image caption:

ਦੀਵਾਲੀ ਮੌਕੇ ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਕਾਲਜਾਂ ਦਾ ਸਟਾਫ ਤਨਖਾਹਾਂ ਤੋਂ ਵਾਂਝਾ

ਪਟਿਆਲਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਚੱਲਦੇ ਬਹੁ ਗਿਣਤੀ ਕਾਲਜਾਂ ਦਾ ਸਟਾਫ ਇਸ ਵਾਰ ਤਨਖਾਹਾਂ ਤੋਂ ਬਿਨਾਂ ਦੀਵਾਲੀ ਮਨਾਉਣ ਲਈ ਮਜਬੂਰ ਹੋ ਗਿਆ ਹੈ। ਇਨ੍ਹਾਂ ਕਾਲਜਾਂ ਵਿੱਚ ਸੇਵਾ ਨਿਭਾ ਰਹੇ ਪ੍ਰੋਫੈਸਰਾਂ ਅਤੇ ਹੋਰ ਸਟਾਫ ਨੂੰ ਦੋ-ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ।
ਜਾਣਕਾਰ ਸੂਤਰਾਂ ਅਨੁਸਾਰ ਕੁਝ ਕਾਲਜ ਅਜਿਹੇ ਹਨ, ਜਿਨ੍ਹਾਂ ਦੀ ਅਗਸਤ ਮਹੀਨੇ ਦੀ ਤਨਖਾਹ ਪਾਈ ਗਈ ਸੀ, ਜਦੋਂ ਕਿ ਉਸ ਤੋਂ ਬਾਅਦ ਅੱਜ ਤੱਕ ਸਟਾਫ ਤਨਖਾਹਾਂ ਨੂੰ ਤਰਸ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ 'ਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਰਹੇ ਮੁਲਾਜ਼ਮਾਂ ਦੇ ਵਿੱਤੀ ਹਾਲਾਤ ਤਿਉਹਾਰਾਂ ਦੇ ਦਿਨਾਂ 'ਚ ਨਾਜ਼ੁਕ ਹਨ, ਪਰ ਉਨ੍ਹਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ 'ਚ ਫਰਵਰੀ ਮਹੀਨੇ 'ਚ ਤਨਖਾਹ ਮਿਲੀ ਸੀ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਵੀ ਉਨ੍ਹਾਂ ਨੂੰ ਲਾਰੇ ਹੀ ਮਿਲੇ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਰਲਜ਼ ਕਾਲਜ ਸਰਹਾਲੀ ਸਾਹਿਬ ਦੇ ਕਾਲਜ ਦੇ ਸਟਾਫ ਦੀ ਦੋ ਮਹੀਨਿਆਂ ਦੀ ਤਨਖਾਹ ਬਕਾਇਆ ਹੈ। ਇਸ ਬਾਰੇ ਡਾਇਰੈਕਟਰ ਐਜੂਕੇਸ਼ਨ ਐਸ ਜੀ ਪੀ ਸੀ, ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਆਦਾਤਰ ਕਾਲਜਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਵਿੱਤ ਸਬੰਧੀ ਉਨ੍ਹਾਂ ਕੋਲ ਅਖਤਿਆਰ ਨਹੀਂ ਹਨ, ਇਸ ਲਈ ਉਹ ਇਸ ਸਬੰਧੀ ਬਹੁਤਾ ਕੁਝ ਨਹੀਂ ਕਹਿ ਸਕਦੇ।