image caption: ਹਰਜਿੰਦਰ ਸਿੰਘ ਮੰਡੇਰ

ਸਿੱਖ ਬਣ ਸਕਦੇ ਨੇ ਦੋ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ

  ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਗਲੇ ਸਾਲ ਸਾਰੀ ਸਿੱਖ ਕੌਮ ਧੂਮ ਧਾਮ ਨਾਲ ਮਨਾਉਣਾ ਚਾਹੁੰਦੀ ਹੈ । ਇਹ ਸਪੱਸ਼ਟ ਹੈ ਕਿ ਸਿੱਖ ਇਸ ਮੌਕੇ ਕੁਝ ਵਧੀਆ ਤੇ ਵੱਖਰਾ ਕਰਨਾ ਲੋਚਦੇ ਹਨ । ਗੁਰੂ ਸਾਹਿਬ ਨੇ ਦੁਨੀਆ ਨੂੰ ਜੋ ਸਿਧਾਂਤ ਦਿੱਤਾ, ਜੋ ਜੀਵਨ ਜਾਚ ਆਪਣੇ ਸਿੱਖਾਂ ਨੂੰ ਸਿਖਾਈ, ਉਸ ਉਤੇ ਚਲਦਿਆਂ ਕੋਈ ਵੀ ਵਿਅਕਤੀ ਜਾਂ ਸਮਾਜ ਜਾਂ ਸਮਾਜ ਦਾ ਵਰਗ ਬਹੁਤ ਹੀ ਸਹਿਜ ਨਾਲ ਜੀਵਨ ਬਸਰ ਕਰ ਸਕਦਾ ਹੈ । ਭਾਰਤ ਤੇ ਪਾਕਿਸਤਾਨ ਦੀ ਵੰਡ ਸਮੇਂ 1947 ਵਿੱਚ ਸਭ ਨਾਲੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ, ਕਿਉਂ ਜੋ ਉਹ ਉਹਨਾਂ ਅਸਥਾਨਾਂ ਨਾਲੋਂ ਸਦਾ ਲਈ ਵਿੱਛੜ ਕੇ ਦੂਰ ਹੋ ਗਏ ਜਿਥੋਂ ਸਿੱਖੀ ਦਾ ਆਗਾਜ਼ ਹੋਇਆ ਸੀ । ਸਿੱਖਾਂ ਲਈ ਇਹ ਨਾਬਰਦਾਸ਼ਤ ਕਰਨ ਯੋਗ ਇਤਿਹਾਸਕ ਘਟਨਾ ਸੀ । ਗੱਲ ਕਰਾਂਗੇ ਕਿ ਸਿੱਖ ਇਸ ਆਗਮਨ ਪੁਰਬ ਮੌਕੇ ਅਗਲੇ ਸਾਲ ਕੀ ਕਰਨਾ ਲੋਚਦੇ ਹਨ ।
  ਏਸ਼ੀਆ ਦੇ ਉਸ ਦੱਖਣੀ ਖਿੱਤੇ ਵਿੱਚ ਦੋ ਵੱਡੀਆਂ ਕੌਮਾਂ ਹਿੰਦੂ ਤੇ ਮੁਸਲਮਾਨ ਲੰਮੇ ਸਮੇਂ ਤੋਂ ਰਹਿੰਦੇ ਆ ਰਹੇ ਹਨ ਤੇ ਦੋਵੇਂ ਇਕ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ । ਇਹਨਾਂ ਦੀ ਸਦੀਆਂ ਪੁਰਾਣੀ ਦੁਸ਼ਮਣੀ ਨੇ ਇਸ ਖਿੱਤੇ ਵਿੱਚ ਉਥਲ ਪੁਥਲ ਮਚਾਈ ਰੱਖੀ । ਪੰਦਰਵੀਂ ਸਦੀ ਦੇ ਅੱਧ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤਾਂ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਇਨਸਾਨ ਹੋਣ ਦਾ ਉਪਦੇਸ਼ ਦਿੱਤਾ ਤੇ ਸਭ ਨੂੰ ਇਕ ਰੱਬ ਦੀ ਉਮਤ ਹੋਣ ਦਾ ਤੱਥ ਸਮਝਾਇਆ । ਉਹਨਾਂ ਦੇ ਆਖਰੀ ਸਮੇਂ ਤੱਕ ਦੋਵੇਂ ਧਿਰਾਂ ਇਸ ਕਦਰ ਪ੍ਰਭਾਵਿਤ ਸਨ, ਕਿ ਉਹ ਦੋਵੇਂ ਗੁਰੂ ਸਾਹਿਬ ਨੂੰ ਆਪੋ ਆਪਣਾ ਆਗੂ ਮੰਨਣ ਲੱਗ ਪਈਆਂ । ਜਿਸ ਦਾ ਸਬੂਤ ਇਹ ਗੁਰਦੁਆਰਾ ਕਰਤਾਰਪੁਰ ਸਾਹਿਬ (ਨੇੜੇ ਨਾਰੋਵਾਲ) ਹੈ । ਬਾਅਦ ਦਾ ਇਤਿਹਾਸ ਬੜਾ ਲੰਮਾ ਤੇ ਬਿਖੜਾ ਹੈ ਪਰ ਇਥੇ ਇੰਨਾ ਕੁ ਦੱਸਣ ਦਾ ਭਾਵ ਇਹੀ ਹੈ ਕਿ ਇਸ ਇੰਨੇ ਮਹਾਨ ਅਸਥਾਨ ਤੇ ਦੋਸਤੀ ਦਾ ਪੁਲ ਕਿਉਂ ਨਹੀਂ ਉਸਰ ਸਕਦਾ । ਬਸ ਸਿੱਖ ਏਨਾ ਕੁ ਹੀ ਚਾਹੁੰਦੇ ਹਨ, ਕਿ ਉਸ ਮਹਾਨ ਗੁਰੂ ਨਾਲ ਸਬੰਧਿਤ ਅਸਥਾਨਾਂ ਨੂੰ ਕਾਇਮ ਰੱਖ ਸਕਣ, ਸੇਵਾ ਸੰਭਾਲ ਕਰ ਸਕਣ ।
  ਅੰਗਰੇਜ਼ੀ ਸ਼ਾਸਨ ਮੌਕੇ ਅੰਗਰੇਜ਼ ਹਕੂਮਤ ਨੇ ਭਾਵੇਂ ਆਪਣੇ ਮਤਲਬ ਲਈ ਇਥੇ ਪੁਲ ਬਣਾਇਆ ਸੀ, ਜੋ 1971 ਦੀ ਭਾਰਤ ਪਾਕਿ ਜੰਗ ਮੌਕੇ ਫੌਜੀ ਨੁਕਤਾ-ਏ-ਨਿਗਾਹ ਤੋਂ ਢਾਹ ਦਿੱਤਾ ਗਿਆ। ਪਰ ਇਸ ਨੂੰ ਮੁੜ ਉਸਾਰਨ ਲਈ ਜੋ ਸਿੱਖਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ, ਉਹ ਕੁਝ ਮਾਇਨਾ ਜ਼ਰੂਰ ਰਖਾਉਂਦੇ ਹਨ । ਅੱਜ ਤੱਕ ਭਾਰਤ ਅਤੇ ਪਾਕਿਸਤਾਨ ਦੇ ਵੱਖ ਵੱਖ ਸਮੇਂ ਰਹੇ ਪ੍ਰਧਾਨ ਮੰਤਰੀ ਗਾਹੇ ਬਗਾਹੇ ਇਕ ਦੂਜੇ ਦੇਸ਼ ਦੇ ਦੌਰੇ ਸਮੇਂ ਇਸ ਲਈ ਲਾਰੇ ਜ਼ਰੂਰ ਲਾਉਂਦੇ ਰਹੇ ਹਨ । ਪਰ ਉਹ ਜ਼ਾਹਰਾ ਤੌਰ ਤੇ ਕੋਈ ਕਦਮ ਨਹੀਂ ਉਠਾ ਸਕੇ ।
   ਇਕ ਪਾਸੇ ਜਿੱਥੇ ਦੁਨੀਆ ਸਰਹੱਦਾਂ ਮਿਟਾ ਕੇ ਇਕ ਦੂਜੇ ਦੇ ਨੇੜੇ ਹੋ ਰਹੀ ਹੈ, ਉਥੇ ਆਪੋ ਆਪਣੇ ਹਿਤਾਂ ਨੂੰ ਲੈ ਕੇ ਦੂਰ ਵੀ ਜਾ ਰਹੀ ਹੈ । ਜੇ ਬ੍ਰੈਗਜ਼ੈਟ ਦੇ ਸੰਦਰਭ ਵਿੱਚ ਗੱਲ ਕਰੀਏ ਅੱਜ ਬਰਤਾਨਵੀ ਲੋਕ ਦੁਚਿੱਤੀ ਵਿੱਚ ਹਨ । ਯੂਰਪ ਨਾਲ ਸਾਂਝੀ ਮਾਰਕੀਟ ਵੀ ਰੱਖਣੀ ਚਾਹੁੰਦੇ ਹਨ, ਪਰ ਆਮ ਜਨਤਾ ਦੇ ਆਦਾਨ ਪ੍ਰਦਾਨ ਤੋਂ ਵੀ ਖਹਿੜਾ ਛੁਡਾਉਣਾ ਚਾਹੁੰਦੇ ਹਨ । ਇਥੇ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਵਪਾਰੀ ਤੇ ਕੁਲੀਨ ਵਰਗ ਨਾਲੋਂ ਆਮ ਜਨਤਾ ਦੇ ਹਿਤ ਬਿਲਕੁਲ ਵੱਖਰੇ ਹੁੰਦੇ ਹਨ । ਇਸੇ ਲਈ ਹਰ ਕੋਈ ਦੁਬਿਧਾ ਵਿੱਚ ਪਿਆ ਹੋਇਆ ਲਗਦਾ ਹੈ, ਅਸਲ ਵਿੱਚ ਇਹ ਦੁਬਿਧਾ ਨਹੀਂ, ਬਲਕਿ ਆਪੋ ਆਪਣੇ ਹਿੱਤ ਪਰਖੇ ਤੇ ਘੋਖੇ ਜਾ ਰਹੇ ਹਨ । ਜਿਵੇਂ ਸਕੌਟਲੈਂਡ ਦੀ ਆਗੂ ਬੀਬੀ ਨਿਕੋਲਾ ਬਰਤਾਨੀਆ ਨੂੰ ਤਾਂ ਯੂਰਪ ਵਿੱਚ ਰੱਖਣ ਦੇ ਹੱਕ ਵਿੱਚ ਹੈ, ਪਰ ਆਪ ਸਕੌਟਲੈਂਡ ਨੂੰ ਯੂ ਕੇ ਨਾਲੋਂ ਵੱਖ ਕਰਨਾ ਚਾਹੁੰਦੀ ਹੈ ।
  ਹੁਣ ਅਸੀਂ ਮੁੜ ਏਸ਼ੀਆ ਦੀ ਰਾਜਨੀਤੀ ਵੱਲ ਜਾਂਦੇ ਹਾਂ, ਜਿੱਥੇ ਸਿੱਖ ਅੱਜ ਆਪਣੇ ਭਵਿੱਖ ਲਈ ਚਿੰਤਤ ਹਨ । ਯੂਰਪੀਨ ਤਰਜ਼ ਤੇ ਮੁਲਕਾਂ ਦੀ ਸਾਂਝਦਾਰੀ ਦੇ ਜਿੱਥੇ ਨਫ਼ੇ ਹਨ, ਉਥੇ ਨੁਕਸਾਨ ਵੀ ਹਨ । ਇਕ ਪਾਸੇ ਤਾਂ ਸਿੱਖ ਅਜੇ ਪਾਕਿਸਤਾਨ ਵਿੱਚ ਰਹਿ ਗਏ ਗੁਰੂ ਘਰਾਂ ਤੋਂ ਵਿੱਛੜਨ ਦਾ ਦਰਦ ਬਰਦਾਸ਼ਤ ਕਰ ਰਹੇ ਹਨ ਦੂਜੇ ਪਾਸੇ ਉਹ ਭਾਰਤ ਨਾਲੋਂ ਵੀ ਵੱਖ ਹੋਣ ਦੀਆਂ ਸਕੀਮਾਂ ਲਾ ਰਹੇ ਹਨ । ਆਖਰ ਕਿਉਂ ? ਇਹ ਇਕ ਗੁੰਝਲਦਾਰ ਸਵਾਲ ਹੈ । ਮਿਸਾਲ ਵਜੋਂ ਜੇ ਕਿਸੇ ਪਰਿਵਾਰ ਵਿੱਚ ਇਕ ਜੀਅ ਸਮਝਦਾ ਹੈ ਕਿ ਉਸ ਨਾਲ ਇਨਸਾਫ਼ ਨਹੀਂ ਹੋ ਰਿਹਾ, ਤਾਂ ਉਹ ਇਹ ਗੱਲ ਝੱਟ ਪੱਟ ਆਖ ਦਿੰਦਾ ਹੈ, ਚੰਗਾ ਮੈਂ ਚੱਲਿਆਂ, ਆਪੇ ਬਾਹਰ ਕਿਤੇ ਰਹਿ ਲਊਂਗਾ । ਸੋ ਇਸ ਦਾ ਮਤਲਬ ਹੁੰਦਾ ਕਿ ਉਸ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਿਆ ਜਾਵੇ ਤੇ ਉਹਦਾ ਹੱਕ ਦਿੱਤਾ ਜਾਵੇ। ਪੰਜਾਬ ਨਾਲ ਵੀ 1947 ਤੋਂ ਹੁਣ ਤੱਕ ਇਹੀ ਕੁਝ ਹੁੰਦਾ ਆ ਰਿਹਾ ਹੈ । ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਛੋਟੀਆਂ ਛੋਟੀਆਂ ਮੰਗਾਂ ਲਈ ਮੋਰਚੇ ਲਾਉਣੇ ਪਏ, ਸ਼ਹਾਦਤਾਂ ਹੋਈਆਂ, ਜਾਨੀ-ਮਾਲੀ ਨੁਕਸਾਨ ਹੋਇਆ । ਪੰਜਾਬ ਤੇ ਇਥੇ ਰਹਿ ਰਹੇ ਸਿੱਖਾਂ ਨਾਲ ਇਨਸਾਫ਼ ਨਾ ਹੋਣ, ਉਹਨਾਂ ਨੂੰ ਹੱਕ ਨਾ ਮਿਲਣ ਕਾਰਨ ਇਥੇ ਜੋ ਕੁਝ ਹੁੰਦਾ ਹੈ, ਉਸ ਨੂੰ ਲੈ ਕੇ ਇਹ ਗੜਬੜ ਵਾਲਾ ਖਿੱਤਾ ਕਰਾਰ ਦੇ ਦਿੱਤਾ ਜਾਂਦਾ ਹੈ, ਉਹਨਾਂ ਨੂੰ ਕੁੱਟ ਮਾਰ ਕੇ ਦਬਾਇਆ, ਚੁੱਪ ਕਰਾਇਆ ਜਾਂਦਾ ਹੈ, ਅਸਲ ਮਰਜ਼ ਦੀ ਦਵਾ ਕੋਈ ਨਹੀਂ ਕਰਦਾ ।
  ਇਸ ਦਾ ਨਤੀਜਾ ਹੀ ਹੈ ਕਿ ਲੋਕ ਆਪਣੇ ਹੱਕਾਂ ਲਈ ਰੈਲੀਆਂ ਕਰਕੇ ਆਪਣੀ ਗੱਲ ਪ੍ਰਸ਼ਾਸਨ ਤੇ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਪਹਿਲਾ ਮੁੱਦਾ ਸੁਲਝਦਾ ਨਹੀਂ ਹੋਰ ਮੁੱਦਾ ਭਖ ਉਠਦਾ ਹੈ । ਬੀਤੇ ਐਤਵਾਰ 7 ਅਕਤੂਬਰ ਨੂੰ ਬਰਗਾੜੀ ਮੋਰਚੇ ਦੌਰਾਨ ਜਿੱਥੇ ਲੱਖਾਂ ਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸ਼ਰਧਾਲੂਆਂ ਨੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਰੋਕਣ ਲਈ ਆਵਾਜ਼ ਬੁਲੰਦ ਕੀਤੀ । ਦੂਜੇ ਪਾਸੇ ਕੈਪਟਨ ਸਰਕਾਰ ਨੂੰ ਤਾਂ ਸਗੋਂ ਇਸ ਮੋਰਚੇ ਵਾਲਿਆਂ ਦੀ ਗੱਲ ਤੇ ਸਮੱਸਿਆ ਸੁਣਨੀ ਚਾਹੀਦੀ ਸੀ, ਉਹ ਆਪ ਹੀ ਰੈਲੀ ਕਰਕੇ ਆਪਣੀ ਤਾਕਤ ਦਿਖਾਉਣ ਵਿੱਚ ਰੁੱਝ ਗਿਆ, ਬੇਸ਼ਕ ਇਕੱਠ ਬਹੁਤਾ ਨਾ ਹੋ ਸਕਿਆ । ਇਸੇ ਤਰ੍ਹਾਂ 10 ਸਾਲਾਂ ਪਿੱਛੋਂ ਸੱਤਾ ਹੀਣ ਹੋ ਚੁੱਕਾ ਸ਼੍ਰੋਮਣੀ ਅਕਾਲੀ ਦਲ ਵੀ ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਤਾਕਤ ਅਜ਼ਮਾਈ ਲਈ ਤਿਆਰੀ ਕਰ ਰਿਹਾ ਹੈ, ਪਰ ਅਜੇ ਲੋਕਾਂ ਨੇ ਉਹਨਾਂ ਨੂੰ ਏਨਾ ਸਮਰਥਨ ਨਹੀਂ ਦਿੱਤਾ, ਜਿੰਨਾ ਕਦੇ ਪਹਿਲਾਂ ਦਿੰਦੇ ਸਨ ।
 ਅਸੀਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੋਂ ਗੱਲ ਸ਼ੁਰੂ ਕੀਤੀ ਸੀ । ਜਿਵੇਂ ਗੁਰੂ ਨਾਨਕ ਸਾਹਿਬ ਨੂੰ ਦੋ ਕੌਮਾਂ ਨੇ ਸਾਂਝਾ ਗੁਰੂ ਪੀਰ ਮੰਨ ਲਿਆ ਸੀ, ਇਸੇ ਤਰ੍ਹਾਂ ਉਸ ਗੁਰੂ ਦੇ ਸਿੱਖ ਵੀ ਦੋ ਦੇਸ਼ਾਂ ਵਿੱਚ ਇਕ ਸਾਂਝਦਾਰੀ ਦਾ ਸਵੱਬ ਬਣ ਸਕਦੇ ਹਨ । ਇਸ ਖਿੱਤੇ ਵਿੱਚ ਸਿੱਖਾਂ ਨੂੰ ਦੋ ਨੇਸ਼ਨਾਂ ਵਿਚਕਾਰ ਦੋਸਤੀ ਦੇ ਪੁਲ ਵਜੋਂ ਵੀ ਦੇਖ ਸਕਦੇ ਹਾਂ, ਪਰ ਜੇ ਦੋਵੇਂ ਧਿਰਾਂ ਸਿੱਖਾਂ ਪ੍ਰਤੀ ਇਮਾਨਦਾਰ ਹੋਣ । ਸੋ ਉਹ ਪੁਲ ਗੁਰੂ ਸਾਹਿਬ ਦੇ 550ਵੇਂ ਆਗਮਨ ਪੁਰਬ ਤੋਂ ਪਹਿਲਾਂ ਤਾਮੀਰ ਹੋਣਾ ਚਾਹੀਦਾ ਹੈ। ਇੰਝ ਹੋਣਾ ਜਿੱਥੇ ਸਿੱਖਾਂ ਨੂੰ ਸਕੂਨ ਤੇ ਖੁਸ਼ੀ ਦੇਵੇਗਾ, ਉਥੇ ਆਪਣੇ ਆਪ ਵਿੱਚ ਇਹ ਇਕ ਇਤਿਹਾਸਕ ਮੀਲ ਪੱਥਰ ਵੀ ਸਾਬਤ ਹੋ ਸਕਦਾ ਹੈ ।

ਹਰਜਿੰਦਰ ਸਿੰਘ ਮੰਡੇਰ