image caption:

ਰਾਫੇਲ ਪਿੱਛੋਂ ਅਮਰੀਕਾ ਤੇ ਦੱਖਣ ਕੋਰੀਆ ਕੋਲੋਂ ਤੋਪਾਂ ਖਰੀਦਣ ਲਈ ਖਰਚੇ 9300 ਕਰੋੜ

ਨਵੀਂ ਦਿੱਲੀ: ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਨਾਸਿਕ ਦੇ ਨਜ਼ਦੀਕ ਦੇਵਲਾਲੀ ਵਿੱਚ ਕੋਰੀਆ ਦੀਆਂ ਖ਼ਾਸ ਕੇ-9 ਵਜਰ ਤੋਪਾਂ ਨੂੰ ਫੌਜੀ ਪਰੰਪਰਾ ਦੇ ਤਹਿਤ ਭਾਰਤੀ ਫੌਜ ਵਿੱਚ ਸ਼ਾਮਲ ਕੀਤਾ ਜਾਏਗਾ। ਇਸਦੇ ਇਲਾਵਾ ਅਮਰੀਕਾ ਤੋਂ ਆਯਾਤ ਕੀਤੀਆਂ ਗਈਆਂ ਐਮ-777 ਲਾਈਟ ਹੋਵਿਤਜ਼ਰ ਗਨ ਤੋਪਾਂ ਨੂੰ ਵੀ ਅੱਜ ਭਾਰਤੀ ਫੌਜ ਵਿੱਚ ਸ਼ਾਮਲ ਕੀਤਾ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਵਿੱਚ ਭਾਰਤ ਦੀ ਐਲ ਐਂਡ ਟੀ ਤੇ ਦੱਖਣ ਕੋਰੀਆਈ ਕੰਪਨੀ ਹਾਨਵਾ ਟੈਕਵਿਨ ਅੱਧੋ-ਅੱਧ ਭਾਈਵਾਲ ਹੋਣਗੀਆਂ। ਮਈ 2017 ਵਿੱਚ ਹੋਏ ਇਸ &lsquoਬਾਏ ਗਲੋਬਲ&rsquo ਨਾਂ ਦੇ ਸੌਦੇ ਦੀ ਕੁੱਲ ਕੀਮਤ 4300 ਕਰੋੜ ਰੁਪਏ ਹੈ।

ਰੱਖਿਆ ਮੰਤਰਾਲੇ ਮੁਤਾਬਕ ਦੇਵਲਾਲੀ ਆਰਟੇਲੇਰੀ ਸੈਂਟਰ ਵਿੱਚ ਨਿਰਮਲਾ ਸੀਤਾਰਮਣ ਤੇ ਫੌਜ ਦੇ ਆਹਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੋਰੀਆ ਤੋਂ ਆਈਆਂ ਕੇ-9 ਤੇ ਅਮਰੀਕਾ ਦੀਆਂ ਐਮ-77 ਤੋਪਾਂ ਦਾ ਫਾਇਰ ਡੈਮੋ ਵੀ ਵਿਖਾਇਆ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਤੋਪਾਂ ਦੀ ਕਮੀ ਨਾਲ ਜੂਝ ਰਹੀ ਭਾਰਤੀ ਫੌਜ ਲਈ ਕੇ-9 ਵਜਰ ਤੇ ਐਮ-777 ਤੋਪਾਂ ਬੇਹੱਦ ਕਾਰਗਰ ਸਾਬਤ ਹੋਣਗੀਆਂ। ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਫੌਜ ਦੱਖਣ ਕੋਰੀਆ ਤੋਂ 100 ਤੋਪਾਂ ਲਏਗੀ।

ਇਸ ਕੰਮ ਲਈ ਮੇਕ ਇੰਨ ਇੰਡੀਆ ਪ੍ਰੋਗਰਾਮ ਤਹਿਤ ਦੱਖਣ ਕੋਰੀਆ ਦੇ ਵੱਡੀ ਕੰਪਨੀ ਹਾਨਵਾ-ਟੈਕਵਿਨ ਭਾਰਤ ਦੀ ਐਲ ਐਂਡ ਟੀ ਨਾਲ ਮਿਲ ਕੇ ਭਾਰਤੀ ਫੌਜ ਲਈ 100 ਤੋਪਾਂ ਬਣਾ ਰਹੀ ਹੈ। ਪਹਿਲੀ ਖੇਪ ਵਿੱਚ 10 ਤੋਪਾਂ ਸਿੱਧੀਆਂ ਕੋਰੀਆ ਤੋਂ ਲਿਆਂਦੀਆਂ ਜਾਣਗੀਆਂ ਜਦਕਿ ਬਾਕੀ 90 ਤੋਪਾਂ ਭਾਰਤ ਵਿੱਚ ਹੀ ਤਿਆਰ ਕੀਤੀਆਂ ਜਾਣਗੀਆਂ।

ਭਾਰਤੀ ਫੌਜ ਮੁਤਾਬਕ ਟੈਂਕ-ਨੁਮਾ ਇਹ ਖਾਸ ਤਰ੍ਹਾਂ ਦੀਆਂ ਕੇ-9 ਵਜਰ ਤੋਪਾਂ ਰੇਗਿਸਤਾਨੀ ਇਲਾਕਿਆਂ ਲਈ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਸਿੱਧੀ ਗੋਲ਼ੀਬਾਰੀ ਵਿੱਚ ਇੱਕ ਕਿੱਲੋਮੀਟਰ ਦੂਰ ਬਣੇ ਦੁਸ਼ਮਣ ਦੇ ਬੰਕਰ ਤੇ ਟੈਂਕਾਂ ਨੂੰ ਵੀ ਤਬਾਹਕਰ ਸਕਦੀਆਂ ਹਨ।

ਇਸਦੇ ਨਾਲ ਹੀ ਭਾਰਤ ਨੇ ਅਮਰੀਕਾ ਕੋਲੋਂ 145 ਅਲਟਰਾ ਲਾਈਟ ਹੋਵਿਤਜ਼ਰ ਤੋਪਾਂ 5 ਹਜ਼ਾਰ ਕਰੋੜ ਰੁਪਏ ਵਿੱਚ ਖਰੀਦੀਆਂ ਹਨ। ਹੈਲੀਕਾਪਟਰ ਜਾਂ ਟਰਾਂਸਪੋਰਟ ਏਅਰਕ੍ਰਾਫਟ ਜ਼ਰੀਏ ਇਨ੍ਹਾਂ ਦਾ ਇਸਤੇਮਾਲ ਪਹਾੜੀ ਇਲਾਕਿਆਂ ਵਿੱਚ ਕੀਤਾ ਜਾ ਸਕਦਾ ਹੈ, ਜਿੱਥੇ ਸੜਕ ਜ਼ਰੀਏ ਪਹੁੰਚਣਾ ਮੁਸ਼ਕਲ ਹੁੰਦਾ ਹੈ।