਾ (ਸੀਆਰਐਸ) ਨੇ ਗਊ ਰਾਖਿਆਂ, ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਿਆਂ ਸਮੇਤ ਧਰਮ ਨਾਲ ਪ੍ਰੇਰਿਤ ਹਿੰਸਾ ਦਾ ਜ਼ਿਕਰ ਕੀਤਾ ਹੈ। ਖੋਜੀ ਵਿੰਗ ਮੁਤਾਬਕ ਗ਼ੈਰ ਸਰਕਾਰੀ ਜਥੇਬੰਦੀਆਂ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਭਾਰਤ ਦੀ ਧਰਮਨਿਰਪੱਖ ਰਵਾਇਤ ਲਈ ਨੁਕਸਾਨਦੇਹ ਮੰਨੀਆਂ ਜਾਂਦੀਆਂ ਹਨ।
ਜੇਕਰ ਸੰਘ ਦੇ ਇਤਿਹਾਸ 'ਤੇ ਝਾਤੀ ਮਾਰੀ ਜਾਵੇ ਤਾਂ ਸੰਘ ਦੇ ਕਈ ਸਮਰਥਕਾਂ 'ਤੇ ਮਹਾਤਮਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਨੱਥੂ ਰਾਮ ਗੌਡਸੇ ਦੀ ਹਮਾਇਤ ਦੇ ਦੋਸ਼ ਵੀ ਲੱਗਦੇ ਰਹੇ ਹਨ। ਸੰਘ ਨੇ ਸ਼ਰੇਆਮ ਐਲਾਨ ਕੀਤਾ ਹੋਇਆ ਹੈ ਕਿ ਉਹ ਹਿੰਦੂ ਰਾਸ਼ਟਰ ਸਿਰਜਣਾ ਚਾਹੁੰਦਾ ਹੈ। ਹੁਣੇ ਜਿਹੇ ਮਨੁੱਖੀ ਅਧਿਕਾਰਾਂ ਅਤੇ ਆਰਥਿਕ ਤੇ ਸਮਾਜਿਕ ਤੌਰ ਉੱਤੇ ਪਿਛੜੇ ਲੋਕਾਂ ਦੀ ਆਵਾਜ਼ ਬਣਨ ਵਾਲੇ ਬਹੁਤ ਸਾਰੇ ਬੁੱਧੀਜੀਵੀਆਂ ਉੱਤੇ 'ਸ਼ਹਿਰੀ ਨਕਸਲੀ' ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਜੇਲ੍ਹ ਵਿਚ ਧੱਕ ਦਿੱਤਾ ਗਿਆ ਹੈ ਤੇ ਹੁਣ ਸ਼ੋਸ਼ਲ ਮੀਡੀਆ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਯੂਨੀਵਰਸਿਟੀਆਂ 'ਤੇ ਹਥਿਆਰਾਂ ਤੇ ਹਿੰਸਾ ਨਾਲ ਹਮਲੇ ਕੀਤੇ ਜਾ ਰਹੇ ਹਨ। ਪਹਿਲਾਂ ਇਹ ਪੰਜਾਬ ਯੂਨੀਵਰਸਿਟੀ ਵਿਚ ਫੇਲ ਹੋਏ ਜਿੱਥੇ ਕਾਮਰੇਡ ਜਿੱਤੇ, ਹੁਣ ਇਹ ਜੀਐਨਯੂ ਵਿਚ ਫੇਲ ਹੋ ਗਏ ਹਨ। ਕਨੱਈਆ ਦਾ ਖੱਬੇਪੱਖੀ ਗਰੁੱਪ ਫਿਰ ਜਿੱਤ ਗਿਆ ਹੈ। ਇਹ ਸਭ ਵਰਤਾਰਾ ਆਰ ਐਸ ਐਸ ਕਾਰਨ ਵਾਪਰ ਰਿਹਾ ਹੈ। ਲਵ-ਜਹਾਦ ਵਰਗੀਆਂ ਖਤਰਨਾਕ ਮੁਹਿੰਮਾਂ, ਭਗਵੀਆਂ ਭੀੜਾਂ ਦੀ ਹਿੰਸਾ ਭੜਕਾਉਣ ਲਈ ਜਾਰੀ ਹਨ। 
ਸੰਘ ਦੇ ਇਤਿਹਾਸ ਨੂੰ ਫਰੋਲਦਿਆਂ ਤੁਹਾਨੂੰ ਦਸ ਦੇਈਏ ਕਿ ਆਰ ਐਸ ਐਸ ਦੀ ਸਥਾਪਨਾ 1925 ਵਿਚ ਨਾਗਪੁਰ ਵਿਚ ਹੋਈ ਸੀ। ਕੇਸ਼ਵ ਬਲੀਰਾਮ ਹੇਡਗੇਵਾਰ ਆਰ ਐਸ ਐਸ ਦੇ ਸੰਸਥਾਪਕ ਸਨ। ਆਰ ਐਸ ਐਸ ਅਰਥਾਤ ਰਾਸ਼ਟਰੀ ਸਵੈ ਸੇਵਕ ਸੰਘ ਖੁਦ ਨੂੰ ਇਕ ਸੱਭਿਆਚਾਰਕ ਸੰਗਠਨ ਤੇ ਸੱਚੇ ਦੇਸ਼ ਭਗਤਾਂ ਦਾ ਸੰਗਠਨ ਦੱਸਦਾ ਹੈ। ਉਸ ਦਾ ਦਾਅਵਾ ਸੀ ਕਿ ਉਸ ਦੀ ਵਿਚਾਰਧਾਰਾ ਹਿੰਦੂਤਵ ਤੇ ਰਾਸ਼ਟਰਵਾਦ ਹੈ। ਉਸ ਦੇ ਰਾਸ਼ਟਰ ਦੀ ਪਰਿਭਾਸ਼ਾ ਕੀ ਹੈ, ਇਹ ਆਰ ਐਸ ਐਸ ਦੀਆਂ ਸ਼ਖਾਵਾਂ ਵਿਚ ਪ੍ਰਚਲਿਤ ਪ੍ਰਾਰਥਨਾ ਤੇ ਪ੍ਰਤਿੱਗਿਆ ਵਿਚ ਸਾਫ਼ ਹੋ ਜਾਂਦਾ ਹੈ। ਆਪਣੀ ਪ੍ਰਾਰਥਨਾ ਤੇ ਪ੍ਰਤਿੱਗਿਆ ਵਿਚ ਸੰਘੀ ਹਿੰਦੂ, ਧਰਮ, ਹਿੰਦੂ ਸੰਸਕ੍ਰਿਤੀ ਤੇ ਹਿੰਦੂ ਸਮਾਜ ਦੀ ਰੱਖਿਆ ਦੀ ਗੱਲ ਕਰਦੇ ਹਨ। ਸਪੱਸ਼ਟ ਹੈ ਕਿ ਧਰਮ ਨਿਰਪੱਖਤਾ ਤੇ ਸਰਬੱਤ ਦੇ ਭਲੇ ਵਿਚ ਇਨ੍ਹਾਂ ਦਾ ਕੋਈ ਯਕੀਨ ਨਹੀਂ। ਸੰਘੀ ਮਨੂੰਸਮ੍ਰਿਤੀ ਨੂੰ ਭਾਰਤ ਦੇ ਸੰਵਿਧਾਨ ਦੇ ਰੂਪ ਵਿਚ ਲਾਗੂ ਕਰਨਾ ਚਾਹੁੰਦੇ ਨੇ, ਕਿਉਂਕਿ ਸੰਘ ਦਾ ਸੰਵਿਧਾਨ ਤੇ ਵਿਚਾਰਧਾਰਾ ਅਸਲ ਵਿਚ ਮਨੂੰਸਮ੍ਰਿਤੀ 'ਤੇ ਆਧਾਰਿਤ ਹੈ। ਸੰਘ ਦੇ ਹਿੰਦੂ ਰਾਸ਼ਟਰ ਦੀ ਮੈਂਬਰਸ਼ਿਪ ਉੱਚ ਵਰਨਾਂ ਦੇ ਹਿੰਦੂ ਪੁਰਸ਼ਾਂ ਦੇ ਲਈ ਹੀ ਖੁੱਲ੍ਹੀ ਹੈ। ਬਾਕੀ ਜਾਤਾਂ ਤੇ ਧਰਮਾਂ ਸਿੱਖ, ਇਸਾਈ, ਮੁਸਲਮਾਨ ਆਦਿ ਨੂੰ ਜਥੇਬੰਦੀ ਵਿਚ ਦੁਜੇਲਾ ਦਰਜਾ ਦਿੱਤਾ ਜਾਂਦਾ ਹੈ। ਆਰ ਐਸ ਐਸ ਦੇ ਸੰਘ ਚਾਲਕ ਗੋਲਵਲਕਰ ਅਜਿਹੇ ਸਮਾਜ ਦੇ ਪੱਖ ਵਿਚ ਹਨ, ਜਿਸ ਵਿਚ ਸ਼ੂਦਰਾਂ ਨੂੰ ਪਸ਼ੂਆ ਤੋਂ ਵੀ ਮਾੜੀ ਥਾਂ ਦਿੱਤੀ ਜਾਵੇ ਤੇ ਉਨ੍ਹਾਂ ਦੇ ਲਈ ਬਰਾਬਰੀ ਤੇ ਅਜ਼ਾਦੀ ਦਾ ਕੋਈ ਅਰਥ ਨਾ ਹੋਵੇ। ਇਸ ਤਰ੍ਹਾਂ ਗੋਲਵਲਕਰ ਜਾਤੀ ਵਾਦੀ ਸਿਸਟਮ ਦੇ ਹੱਕ ਵਿਚ ਖਲੋਤੇ ਹਨ। ਉਹ ਸਿਰਫ਼ ਉੱਚ ਜਾਤੀ ਹਿੰਦੂ ਰਾਸ਼ਟਰ ਚਾਹੁੰਦੇ ਹਨ। ਗੋਲਵਲਕਰ ਦੀ ਤਰ੍ਹਾਂ ਵੀਡੀ ਸਾਵਰਕਰ ਦੇ ਮਨ ਵਿਚ ਮਨੂੰਸਮ੍ਰਿਤੀ ਪ੍ਰਤੀ ਆਦਰਯੋਗ ਥਾਂ ਸੀ। ਉਹ ਕਹਿੰਦੇ ਹਨ ਕਿ ਮਨੂੰਸਮ੍ਰਿਤੀ ਉਹ ਪਵਿੱਤਰ ਪੁਸਤਕ ਹੈ, ਜੋ ਵੇਦਾਂ ਦੇ ਬਾਅਦ ਸਾਡੇ ਹਿੰਦੂ ਰਾਸ਼ਟਰ ਵਿਚ ਬਹੁਤ ਜ਼ਿਆਦਾ ਪੂਜਨੀਕ ਹੈ। ਇਸ ਤੋਂ ਜ਼ਾਹਿਰ ਹੈ ਕਿ ਆਰ ਐਸ ਐਸ ਆਪਣੀ ਵਿਚਾਰਧਾਰਾ ਤੇ ਆਪਣੀ ਫਾਸ਼ੀਵਾਦੀ ਫਿਲਾਸਫੀ ਨੂੰ ਰੱਦ ਨਹੀਂ ਕਰਨਾ ਚਾਹੁੰਦੀ ਤੇ ਭਾਗਵਤ ਦੇ ਇਹ ਭਾਸ਼ਣ ਸਿਰਫ਼ ਡਰਾਮੇਬਾਜ਼ੀ ਹਨ। ਲੋਕਾਂ ਨੂੰ ਇਸ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੇ ਮਨਾਂ ਵਿਚੋਂ ਹਿੰਸਾ ਨਹੀਂ ਜਾ ਸਕਦੀ। ਭਾਰਤ ਵਿਚ ਇਹ ਲੋਕ ਆਪਣੀ ਨਫ਼ਰਤ ਵਾਲੀ ਭਾਸ਼ਾ ਤੇ ਵਿਹਾਰ ਕਾਰਨ ਨਕਾਰੇ ਜਾ ਰਹੇ ਹਨ। ਕੋਈ ਵੀ ਇਨ੍ਹਾਂ ਉਤੇ ਵਿਸ਼ਵਾਸ ਨਹੀਂ ਕਰ ਸਕਦਾ। ਸੁਆਮੀ ਵਿਵੇਕਾਨੰਦ ਵਰਗੇ ਮਹਾਂਪੁਰਖ ਜਿਨ੍ਹਾਂ ਦੀ ਇਹ ਗੱਲ ਕਰਦੇ ਹਨ , ਉਨ੍ਹਾਂ ਨੇ ਸਾਫ ਕਿਹਾ ਸੀ ਕਿ ਜਾਤ-ਪਾਤ ਤੋਂ ਮੁਕਤ ਹੋ ਜਾਵੋ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਨਾ ਲਵੋ, ਜਿਨ੍ਹਾਂ ਨੇ ਅੰਮ੍ਰਿਤ ਛਕਾ ਕੇ ਲੋਕਾਂ ਨੂੰ ਸਿੰਘ ਸਜਾ ਕੇ ਸਵਾ ਲੱਖ ਦੁਸ਼ਮਣਾਂ ਨਾਲ ਲੜਨ ਦਾ ਬਲ ਬਖਸ਼ਿਆ। ਅਸਲ ਵਿਚ ਉਹੀ ਸਾਡੇ ਰੋਲ ਮਾਡਲ ਹਨ ਤੇ ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦੇ ਕਦਮਾਂ ਉਤੇ ਚਲਣਾ ਚਾਹੀਦਾ ਹੈ ਤੇ ਸਭ ਨਾਲ ਬਰਾਬਰੀ ਦਾ ਸਲੂਕ ਕਰਨਾ ਚਾਹੀਦਾ ਹੈ। ਇਹ ਭਾਸ਼ਣ ਭਾਵੇਂ ਆਰ ਐਸ ਐਸ ਨੇ ਲੁਕਾ ਦਿੱਤਾ ਹੈ, ਪਰ ਵੈਬਸਾਈਟਾਂ ਤੋਂ ਇਹ ਭਾਸ਼ਣ ਤੁਹਾਨੂੰ ਜ਼ਰੂਰ ਮਿਲ ਜਾਵੇਗਾ। ਜੇਕਰ ਭਾਰਤ ਬਚ ਸਕਦਾ ਹੈ ਤਾਂ ਉਹ ਮੋਹਨ ਭਾਗਵਤ ਦੀ ਡਰਾਮੇਬਾਜ਼ੀ ਕਾਰਨ ਨਹੀਂ, ਉਹ ਤਾਂ ਸੱਚੇ ਹਿੰਦੂ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਕਾਰਨ ਹੀ ਬਚੇਗਾ।
ਰਜਿੰਦਰ ਸਿੰਘ ਪੁਰੇਵਾਲ