image caption: ਰਜਿੰਦਰ ਸਿੰਘ ਪੁਰੇਵਾਲ

ਕਸ਼ਮੀਰ ਦੀ ਸਮੱਸਿਆ ਤੇ ਕਰਤਾਰਪੁਰ ਦਾ ਖੁੱਲ੍ਹਾ ਲਾਂਘਾ

     ਪਿਛਲੇ ਪੰਜ ਸਾਲਾਂ ਤੋਂ ਕਸ਼ਮੀਰ ਦੀ ਹਾਲਤ ਬਹੁਤ ਮਾੜੀ ਹੈ। ਖਾਸ ਤੌਰ 'ਤੇ ਖਾੜਕੂ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਸਥਿਤੀ ਕਾਫੀ ਬਦਲ ਗਈ ਹੈ। ਹੁਣੇ ਜਿਹੇ 15 ਦੇ ਕਰੀਬ ਸਰਪੰਚਾਂ ਦੀ ਹੱਤਿਆ ਹੋ ਚੁੱਕੀ ਹੈ। ਅੱਜ ਪੜ੍ਹੇ ਲਿਖੇ ਨੌਜਵਾਨ ਅੱਤਵਾਦ ਦੇ ਰਾਹ 'ਤੇ ਚਲ ਪਏ ਹਨ। ਵੱਡਾ ਕਾਰਨ ਪੁਲੀਸ ਤਸ਼ੱਦਦ ਅਤੇ ਬੇਰੁਜ਼ਗਾਰੀ ਹੈ। ਕਸ਼ਮੀਰ ਦੇ ਨਾਲ ਵਿਤਕਰਾ ਅੱਤਵਾਦ ਨੂੰ ਹੋਰ ਉਤਸ਼ਾਹਿਤ ਕਰ ਰਿਹਾ ਹੈ। ਸਥਾਨਕ ਪੁਲੀਸ ਵੀ ਖਾੜਕੂਆਂ ਦੇ ਨਿਸ਼ਾਨੇ 'ਤੇ ਹੈ। ਪੁਲੀਸ ਕਰਮਚਾਰੀਆਂ ਨੂੰ ਅਗਵਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦੇਣਾ, ਉਨ੍ਹਾਂ ਦੀ ਨਵੀਂ ਰਣਨੀਤੀ ਬਣ ਚੁੱਕੀ ਹੈ। ਭਾਰਤ ਸਰਕਾਰ ਇਨ੍ਹਾਂ ਕਾਰਨਾਂ ਕਾਰਨ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਵਿਚ ਅੜਿੱਕਾ ਬਣ ਰਹੀ ਹੈ, ਜਦ ਕਿ ਉਸ ਨੂੰ ਗੱਲਬਾਤ ਦਾ ਰਾਹ ਨਹੀਂ ਸੀ ਤਿਆਗਣਾ ਚਾਹੀਦਾ। ਅਮਰੀਕਾ ਵਿਚ ਜੋ ਵਿਦੇਸ਼ ਮੰਤਰੀਆਂ ਦੀ ਗੱਲਬਾਤ ਹੋ ਰਹੀ ਸੀ, ਉਸ ਨੂੰ ਸਿਰੇ ਚੜ੍ਹਨ ਦੇਣਾ ਚਾਹੀਦਾ ਸੀ। ਇਕੋ ਇਕ ਹੱਲ ਖੁੱਲ੍ਹਾ ਲਾਂਘਾ ਸ਼ਾਂਤੀ ਦਾ ਸੁਨੇਹਾ ਉਜਾਗਰ ਕਰਦਾ ਸੀ, ਪਰ ਭਾਰਤ ਦੇ ਸਿਆਸਤਦਾਨਾਂ ਦੀ ਮੁਤੱਸਬੀ ਸੋਚ ਇਸ ਸ਼ਾਂਤਮਈ ਰਾਹ ਵਲ ਨਹੀਂ ਜਾਂਦੀ। ਜੇਕਰ ਆਪਸ ਵਿਚ ਗੱਲਬਾਤ ਨਹੀਂ ਹੋਵੇਗਾ ਤਾਂ ਸ਼ਾਂਤੀ ਨਹੀਂ ਹੋਵੇਗੀ। ਅੱਤਵਾਦ ਨੂੰ ਕੁਚਲਣ ਦਾ ਰਾਹ ਫ਼ੌਜੀ ਤਸ਼ੱਦਦ ਜਾਂ ਸਟੇਟ ਦੇ ਡੰਡੇ ਦਾ ਰਾਹ ਨਹੀਂ। ਰਾਜਸੀ ਹੁਉਮੈਂ ਤੇ ਗੱਲਬਾਤ ਨਾਲ ਨਾਲ ਨਹੀਂ ਚਲ ਸਕਦੇ। ਰਾਜਸੀ ਹਉਮੈਂ ਵਿਚੋਂ ਹੀ ਅੱਤਵਾਦ ਨਿਕਲਦਾ ਹੈ। ਇਹ ਸੱਤਾਧਾਰੀਆਂ ਦੀ ਆਪਣੀ ਪਾਲਿਸੀ ਹੈ ਕਿ ਜੇਕਰ ਆਪਸ ਵਿਚ ਉਲਝੇ ਰਹਿਣਗੇ, ਅਰਥਾਤ ਭਾਰਤ-ਪਾਕਿਸਤਾਨ ਦੀ ਖੱਟਪਟ ਇਸੇ ਤਰ੍ਹਾਂ ਚਲਦੀ ਰਹੇਗੀ ਤਾਂ ਕੁਰਸੀ ਸਲਾਮਤ ਰਹੇਗੀ। ਭਾਵੇਂ ਲੋਕਾਂ ਦਾ ਖ਼ੂਨ ਡੁੱਲਦਾ ਰਹੇ। ਅੱਤਵਾਦ ਇਸੇ ਸਿਆਸੀ ਸਿਸਟਮ ਵਿਚੋਂ ਨਿਕਲਦਾ ਹੈ।

     ਹਰੇਕ ਕੋਈ ਸ਼ਾਂਤਮਈ ਢੰਗ ਨਾਲ ਰਹਿਣਾ ਚਾਹੁੰਦਾ ਹੈ, ਕੋਈ ਮਰਨਾ ਨਹੀਂ ਚਾਹੁੰਦਾ, ਹਰੇਕ ਕੋਈ ਇਸ ਦੁਨੀਆਂ ਵਿਚ ਜਿਉਣ ਆਇਆ ਹੈ, ਪਰ ਸਿਆਸਤਦਾਨ ਹਮੇÎਸ਼ਾ ਲੋਕਾਂ ਨਾਲ ਤੇ ਜਨਤਾ ਨਾਲ ਧਰੋਹ ਕਮਾਉਂਦੇ ਰਹੇ ਹਨ ਤੇ ਸ਼ਾਂਤੀ ਦੇ ਰਾਹ ਵਿਚ ਅੜਿੱਕਾ ਬਣੇ ਰਹੇ ਹਨ। ਹੁਣ ਕਰਤਾਰਪੁਰ ਦੇ ਖੁੱਲ੍ਹੇ ਲਾਂਘੇ ਨੂੰ ਕੁਝ ਪੁਲੀਸ ਜਵਾਨਾਂ ਦੀ ਹੱਤਿਆ ਕਾਰਨ ਟਾਲਿਆ ਨਹੀਂ ਜਾ ਸਕਦਾ। ਇਹ ਜਾਣ ਬੁੱਝ ਕੇ ਸਿੱਖ ਪੰਥ ਨਾਲ ਵਿਤਕਰਾ ਕੀਤਾ ਗਿਆ ਹੈ। ਪੂਰੇ ਵਿਸ਼ਵ ਦੇ ਸਿੱਖਾਂ ਦੇ ਮਨਾਂ ਵਿਚ ਮੋਦੀ ਸਰਕਾਰ ਵਿਰੁੱਧ ਗਲਤ ਪ੍ਰਭਾਵ ਜਾ ਰਿਹਾ ਹੈ ਕਿ ਉਹ ਕਰਤਾਰਪੁਰ ਦੇ ਖੁੱਲ੍ਹੇ ਲਾਂਘੇ ਬਾਰੇ ਬਹਾਨੇ ਘੜ ਰਹੀ ਹੈ ਤੇ ਉਹ ਕਰਤਾਰਪੁਰ ਦਾ ਖੁੱਲ੍ਹਾ ਲਾਂਘਾ ਉਸਰਨ ਨਹੀਂ ਦੇਣਾ ਚਾਹੁੰਦੀ। ਵਾਜਪਾਈ ਦੀ ਸਰਕਾਰ ਦੌਰਾਨ ਵੀ ਇਹੀ ਕੁਝ ਵਾਪਰਿਆ ਸੀ। ਬਾਦਲ ਸਰਕਾਰ ਨਾਲ ਮੈਂ  13-14 ਸਾਲ ਪਹਿਲਾਂ ਵੀ ਗੱਲ ਕੀਤੀ ਸੀ। ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਬਾਰੇ ਹਾਮੀ ਵੀ ਭਰੀ ਸੀ, ਪਰ ਵਾਜਾਪਈ ਨੇ ਕੁਝ ਚਿਰਾਂ ਬਾਅਦ ਬਿਨਾਂ ਕਿਸੇ ਕਾਰਨ ਕਰਤਾਰਪੁਰ ਖੁੱਲ੍ਹੇ ਲਾਂਘੇ ਪ੍ਰਤੀ ਸਿਰ ਫੇਰ ਦਿੱਤਾ। ਅਸਲ ਵਿਚ ਇਕ ਦੁਸ਼ਮਣੀ ਦਾ ਰਾਹ ਦੋਹਾਂ ਦੇਸਾਂ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ ਹੈ। ਕਸ਼ਮੀਰ ਦੀ ਸਮੱਸਿਆ ਉਥੋਂ ਦੇ ਲੋਕਾਂ ਨਾਲ ਮਿਲ ਬੈਠ ਕੇ ਸੁਲਝਾਈ ਜਾਣੀ ਚਾਹੀਦੀ ਹੈ। ਇਸ ਨੂੰ ਸਿਆਸਤ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ। ਭਾਰਤ-ਪਾਕਿ ਦੇਸਾਂ ਦੀ ਆਪਸੀ ਸਾਂਝ ਹੀ ਦੋਹਾਂ ਦੇਸਾਂ ਦੀ ਗਰੀਬੀ, ਨਫ਼ਰਤ ਦੂਰ ਕਰ ਸਕਦੀ ਹੈ ਤੇ ਦੋਹਾਂ ਦੇਸਾਂ ਨੂੰ ਆਰਥਕ ਤੌਰ 'ਤੇ ਮਜ਼ਬੂਤ ਬਣਾ ਸਕਦੀ ਹੈ। ਆਖਿਰ ਸੱਭਿਆਚਾਰਕ ਸਾਂਝਾ ਬਹੁਤ ਜ਼ਰੂਰੀ ਹਨ ਤੇ ਸੱਭਿਆਚਾਰਕ ਸਾਂਝ ਦਾ ਮੁਖ ਆਧਾਰ ਕਰਤਾਰਪੁਰ ਦਾ ਖੁੱਲ੍ਹਾ ਲਾਂਘਾ ਉਸਾਰਨਾ ਚਾਹੀਦਾ ਹੈ ।

ਰਜਿੰਦਰ ਸਿੰਘ ਪੁਰੇਵਾਲ