image caption:

ਆਸਟਰੇਲੀਆ ਵਿੱਚ ਫਰਜ਼ੀ ਵਿਆਹ ਘੁਟਾਲੇ ਵਿੱਚ ਇੱਕ ਪੰਜਾਬੀ ਦੇ ਸਮੇਤ 164 ਗ੍ਰਿਫਤਾਰ

ਸਿਡਨੀ- ਇਥੇ ਪੁਲਸ ਨੇ ਫਰਜ਼ੀ ਵਿਆਹ ਕਰਾਉਣ ਦੇ ਦੋਸ਼ ਹੇਠ ਇਕ 32 ਸਾਲਾ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕੇਸ ਸਾਹਮਣੇ ਆਉਣ ਪਿੱਛੋਂ ਕਰੀਬ 164 ਪਰਵਾਸੀਆਂ ਦੀਆਂ ਵਿਆਹ ਤੋਂ ਬਾਅਦ ਪੱਕੇ ਨਿਵਾਸ ਲਈ ਦਿੱਤੀਆਂ ਅਰਜ਼ੀਆਂ ਠੰਢੇ ਬਸਤੇ 'ਚ ਪੈ ਗਈਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਆਸਟਰੇਲਿਆਈ ਔਰਤਾਂ ਨਾਲ ਪੈਸੇ ਦਾ ਲਾਲਚ ਦੇ ਕੇ ਵਿਆਹ ਕਰਵਾਉਣ ਦੇ ਅਜਿਹੇ ਕਈ ਮਾਮਲੇ ਹੋ ਸਕਦੇ ਹਨ। ਇਸ ਬਾਰੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਲੋਕ ਵੀ ਸ਼ੱਕੀਆਂ ਵਿੱਚ ਸ਼ਾਮਲ ਹਨ।
ਆਸਟਰੇਲੀਆ ਦੀ ਕੇਂਦਰੀ ਪੁਲਸ ਨੇ ਸਿਡਨੀ ਦੇ ਪੰਜਾਬੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਸਾਰਾ ਮਾਮਲਾ ਇਮੀਗ੍ਰੇਸ਼ਨ ਵਿਭਾਗ ਦੇ ਧਿਆਨ ਵਿੱਚ ਲਿਆ ਦਿੱਤਾ ਸੀ। ਇਸ ਧੋਖਾਧੜੀ ਵਿੱਚ ਸ਼ਾਮਲ ਹੋਰਨਾਂ ਦੀ ਵੀ ਪੈੜ ਨੱਪੀ ਜਾ ਰਹੀ ਹੈ। ਕਈ ਰਜਿਸਟਰਡ ਏਜੰਟ ਅਤੇ ਵਿਆਹ ਦੇ ਰਜਿਸਟਰੇਸ਼ਨ ਸਰਟੀਫਿਕੇਟ ਦੇਣ ਵਾਲੇ ਵੀ ਸ਼ੱਕ ਦੇ ਘੇਰੇ ਵਿੱਚ ਹਨ। ਪੁਲਸ ਵੱਲੋਂ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਚਾਰ ਆਸਟਰੇਲੀਅਨ ਔਰਤਾਂ ਨੇ ਅਜਿਹੇ ਕੇਸਾਂ ਵਿੱਚ ਸ਼ਮੂਲੀਅਤ ਮੰਨੀ ਹੈ। ਪੁਲਸ ਦੇ ਮੁਤਾਬਕ ਏਦਾਂ ਦੇ ਕੇਸਾਂ ਵਿੱਚ ਆਮ ਤੌਰ 'ਤੇ ਸਮਾਜਿਕ ਵਿੱਤੀ ਪੱਧਰ 'ਤੇ ਔਕੜਾਂ ਦਾ ਸਾਹਮਣਾ ਕਰ ਰਹੀਆਂ ਨੌਜਵਾਨ ਔਰਤਾਂ ਸ਼ਾਮਲ ਹੁੰਦੀਆਂ ਹਨ। ਸੌਦਾ ਕਰਨ ਵਾਲੇ ਉਨ੍ਹਾਂ ਨੂੰ ਪ੍ਰਤੀ ਹਫਤਾ ਤਨਖਾਹ ਦੇਣ ਦੇ ਪਾਬੰਦ ਹੋ ਜਾਂਦੇ ਹਨ। ਪੁਲਸ ਦੇ ਕਾਰਜਕਾਰੀ ਜਾਂਚ ਕਮਾਂਡਰ ਕਲਿੰਟਨ ਸਿਮਜ਼ ਨੇ ਕਿਹਾ ਕਿ ਇਹ ਮਾਮਲਾ ਆਸਟਰੇਲੀਆ ਦੇ ਇਮੀਗਰੇਸ਼ਨ ਨਿਯਮਾਂ ਨਾਲ ਧੋਖੇ ਦਾ ਹੈ। ਗ੍ਰਿਫਤਾਰ ਕੀਤੇ ਗਏ ਪੰਜਾਬੀ ਨੂੰ ਸਬੰਧਤ ਅਥਾਰਿਟੀ ਨੇ ਦੋਸ਼ੀ ਦੱਸਿਆ ਹੈ। ਉਸ ਨੂੰ ਮਾਈਗਰੇਸ਼ਨ ਐਕਟ ਤਹਿਤ 2,10,000 ਡਾਲਰ ਤੱਕ ਦਾ ਜੁਰਮਾਨਾ ਅਤੇ 10 ਸਾਲ ਦੀ ਕੈਦ ਹੋ ਸਕਦੀ ਹੈ।