image caption:

ਬੀਬੀ ਜਗੀਰ ਕੌਰ ਵੱਲੋਂ ਬਰਗਾੜੀ ਮੋਰਚਾ ਵਾਲੇ ਕਾਂਗਰਸੀ ਏਜੰਟ ਕਰਾਰ

ਅੰਮ੍ਰਿਤਸਰ: ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਰਗਾੜੀ ਵਿੱਚ ਮੋਰਚਾ ਲਾਉਣ ਵਾਲਿਆਂ ਨੂੰ ਕਾਂਗਰਸ ਦੇ ਏਜੰਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਵਿੱਚ ਇਕੱਠੇ ਹੋਏ ਲੋਕ ਕਾਂਗਰਸ ਦੇ ਏਜੰਟ ਹਨ। ਉਹ ਕਾਂਗਰਸ ਦੀ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ &rsquoਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਨਾ ਤਾਂ ਪਹਿਲਾਂ ਕਾਮਯਾਬ ਹੋਈਆਂ ਸਨ ਤੇ ਨਾ ਹੁਣ ਹੋਣਗੀਆਂ। ਉਨ੍ਹਾਂ ਕਿਹਾ ਕਿ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ।

ਅੱਜ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਬਰਗਾੜੀ ਦੇ ਮੁੱਦੇ ਦੇ ਦੋਸ਼ੀ ਫੜ੍ਹੇ ਜਾਣੇ ਚਾਹੀਦੇ ਹਨ ਪਰ ਇਸ ਮੁੱਦੇ &rsquoਤੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਸੁਖਪਾਲ ਖਹਿਰਾ 'ਤੇ ਵੀ ਨਿਸ਼ਾਨਾ ਸਾਧਿਆ। ਜਗੀਰ ਕੌਰ ਨੇ ਕਿਹ ਕਿ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਸਿਮਰਨਜੀਤ ਸਿੰਘ ਮਾਨ ਸਮੇਤ ਜਿੰਨੇ ਵੀ ਆਗੂ ਬਰਗਾੜੀ ਦੇ ਮੋਰਚੇ ਵਿੱਚ ਪਹੁੰਚੇ ਸਨ, ਉਨ੍ਹਾਂ ਵੱਲੋਂ ਇਹ ਨਿੱਜੀ ਤੌਰ &rsquoਤੇ ਕੀਤਾ ਗਿਆ ਇਕੱਠ ਸੀ। ਸੁਖਪਾਲ ਸਿੰਘ ਖਹਿਰਾ ਇਕੱਲੇ ਇਸ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਖਹਿਰਾ ਨੂੰ ਚੈਲੰਜ ਕੀਤਾ ਕਿ ਜੇ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਆਪਣੇ ਹਲਕੇ ਵਿੱਚ ਇਕੱਠ ਕਰਕੇ ਦਿਖਾਉਣ। ਦਰਅਸਲ ਬਰਗਾੜੀ ਵਿੱਚ ਸੱਤ ਅਕਤੂਬਰ ਨੂੰ ਸਿੱਖ ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਕੱਢੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਸਿੱਖ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਸੀ। ਇੰਨਾ ਇਕੱਠ ਵੇਖ ਕੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਗਏ ਸਨ।

ਟਕਸਾਲੀ ਅਕਾਲੀ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ੇ ਦੇਣ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਵਿੱਚ ਕੋਈ ਸੰਕਟ ਨਹੀਂ, ਪਾਰਟੀ ਚੜ੍ਹਦੀ ਕਲਾ ਵਿੱਚ ਹੈ। ਜੋ ਗੱਲਾਂ ਹੋ ਰਹੀਆਂ ਹਨ ਉਹ ਪਾਰਟੀ ਦੇ ਅੰਦਰ ਬੈਠ ਕੇ ਹੀ ਮੁਕਾ ਲਈਆਂ ਜਾਣਗੀਆਂ।