image caption: ਲੇਖਕ – ਨਿਰਮਲ ਸਿੰਘ ਕੰਧਾਲਵੀ

ਚੁੰਝਾਂ- ਪੌਂਹਚੇ (ਲੇਖਕ – ਨਿਰਮਲ ਸਿੰਘ ਕੰਧਾਲਵੀ)

 * ਨਿੱਕੀ ਹੇਲੀ ਨੇ ਟਰੰਪ ਦਾ ਮਜ਼ਾਕ ਉਡਾਇਆ- ਇਕ ਖ਼ਬਰ
# ਲੱਤ ਮਾਰੂੰਗੀ ਪੰਜੇਬਾਂ ਵਾਲੀ, ਪਿਛਾਂਹ ਹੋ ਜਾ ਚੱਟੂ ਵੱਟਿਆ।

* ਪੰਥਕ ਅਸੰਬਲੀ ਵੱਲੋਂ ਬਰਗਾੜੀ ਮੋਰਚੇ ਦੀ ਹਮਾਇਤ- ਇਕ ਖ਼ਬਰ
# ਮੈਂ ਕਿਉਂਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖਤ ਹਜ਼ਾਰੇ ਨੂੰ।

* ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਦੀ ਬਰਖਾਸਤਗੀ ਮੰਗੀ- ਇਕ ਖ਼ਬਰ
# ਜਿਉਣਾ ਮੌੜ ਵੱਢਿਆ ਨਾ ਜਾਵੇ, ਛਵੀਆਂ ਦੇ ਘੁੰਡ ਮੁੜ ਗਏ।

* ਸ੍ਰੀ ਅਕਾਲ ਤਖਤ ਦੀ ਭਰੋਸੇ ਯੋਗਤਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗੇ- ਗਿਆਨੀ ਹਰਪ੍ਰੀਤ ਸਿੰਘ
# ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜਾ੍ਣ ਬੇਟਾ।

* ਬ੍ਰਹਮਪੁਰਾ ਨੇ ਸਭ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ- ਇਕ ਖ਼ਬਰ
# ਬਾਰਾਂ ਬਰਸ ਚਰਵਾ ਕੇ ਮੱਝੀਆਂ ਨੂੰ, ਆਖਰ ਵਕਤ ਹੈ ਕੋਰਾ ਜਵਾਬ ਹੋਇਆ।

* ਬਾਦਲ ਪਰਿਵਾਰ ਨੇ ਜਨਤਕ ਸਮਾਰੋਹਾਂ ਤੋਂ ਪਾਸਾ ਵੱਟਿਆ- ਇਕ ਖ਼ਬਰ
# ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

* ਬਾਗ਼ੀ ਧੜੇ ਦੀਆਂ ਸਖਤ ਸ਼ਰਤਾਂ ਕਾਰਨ 'ਆਪ' ਦੀ ਮੀਟਿੰਗ ਰਹੀ ਬੇਸਿੱਟਾ- ਇਕ ਖ਼ਬਰ
# ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲੋਂ ਮੁੜਗੀ।

* ਬ੍ਰਹਮਪੁਰਾ ਦਾ ਅਸਤੀਫ਼ਾ ਪਾਰਟੀ ਲਈ ਨੁਕਸਾਨਦੇਹ- ਸੇਖਵਾਂ
# ਤੇ ਤੁਸੀਂ ਅਜੇ ਵੀ ਕੰਧ 'ਤੇ ਬੈਠੇ ਬਾਦਲਾਂ ਦਾ ਸੱਦਾ-ਪੱਤਰ ਉਡੀਕਦੇ ਹੋ?

* ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਟਕਸਾਲੀ ਆਗੂਆਂ ਨੇ ਅਹੁਦੇ ਛੱਡੇ- ਸੁਖਬੀਰ ਬਾਦਲ
# ਦਾਖੇ ਹੱਥ ਨਾ ਅੱਪੜੇ, ਆਖੇ ਥੂਹ ਕੌੜੀ।

* ਬਾਦਲਾਂ ਨੇ ਹਮੇਸ਼ਾਂ ਹਾਦਸਿਆਂ 'ਤੇ ਸਿਆਸਤ ਕੀਤੀ- ਰਵੀਇੰਦਰ ਸਿੰਘ
# ਨਾਹੁੰਦੀ ਫਿਰੇ ਤੀਰਥਾਂ 'ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।

* ਪੰਜਾਬ ' ਚ ਨਵੀਂ ਸਿਆਸੀ ਧਿਰ ਉਭਰਨ ਦੇ ਆਸਾਰ- ਇਕ ਖ਼ਬਰ
# ਸੁੱਚਿਆਂ ਰੁਮਾਲਾਂ ਨੂੰ ਲਾ ਦੇ ਧੰਨ ਕੁਰੇ ਗੋਟਾ।

* ਲਾਭ ਦੇ ਅਹੁਦੇ ਦੇ ਦੋਸ਼ 'ਚੋਂ 'ਆਪ' ਦੇ ੨੭ ਵਿਧਾਇਕ ਬਰੀ- ਇਕ ਖ਼ਬਰ
# ਲੱਡੂ ਵੰਡਦੀ ਗਲ਼ੀ ਦੇ ਵਿਚ ਆਵਾਂ, ਪਹਿਲੀ ਪੇਸ਼ੀ ਯਾਰ ਛੁੱਟਿਆ।

* ਪਾਰਟੀ ਦੇ ਕਹਿਣ 'ਤੇ ਪ੍ਰਧਾਨਗੀ ਦਾ ਅਹੁਦਾ ਛੱਡਣ ਲਈ ਤਿਆਰ ਹਾਂ- ਸੁਖਬੀਰ ਬਾਦਲ
# ਕਿਹੜੀ ਪਾਰਟੀ ਬਈ ?

* ਸੁਖਪਾਲ ਖਹਿਰਾ ਅਤੇ ਕੰਵਰ ਸੰਧੂ 'ਆਪ' 'ਚੋਂ ਮੁਅੱਤਲ- ਇਕ ਖ਼ਬਰ
# ਛੱਡ ਦਿਉ ਲੜ ਪਰਦੇਸੀ ਦਾ, ਘਰ ਆਪਣੇ ਮੁੜ ਆਉ।

* ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਨਾਲ਼ ਕਾਲਾ ਧਨ ਵਾਪਸ ਨਹੀਂ ਆਇਆ- ਕਾਂਗਰਸੀ ਆਗੂ ਆਜ਼ਾਦ
# ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਗਏ ਵਕਤ ਨੂੰ ਕਿਸੇ ਨਾ ਮੋੜਿਆ ਏ।

* ਸੇਖਵਾਂ ਦਾ ਅਕਾਲੀ ਦਲ ਦੇ ਅਹੁੱਦਿਆਂ ਤੋਂ ਅਸਤੀਫਾ ਤੇ ਅਕਾਲੀ ਦਲ ਨੇ ਕੀਤੀ ਉਸ ਦੀ ਛੁੱਟੀ-ਇਕ ਖ਼ਬਰ
# ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜੀ ਝੱਲਣੀ।

* ਸ਼੍ਰੋਮਣੀ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ- ਭਗਵੰਤ ਮਾਨ
# ਛੱਜ ਤਾਂ ਬੋਲੇ, ਛੇਕਾਂ ਵਾਲੀ ਛਾਨਣੀ ਵੀ ਬੋਲੀ ਜਾਂਦੀ ਐ।

* ਇਤਿਹਾਸ ਨਾਲ ਛੇੜ-ਛਾੜ ਖਿਲਾਫ ਅਕਾਲੀ ਦਲ ਦਾ ਧਰਨਾ-ਇਕ ਖ਼ਬਰ
# ਸ਼੍ਰੋਮਣੀ ਕਮੇਟੀ ਵਲੋਂ ਛਾਪੀ ਹਿੰਦੀ ਦੀ ਕਿਤਾਬ 'ਚ ਇਤਿਹਾਸ ਨਾਲ ਕੀਤੀ ਛੇੜ-ਛਾੜ ਵੇਲੇ ਇਹ 'ਸੂਰਮੇ' ਕਿੱਥੇ ਸਨ?

* ਬ੍ਰਹਮਪੁਰਾ ਦੀ ਆਪਣੇ ਹਮਾਇਤੀਆਂ ਨਾਲ ਮੀਟਿੰਗ ੪ ਨਵੰਬਰ ਨੂੰ ਹੋਵੇਗੀ- ਇਕ ਖ਼ਬਰ
# ਟੁੱਟ ਪੈਣਾ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

* ਅਕਾਲੀਆਂ ਵੱਲੋਂ ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ ਵਲ ਮਾਰਚ- ਇਕ ਖ਼ਬਰ
# ਇਹ ਮਾਰਚ ਮੋਦੀ ਦੀ ਰਿਹਾਇਸ਼ ਵਲ ਨੂੰ ਕਿਉਂ ਨਹੀਂ ਬਈ?

* ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਲੱਗੇ ਮੋਦੀ- ਇਕ ਖ਼ਬਰ
# ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।

* ਰਾਮ ਮੰਦਰ ਭਾਜਪਾ ਲਈ ਚੋਣ ਮੁੱਦਾ ਨਹੀਂ- ਜਾਵੜੇਕਰ
# ਜਾਵੜੇਕਰ ਸਾਹਿਬ ਸੁਧਾ ਲੂਣ ਨਾ ਗੁੰਨ੍ਹਿਆਂ ਕਰੋ।

* ਬਾਗੀ਼ ਅਕਾਲੀ ਨੇਤਾਵਾਂ ਦੇ ਹੱਕ 'ਚ ਨਿੱਤਰੀ ਸਿੱਖ ਸਟੂਡੈਂਟ ਫੈਡਰੇਸ਼ਨ-ਇਕ ਖ਼ਬਰ
# ਚੱਲ ਚੱਲੀਏ ਵਿਸਾਖੀ ਵਾਲੇ ਮੇਲੇ, ਮੁੰਡਾ ਤੇਰਾ ਮੈਂ ਚੁੱਕ ਲਊਂ।

* ਆਰਥਿਕ ਸੰਕਟ 'ਚ ਫਸੇ ਪਾਕਿਸਤਾਨ ਨੂੰ ਚੀਨ ਨੇ ਦਿੱਤਾ ਮਦਦ ਦਾ ਭਰੋਸਾ- ਇਕ ਖ਼ਬਰ
# ਜਿੱਥੋਂ ਮਰਜ਼ੀ ਵੰਙਾਂ ਚੜ੍ਵਾ ਲਈਂ, ਮਿੱਤਰਾਂ ਦਾ ਨਾਂ ਚੱਲਦੈ।

* ਕੁਝ ਵਿਰੋਧੀ ਝੂਠ ਦੀਆਂ ਮਸ਼ੀਨਾਂ, ਏ਼ ਕੇ਼ ੪੭ ਵਾਂਗੂੰ ਫਾਇਰ ਕਰਦੇ ਹਨ- ਮੋਦੀ
# ਵਾਹਵਾ ਤੇਰੀ ਚਤੁਰਾਈ, ਤਬੇਲੇ ਦੀ ਬਲ਼ਾਅ ਵਛੇਰੇ ਗਲ਼ ਪਾਈ।

* ਸੱਚ ਬੋਲਣ ਤੋਂ ਪਿਛਾਂਹ ਨਹੀਂ ਹਟਾਂਗਾ- ਬ੍ਹਮਪੁਰਾ
# ਵੰਝਲੀ ਰਾਂਝੇ ਦੀ ਹੀਰ ਹੀਰ ਪਈ ਕੂਕੇ।

* ਕੋਰ ਕਮੇਟੀ ਨੇ ਸੁਖਬੀਰ ਦੀ ਪ੍ਧਾਨਗੀ 'ਤੇ ਮੋਹਰ ਲਗਾਈ-ਇਕ ਖ਼ਬਰ
# ਕੋਰ ਕਮੇਟੀ ਸਿਆਣੀ ਐ, ਕੋਈ ਕੀਰਤਨ ਸੋਹਿਲਾ ਪੜ੍ਨੇ ਵਾਲਾ ਵੀ ਚਾਹੀਦੈ।

* ਅਕਾਲੀ ਦਲ ਸਿੱਖ ਕਤਲੇਆਮ ਖਿਲਾਫ ਦਿੱਲੀ 'ਚ ਧਰਨਾ ਦੇਵੇਗਾ- ਇਕ ਖ਼ਬਰ
# ਯਾਨੀ ਕਿ ਬੇਹੀ ਕੜੀ੍ 'ਚ ਉਬਾਲ ਆਵੇਗਾ।

* ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦਾ ਪਹਿਲੇ ਦਿਨ ਹੀ ਵਿਰੋਧ- ਇਕ ਖਬਰ
# ਬੱਗੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ਼ ਪੈ ਗਿਆ।

ਲ਼ੇਖਕ &ndash ਨਿਰਮਲ ਸਿੰਘ ਕੰਧਾਲਵੀ