image caption:

ਭਾਰਤ ਨੂੰ ਪਾਕਿਸਤਾਨ 'ਤੇ ਜਿੱਤ ਲਈ ਮਿਲਿਆ 'ਸੌਖਾ' ਟੀਚਾ

ਦੁਬਈ: ਚਿਰਾਂ ਤੋਂ ਉਡੀਕੇ ਜਾ ਰਹੇ ਭਾਰਤ ਤੇ ਪਾਕਿਸਤਾਨ ਦੇ ਕ੍ਰਿਕੇਟ ਮੈਚ ਕਾਫੀ ਰੋਮਾਂਚਕ ਤੌਰ ਵਿੱਚ ਪਹੁੰਚ ਚੁੱਕਾ ਹੈ। ਭਾਰਤ ਨੇ ਪਾਕਿਸਤਾਨ ਦੀ ਪੂਰੀ ਟੀਮ ਨੂੰ 44ਵੇਂ ਓਵਰ ਦੀ ਪਹਿਲੀ ਗੇਂਦ 'ਤੇ 162 ਦੌੜਾਂ ਦੇ ਸਕੋਰ 'ਤੇ ਆਊਟ ਕਰ ਦਿੱਤਾ। ਭਾਰਤ ਨੂੰ ਜਿੱਤ ਲਈ 163 ਦੌੜਾਂ ਬਣਾਉਣੀਆਂ ਹੋਣਗੀਆਂ। ਵਿਰਾਟ ਕੋਹਲੀ ਦੀ ਗ਼ੈਰ ਮੌਜੂਦਗੀ ਵਿੱਚ ਭਾਰਤੀ ਟੀਮ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ ਤੇ ਪਾਕਿਸਤਾਨ ਨੂੰ ਵੱਡਾ ਸਕੋਰ ਨਾ ਬਣਾਉਣ ਦਿੱਤਾ।

ਟਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਉਸ ਲਈ ਲਾਹੇਵੰਦ ਨਹੀਂ ਸਿੱਧ ਹੋ ਸਕਿਆ। ਹਾਲਾਂਕਿ ਦੁਬਈ ਦੀ ਪਿੱਚ ਬੱਲੇਬਾਜ਼ਾਂ ਲਈ ਕਾਫੀ ਲਾਹੇਵੰਦ ਮੰਨੀ ਜਾਂਦੀ ਹੈ ਉੱਥੇ ਪਾਕਿ ਸਲਾਮੀ ਬੱਲੇਬਾਜ਼ ਅਸਫਲ ਸਾਬਤ ਹੋਏ। ਭਾਰਤ ਲਈ ਖ਼ਤਰਾ ਮੰਨੇ ਜਾਣ ਵਾਲੇ ਇਮਾਮ ਉਲ ਹੱਕ ਤੇ ਫ਼ਖ਼ਰ ਜ਼ਮਾਨ ਦੋਵੇਂ ਸਸਤੇ ਵਿੱਚ ਹੀ ਪੈਵੇਲੀਅਮ ਪਰਤ ਗਏ। ਇਸ ਤੋਂ ਬਾਅਦ ਬਾਬਰ ਆਜ਼ਮ ਤੇ ਸ਼ੋਇਬ ਮਲਿਕ ਨੇ ਮੈਚ ਕੁਝ ਸੰਭਾਲਿਆ। ਬਾਬਰ ਨੇ 62 ਗੇਂਦਾਂ 'ਤੇ 47 ਤੇ ਸ਼ੋਇਬ ਮਲਿਕ ਨੇ 67 ਗੇਂਦਾਂ ਖੇਡ ਕੇ 43 ਦੌੜਾਂ ਬਣਾਈਆਂ। ਬੱਲੇਬਾਜ਼ੀ ਦੀ ਹਾਲਤ ਇਹ ਰਹੀ ਕਿ ਪਾਕਿਸਤਾਨੀ ਟੀਮ ਚਾਰ ਦੌੜਾਂ ਦੀ ਔਸਤ (ਰਨ ਰੇਟ) ਵੀ ਨਾ ਛੋਹ ਸਕੀ।

ਉੱਧਰ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਕਰ ਦਿੱਤਾ। ਭਾਰਤ ਲਈ ਭੁਵਨੇਸ਼ਰ ਕੁਮਾਰ ਨੇ ਭਾਰਤ ਲਈ ਸਭ ਤੋਂ ਕਿਫਾਇਤੀ ਗੇਂਦਬਾਜ਼ੀ ਕੀਤੀ। ਭੁਵਨੇਸ਼ਵਰ ਨੇ ਸੱਤ ਓਵਰਾਂ ਵਿੱਚ 13 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਕੇਦਾਰ ਜਾਧਵ ਨੇ ਵੀ ਨੌਂ ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ ਦੋ ਅਤੇ ਕੁਲਦੀਪ ਯਾਦਵ ਨੇ ਵਿਰੋਧੀ ਟੀਮ ਦੇ ਇੱਕ ਖਿਡਾਰੀ ਨੂੰ ਪੈਵੇਲੀਅਨ ਪਹੁੰਚਾਇਆ, ਜਦਕਿ ਇੱਕ ਖਿਡਾਰੀ ਰਨ ਆਊਟ ਹੋਇਆ। ਗੇਂਦਬਾਜ਼ਾਂ ਨੇ ਤਾਂ ਆਪਣਾ ਕੰਮ ਕਰ ਵਿਖਾਇਆ ਹੁਣ, ਭਾਰਤੀ ਬੱਲੇਬਾਜ਼ਾਂ ਨੂੰ ਮੈਚ ਜਿੱਤਣ ਲਈ ਕਾਫੀ ਮਿਹਨਤ ਕਰਨੀ ਹੋਵੇਗੀ, ਕਿਉਂਕਿ ਪਾਕਿਸਤਾਨ ਦੀ ਤੇਜ਼ ਗੇਂਦਬਾਜ਼ ਵਿਕਟਾਂ ਡੇਗਣ ਵਿੱਚ ਕਾਫੀ ਤੇਜ਼ ਹਨ।