image caption: ਲ਼ੇਖਕ – ਨਿਰਮਲ ਸਿੰਘ ਕੰਧਾਲਵੀ

ਚੁੰਝਾਂ- ਪੌਂਹਚੇ (ਲੇਖਕ – ਨਿਰਮਲ ਸਿੰਘ ਕੰਧਾਲਵੀ)

* ਨਿੱਕੀ ਹੇਲੀ ਨੇ ਟਰੰਪ ਦਾ ਮਜ਼ਾਕ ਉਡਾਇਆ- ਇਕ ਖ਼ਬਰ
# ਲੱਤ ਮਾਰੂੰਗੀ ਪੰਜੇਬਾਂ ਵਾਲੀ, ਪਿਛਾਂਹ ਹੋ ਜਾ ਚੱਟੂ ਵੱਟਿਆ।

* ਪੰਥਕ ਅਸੰਬਲੀ ਵੱਲੋਂ ਬਰਗਾੜੀ ਮੋਰਚੇ ਦੀ ਹਮਾਇਤ- ਇਕ ਖ਼ਬਰ
# ਮੈਂ ਕਿਉਂਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖਤ ਹਜ਼ਾਰੇ ਨੂੰ।

* ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਦੀ ਬਰਖਾਸਤਗੀ ਮੰਗੀ- ਇਕ ਖ਼ਬਰ
# ਜਿਉਣਾ ਮੌੜ ਵੱਢਿਆ ਨਾ ਜਾਵੇ, ਛਵੀਆਂ ਦੇ ਘੁੰਡ ਮੁੜ ਗਏ।

* ਸ੍ਰੀ ਅਕਾਲ ਤਖਤ ਦੀ ਭਰੋਸੇ ਯੋਗਤਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗੇ- ਗਿਆਨੀ ਹਰਪ੍ਰੀਤ ਸਿੰਘ
# ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜਾ੍ਣ ਬੇਟਾ।

* ਬ੍ਰਹਮਪੁਰਾ ਨੇ ਸਭ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ- ਇਕ ਖ਼ਬਰ
# ਬਾਰਾਂ ਬਰਸ ਚਰਵਾ ਕੇ ਮੱਝੀਆਂ ਨੂੰ, ਆਖਰ ਵਕਤ ਹੈ ਕੋਰਾ ਜਵਾਬ ਹੋਇਆ।

* ਬਾਦਲ ਪਰਿਵਾਰ ਨੇ ਜਨਤਕ ਸਮਾਰੋਹਾਂ ਤੋਂ ਪਾਸਾ ਵੱਟਿਆ- ਇਕ ਖ਼ਬਰ
# ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

* ਬਾਗ਼ੀ ਧੜੇ ਦੀਆਂ ਸਖਤ ਸ਼ਰਤਾਂ ਕਾਰਨ 'ਆਪ' ਦੀ ਮੀਟਿੰਗ ਰਹੀ ਬੇਸਿੱਟਾ- ਇਕ ਖ਼ਬਰ
# ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲੋਂ ਮੁੜਗੀ।

* ਬ੍ਰਹਮਪੁਰਾ ਦਾ ਅਸਤੀਫ਼ਾ ਪਾਰਟੀ ਲਈ ਨੁਕਸਾਨਦੇਹ- ਸੇਖਵਾਂ
# ਤੇ ਤੁਸੀਂ ਅਜੇ ਵੀ ਕੰਧ 'ਤੇ ਬੈਠੇ ਬਾਦਲਾਂ ਦਾ ਸੱਦਾ-ਪੱਤਰ ਉਡੀਕਦੇ ਹੋ?

* ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਟਕਸਾਲੀ ਆਗੂਆਂ ਨੇ ਅਹੁਦੇ ਛੱਡੇ- ਸੁਖਬੀਰ ਬਾਦਲ
# ਦਾਖੇ ਹੱਥ ਨਾ ਅੱਪੜੇ, ਆਖੇ ਥੂਹ ਕੌੜੀ।

* ਬਾਦਲਾਂ ਨੇ ਹਮੇਸ਼ਾਂ ਹਾਦਸਿਆਂ 'ਤੇ ਸਿਆਸਤ ਕੀਤੀ- ਰਵੀਇੰਦਰ ਸਿੰਘ
# ਨਾਹੁੰਦੀ ਫਿਰੇ ਤੀਰਥਾਂ 'ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।

* ਪੰਜਾਬ ' ਚ ਨਵੀਂ ਸਿਆਸੀ ਧਿਰ ਉਭਰਨ ਦੇ ਆਸਾਰ- ਇਕ ਖ਼ਬਰ
# ਸੁੱਚਿਆਂ ਰੁਮਾਲਾਂ ਨੂੰ ਲਾ ਦੇ ਧੰਨ ਕੁਰੇ ਗੋਟਾ।

* ਲਾਭ ਦੇ ਅਹੁਦੇ ਦੇ ਦੋਸ਼ 'ਚੋਂ 'ਆਪ' ਦੇ ੨੭ ਵਿਧਾਇਕ ਬਰੀ- ਇਕ ਖ਼ਬਰ
# ਲੱਡੂ ਵੰਡਦੀ ਗਲ਼ੀ ਦੇ ਵਿਚ ਆਵਾਂ, ਪਹਿਲੀ ਪੇਸ਼ੀ ਯਾਰ ਛੁੱਟਿਆ।

* ਪਾਰਟੀ ਦੇ ਕਹਿਣ 'ਤੇ ਪ੍ਰਧਾਨਗੀ ਦਾ ਅਹੁਦਾ ਛੱਡਣ ਲਈ ਤਿਆਰ ਹਾਂ- ਸੁਖਬੀਰ ਬਾਦਲ
# ਕਿਹੜੀ ਪਾਰਟੀ ਬਈ ?

ਲ਼ੇਖਕ &ndash ਨਿਰਮਲ ਸਿੰਘ ਕੰਧਾਲਵੀ
***********