image caption: ਲੇਖਕ ਨਿਰਮਲ ਸਿੰਘ ਕੰਧਾਲਵੀ

ਚੁੰਝਾਂ ਪੌਂਹਚੇ - ਲੇਖਕ ਨਿਰਮਲ ਸਿੰਘ ਕੰਧਾਲਵੀ

ਤਿੰਨ ਤਖ਼ਤਾਂ ਦੇ ਜਥੇਦਾਰਾਂ ਵਲੋਂ ਗਿਆਨੀ ਗੁਰਬਚਨ ਸਿੰਘ ਨਾਲ਼ ਮੀਟਿੰਗਾਂ ਦਾ ਬਾਈਕਾਟ- ਇਕ ਖ਼ਬਰ
ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਦੋਸਤ ਨੂੰ ਮਿਲਣ ਲਈ ਅਮਰੀਕੀ ਕੁੜੀ ਮਾਪਿਆਂ ਨੂੰ ਦੱਸੇ ਬਿਗ਼ੈਰ ਅੰਮ੍ਰਿਤਸਰ ਪਹੁੰਚੀ- ਇਕ ਖ਼ਬਰ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਅਕਾਲੀ ਵਰਕਰਾਂ ਨਾਲ਼ ਧੱਕਾ ਕਰਨ ਵਾਲੇ ਅਫ਼ਸਰਾਂ ਤੋਂ ਹਿਸਾਬ ਲਵਾਂਗੇ- ਸੁਖਬੀਰ ਬਾਦਲ
ਪਹਿਲਾਂ ਆਪਣਾ ਹਿਸਾਬ ਤਾਂ ਪੰਜਾਬ ਦੇ ਲੋਕਾਂ ਨੂੰ ਦਿਉ ਸ਼੍ਰੀਮਾਨ ਬਾਦਲ ਸਾਹਿਬ।

ਢੀਂਡਸਾ ਦੇ ਅਸਤੀਫ਼ੇ ਨਾਲ਼ ਸੰਗਰੂਰ ਦੀ ਅਕਾਲੀ ਸਿਆਸਤ 'ਚ ਚੁੱਪ ਪਸਰੀ- ਇਕ ਖ਼ਬਰ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ਼, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।

ਪੰਜਾਬ 'ਚ ਸਾਨੂੰ ਚੋਣ ਗੱਠਜੋੜ ਕਰਨ ਦੀ ਲੋੜ ਨਹੀਂ- ਕੈਪਟਨ
ਘੜਾ ਚੁੱਕ ਲਊਂ ਪੱਟਾਂ 'ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਮੁਸ਼ੱਰਫ਼ ਨੂੰ ਘਸੀਟ ਕੇ ਕੇਸ ਦਾ ਸਾਹਮਣਾ ਕਰਨ ਲਈ ਵਾਪਸ ਲਿਆਂਦਾ ਜਾਵੇਗਾ- ਚੀਫ਼ ਜਸਟਿਸ
ਵਾਰਸ ਸ਼ਾਹ ਤਰੱਕਲੇ ਵਲ਼ ਪਿਆ, ਸਿੱਧਾ ਹੋਵੇ ਨਾ ਬਾਝ ਹਠੋਲੀਏ ਜੀ।

ਅਕਾਲੀ ਦਲ ਨੇ ਭਾਜਪਾ ਅਤੇ ਆਰ.ਐਸ.ਐਸ. ਅੱਗੇ ਗੋਡੇ ਟੇਕੇ- ਜੋਗਿੰਦਰ ਦਿਆਲ
ਤੇਰਾ ਮੇਰਾ ਕੀ ਰਿਸ਼ਤਾ, ਮੈਨੂੰ ਪੁੱਛਦੀਆਂ ਨਾਲ਼ ਦੀਆਂ।

ਅੱਤਵਾਦੀਆਂ ਤੇ ਨਕਸਲੀਆਂ ਨਾਲ਼ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ- ਰਾਜਨਾਥ
ਤੇਰੀ ਮੇਰੀ ਨਹੀਂ ਨਿਭਣੀ, ਤੂੰ ਤੇਲਣ ਮੈਂ ਸੁਨਿਆਰਾ।

ਅਕਾਲੀ ਦਲ 'ਚ ਔਖ ਮਹਿਸੂਸ ਕਰ ਰਹੇ ਹਨ ਟਕਸਾਲੀ ਆਗੂ- ਜਾਖੜ
ਆਹ ਲੈ ਫੜ ਮਿੱਤਰਾ, ਸਾਡੇ ਬਾਂਕਾਂ ਮੇਚ ਨਾ ਆਈਆਂ।

ਆਮ ਆਦਮੀ ਪਾਰਟੀ ਨੂੰ ਪੈਸੇ ਦੀ ਤੋਟ- ਇਕ ਖ਼ਬਰ
ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ।

'ਪਾਰਟੀ 'ਚ ਸਭ ਅੱਛਾ ਨਹੀਂ' ਮਾਝੇ ਦੇ ਸੀਨੀਅਰ ਅਕਾਲੀ ਆਗੂਆਂ ਨੇ ਦਿੱਤੇ ਸੰਕੇਤ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਸੁਖਦੇਵ ਸਿੰਘ ਢੀਂਡਸਾ ਮੇਰਾ ਭਰਾ, ਉਸ ਨੇ ਪਾਰਟੀ ਲਈ ਬਹੁਤ ਕੰਮ ਕੀਤਾ- ਬਾਦਲ
ਜਾਵੋ ਨੀਂ ਕੋਈ ਮੋੜ ਲਿਆਵੋ, ਮੇਰੇ ਨਾਲ ਗਿਆ ਅੱਜ ਲੜ ਕੇ।

ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੈਪਟਨ ਸਾਜ਼ਸ਼ਾਂ ਕਰ ਰਹੇ ਹਨ- ਸੁਖਬੀਰ ਬਾਦਲ
ਨਿੱਤ ਪਿੰਡ 'ਚ ਪੁਆੜੇ ਪਾਉਂਦਾ ਨੀਂ, ਮਰ ਜਾਣਾ ਅਮਲੀ।

ਟਕਸਾਲੀ ਵੱਡੇ ਅਕਾਲੀ ਆਗੂ ਪਟਿਆਲਾ ਰੈਲੀ ਤੋਂ ਬਾਅਦ ਮੈਦਾਨ 'ਚ ਨਿੱਤਰਨਗੇ- ਇਕ ਖ਼ਬਰ
ਝੰਡੇ ਨਿੱਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।

ਲੋੜ ਪੈਣ 'ਤੇ ਮੀਡੀਆ ਸਾਹਮਣੇ ਆਵਾਂਗਾ- ਢੀਂਡਸਾ
ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।

ਕਾਂਗਰਸ ਦੀ ਕਿੱਲਿਆਂ ਵਾਲ਼ੀ ਰੈਲੀ ਲਈ ਅੱਧੀਂ ਕੈਬਨਿਟ ਬਠਿੰਡਾ 'ਚ ਡਟੀ- ਇਕ ਖ਼ਬਰ
ਪਿੱਪਲਾਂ ਹੇਠਾਂ ਲੱਗਣਾ ਮੇਲਾ, ਹੋਈਆਂ ਪੱਬਾਂ ਭਾਰ ਮੁਟਿਆਰਾਂ।

ਅਕਾਲੀ ਦਲ ਤੇ ਕਾਂਗਰਸ ਬੇਅਦਬੀ ਦੇ ਮਾਮਲੇ 'ਚ ਦੋਵੇਂ ਹੀ ਸੰਜੀਦਾ ਨਹੀਂ-ਖਹਿਰਾ
ਤੂੰ ਮੰਨ ਜਾਂ ਨਾ ਮੰਨ ਮਿੱਤਰਾ, ਗੜਬੜ ਹੋ ਗਈ ਲਗਦੀ ਆ।  

ਲੇਖਕ ਨਿਰਮਲ ਸਿੰਘ ਕੰਧਾਲਵੀ