image caption: ਰਜਿੰਦਰ ਸਿੰਘ ਪੁਰੇਵਾਲ

ਬਾਦਲਕੇ ਭਾਜਪਾਈਆਂ ਤੋਂ ਏਜੰਡਿਆਂ ਦੀ ਕਾਇਮੀ ਬਾਰੇ ਮੱਤ ਲੈਣ


       ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਗਿਰਾਫ ਲਗਾਤਾਰ ਨਿਵਾਣਾਂ ਵੱਲ ਜਾ ਰਿਹਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਉੱਤੇ ਕਬਜ਼ੇ ਦੇ ਬਾਵਜੂਦ ਅਕਾਲੀ ਦਲ ਪੰਥਕ ਨਾ ਰਹਿ ਕੇ ਅੱਜ ਨਿਰੋਲ ਬਾਦਲ ਦਲ ਬਣ ਚੁੱਕਿਆ ਹੈ। ਕਈ ਸਾਰੇ ਕਾਰਨ ਹਨ, ਇਸ ਪਾਰਟੀ ਨੇ ਹੌਲੀ ਹੌਲੀ ਕਰਕੇ ਸਿਰਫ ਵੋਟਾਂ ਬਟੋਰਨ ਲਈ ਹੀ ਪੰਥ ਦਾ ਪੱਲਾ ਫੜਿਆ, ਨਹੀਂ ਤਾਂ ਪੰਥਕ ਮਸਲੇ ਕਦੋਂ ਦੇ ਵਿਸਾਰ ਦਿੱਤੇ ਹਨ। ਅੱਜ ਜੋ ਪਾਰਟੀ ਦੇ ਅੰਦਰ ਦੀ ਲੜਾਈ ਮਘੀ ਹੋਈ ਹੈ, ਉਸ ਬਾਰੇ ਪੁਰਾਣੇ ਅਕਾਲੀ ਸਮਰਥਕ ਜੋ ਅੱਜ ਬੇਸ਼ੱਕ ਸਿਆਸਤ ਤੋਂ ਬਾਹਰ ਹਨ, ਪਰ ਪਾਰਟੀ ਦੇ ਭਲੇ ਲਈ ਆਸ ਤੇ ਅਰਦਾਸ ਕਰਦੇ ਹੋਏ ਆਖਦੇ ਹਨ ਕਿ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ, ਡਾ ਰਤਨ ਸਿੰਘ ਅਜਨਾਲਾ, ਉਹਨਾਂ ਦੇ ਪੁੱਤਰ ਬੋਨੀ ਅਮਰਪਾਲ ਅਜਨਾਲਾ ਨੂੰ ਪਾਰਟੀ ਵਿੱਚੋਂ ਬਾਹਰ ਕਰਕੇ ਨਹੀ ਮੁੱਕਣੀ। ਸਗੋਂ ਗੁਆਚੀ ਪੰਥਕ ਪਛਾਣ ਦੀ ਮੁੜ ਬਹਾਲੀ ਲਈ ਪੰਥ ਤੋਂ ਨਾ ਸਿਰਫ ਭੁੱਲ ਬਖਸ਼ਾਉਣੀ ਪਵੇਗੀ, ਬਲਕਿ ਪੰਥਕ ਮੁੱਦਿਆਂ ਵੱਲ ਵਾਪਸੀ ਵੀ ਕਰਨੀ ਪਵੇਗੀ। ਪਰ ਇਹ ਐਨਾ ਸੌਖਾ ਵੀ ਨਹੀਂ ਹੈ।

      ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਦਿਖਾਈਆਂ ਹਨ, ਕਦੇ ਦਬਾਅ ਪੈਣ ਉੱਤੇ ਪਾਰਟੀ ਦੀ ਪ੍ਰਧਾਨਗੀ ਖਾਤਰ ਅੰਮ੍ਰਿਤ ਪਾਨ ਕਰਨਾ, ਕਦੇ ਹੋਲੀ ਖੇਡਦੇ ਦੀ ਸ੍ਰੀ ਸਾਹਿਬ ਭਿੱਜੇ ਹੋਏ ਕੱਪੜਿਆਂ ਵਿੱਚੋਂ ਨਜ਼ਰ ਨਾ ਆਉਣੀ, ਤੇ ਸਵਾਲ ਉਠਣੇ ਕਿ ਕੀ ਉਸ ਨੇ ਅੰਮ੍ਰਿਤ ਭੰਗ ਕਰ ਦਿੱਤਾ ਹੈ? ਫੇਰ ਇਕ ਵਿਰੋਧ ਪ੍ਰਦਰਸ਼ਨ ਕਰਦੇ ਉਤੇ ਪਾਣੀ ਦੀਆਂ ਬੌਛਾੜਾਂ ਪੈਣੀਆਂ ਤੇ ਹੇਠੋਂ ਸ੍ਰੀ ਸਾਹਿਬ ਦਿਸ ਪੈਣਾ, ਇਹ ਦਰਸਾਉਣ ਦੀ ਕੋਸ਼ਿਸ਼ ਕਰਨੀ ਕਿ ਉਹ ਗੁਰੂ ਨਾਲੋਂ ਟੁੱਟਿਆ ਨਹੀਂ, ਇਹ ਸਭ ਆਮ ਲੋਕਾਂ ਦੀ ਕਚਹਿਰੀ ਵਿੱਚ ਨਿਰਾ ਡਰਾਮਾ ਬਣ ਕੇ ਚਰਚਿਤ ਹੈ।
ਜਿਸ ਤਰ੍ਹਾਂ ਪਿਛਲੀ ਬਾਦਲ ਸਰਕਾਰ ਵੇਲੇ ਸਿੱਖ ਕੌਮ ਦੇ ਹਿਰਦੇ ਕਈ ਘਟਨਾਵਾਂ ਨੇ ਵਲੂੰਧਰੇ, ਤੇ ਪੰਥ ਰਤਨ , ਫਖਰ ਏ ਕੌਮ ਦਾ ਖਿਤਾਬ ਲੈਣ ਵਾਲੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਸ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਦੀ ਜ਼ਖਮੀ ਹੋਈ ਰੂਹ ਉੱਤੇ ਮਰਹਮ ਲਾਉਣ ਦੀ ਥਾਂ ਤਕਲੀਫਾਂ ਹੋਰ ਵਧਾਈਆਂ, ਉਸ ਨੂੰ ਕੌਮ ਕਿਵੇਂ ਵਿਸਾਰ ਦੇਊ?

      ਜਦ ਸੌਦਾ ਸਾਧ ਨਾਲ ਨੇੜਤਾ, ਮਾਫੀ, ਨਿਹੱਥੇ ਸਿੱਖਾਂ 'ਤੇ ਗੋਲ਼ੀ ਚਲਾਉਣ ਆਦਿ ਕਾਰਵਾਈਆਂ ਦੀ ਟਕਸਾਲੀ ਅਕਾਲੀਆਂ ਦੀ ਜਾਗੀ ਜ਼ਮੀਰ ਨੇ ਵਿਰੋਧਤਾ ਕੀਤੀ ਅਤੇ ਪਾਰਟੀ ਪ੍ਰਧਾਨ ਬਦਲਣ ਦੀ ਮੰਗ ਕੀਤੀ ਤਾਂ ਪਾਰਟੀ ਵਿੱਚ ਉਨ੍ਹਾਂ ਨੂੰ ਬਾਗੀ ਆਖ ਕੇ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਕਹਿਣ ਨੂੰ ਪਾਰਟੀ ਦੀ ਕੋਰ ਕਮੇਟੀ ਪਰ ਅਸਲ ਵਿੱਚ ਕਿਹਾ ਜਾ ਸਕਦਾ ਹੈ ਕਿ ਬਾਦਲ ਪਰਿਵਾਰ ਦੇ ਜੀ ਹਜ਼ੂਰੀਆਂ ਵੱਲੋਂ ਸੇਵਾ ਸਿੰਘ ਸੇਖਵਾਂ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਦਾ ਫੈਸਲਾ ਸੁਣਾ ਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਲਈ ਕਿਸੇ ਵੀ ਆਗੂ ਦੇ ਮਗਰ ਵੋਟਾਂ ਦੇ ਢੇਰ ਨਾਲੋਂ ਵੱਧ ਅਹਿਮੀਅਤ ਪਾਰਟੀ ਦੀ , ਅਨੁਸ਼ਾਸਨ ਦੀ ਹੈ, ਪਰ ਬਰਖਾਸਤ ਹੋਏ ਆਗੂਆਂ ਵੱਲੋਂ ਮੋੜਵਾਂ ਸਖ਼ਤ ਸਟੈਂਡ ਇਹ ਸੰਕੇਤ ਦੇ ਰਿਹਾ ਹੈ ਕਿ ਦੋਵੇਂ ਧਿਰਾਂ ਹੁਣ ਆਰ-ਪਾਰ ਦੀ ਲੜਾਈ ਦੇ ਰੌਂਅ ਵਿਚ ਹਨ। ਅਕਾਲੀ ਦਲ ਵਿਚ ਫੁੱਟ ਜਾਂ ਵਿਵਾਦ ਕੋਈ ਪਹਿਲੀ ਵਾਰ ਨਹੀਂ ਹੋਇਆ। 1997 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਖ਼ੁਦ ਨੂੰ ਪੰਜਾਬੀ ਪਾਰਟੀ ਵਜੋਂ ਪੇਸ਼ ਕਰਨ ਅਤੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨਾਲ ਬਿਨਾਂ ਸ਼ਰਤ ਸਾਂਝ ਪਾਉਣ ਤੋਂ ਬਾਅਦ ਅਕਾਲੀ ਦਲ ਦਾ ਪੰਜਾਬ ਅਤੇ ਪੰਥ ਲਈ ਲੜਨ ਵਾਲਾ ਰਾਹ ਕੇਂਦਰੀ ਸੱਤਾ ਵਿਚ ਮੰਤਰੀ ਦੀ ਕੁਰਸੀ ਤੱਕ ਸੀਮਤ ਹੋ ਗਿਆ ਸੀ। ਇਹ ਪਹਿਲੀ ਸਰਕਾਰ ਸੀ ਕਿ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸਮੇਤ ਦੋਵੇਂ ਅਹੁਦੇ ਪ੍ਰਕਾਸ਼ ਸਿੰਘ ਬਾਦਲ ਕੋਲ ਸਨ। 1998 ਦੀ ਆਦਮਪੁਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦੋਵੇਂ ਅਹੁਦੇ ਅਲੱਗ ਅਲੱਗ ਵਿਅਕਤੀਆਂ ਕੋਲ ਹੋਣ ਦੇ ਦਿੱਤੇ ਬਿਆਨ ਨੇ ਘਮਸਾਨ ਮਚਾ ਦਿੱਤਾ ਸੀ। ਉਦੋਂ ਟੌਹੜਾ ਨੂੰ ਲਾਂਭੇ ਕਰ ਦਿੱਤਾ ਗਿਆ। ਟੌਹੜਾ ਦਾ ਸਰਬਹਿੰਦ ਅਕਾਲੀ ਦਲ ਕੋਈ ਵੱਡੀ ਚੁਣੌਤੀ ਤਾਂ ਨਹੀਂ ਦੇ ਸਕਿਆ ਪਰ ਅਕਾਲੀ ਦਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਤੋਂ ਬਾਹਰ ਜ਼ਰੂਰ ਹੋ ਗਿਆ।  
     2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਕਮਾਨ ਸੌਂਪਣ ਪਿੱਛੋਂ ਪਾਰਟੀ ਵਿਚ ਪਰਿਵਾਰਵਾਦ ਅਤੇ ਪੀੜ੍ਹੀ ਦੀ ਤਬਦੀਲੀ ਦਾ ਰਾਹ ਪੱਧਰਾ ਹੋਣਾ ਸ਼ੁਰੂ ਹੋ ਗਿਆ ਸੀ। ਨਾਲ ਹੀ ਅਕਾਲੀ ਦਲ ਦਾ ਰਵਾਇਤੀ ਸਿਆਸੀ ਸੱਭਿਆਚਾਰ ਵੀ ਬਦਲਦਾ ਦਿਸਿਆ। ਮਹਿੰਗੇ ਬੂਟਾਂ, ਕਰੀਜ਼ ਖੜ੍ਹੀ ਵਾਲੇ ਕੁੜਤੇ ਪਜ਼ਾਮੇ ਵਾਲੇ ਸੱਤਾ ਦਾ ਝੂਟਾ ਲੈਣ ਆਏ ਨਵੇਂ ਕਾਰਕੁਨਾਂ ਦੇ ਮੁਕਾਬਲੇ ਜੇਲ੍ਹਾਂ ਕੱਟਣ ਵਾਲੇ ਟਕਸਾਲੀ ਅਕਾਲੀਆਂ ਦਾ ਜਲਵਾ ਫਿੱਕਾ ਪੈਣਾ ਸ਼ੁਰੂ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਖ਼ਾਸ ਰਣਨੀਤੀ ਤਹਿਤ ਪੁਰਾਣੇ ਵੱਡੇ ਅਕਾਲੀਆਂ ਦੇ ਫ਼ਰਜ਼ੰਦਾਂ ਨੂੰ ਵਿਧਾਨ ਸਭਾ ਟਿਕਟਾਂ ਨਾਲ ਨਿਵਾਜ ਕੇ ਸੁਖਬੀਰ ਬਾਦਲ ਦੀ ਤਾਜਪੋਸ਼ੀ ਖ਼ਿਲਾਫ਼ ਹੋਣ ਵਾਲੇ ਕਿਸੇ ਵੀ ਸੰਭਾਵੀ ਵਿਰੋਧ ਦਾ ਇਲਾਜ ਕਰ ਦਿੱਤਾ। ਦੇਸ਼ ਵਿਚ ਸਮਾਜਵਾਦੀ ਪਾਰਟੀ, ਇਨੈਲੋ ਸਮੇਤ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਨੇ ਅਜਿਹਾ ਹੀ ਤਜਰਬਾ ਕਾਮਯਾਬੀ ਨਾਲ ਕੀਤਾ। ਪੁਰਾਣੀ ਰਾਜਾਸ਼ਾਹੀ ਵਾਂਗ ਉਨ੍ਹਾਂ ਅੰਦਰ ਵੀ ਤਾਕਤ ਦੀ ਵੰਡ ਦੇ ਮੁੱਦੇ ਉੱਤੇ ਝਗੜੇ ਉੱਠਣੇ ਸੁਭਾਵਿਕ ਹਨ ਪਰ ਵੱਡੇ ਅੰਦੋਲਨਾਂ ਦੌਰਾਨ ਹਜ਼ਾਰਾਂ ਕੁਰਬਾਨੀਆਂ 'ਚੋਂ ਨਿਕਲ ਕੇ ਆਏ ਸ਼੍ਰੋਮਣੀ ਅਕਾਲੀ ਦਲ ਨਾਲ ਆਮ ਤੌਰ ਉੱਤੇ ਪੰਜਾਬੀਆਂ ਅਤੇ ਖ਼ਾਸ ਤੌਰ ਉੱਤੇ ਸਿੱਖ ਧਾਰਮਿਕ ਘੱਟਗਿਣਤੀਆਂ ਦੀਆਂ ਉਮੀਦਾਂ ਨੇੜਿਓਂ ਜੁੜੀਆਂ ਰਹੀਆਂ ਹਨ। ਗੁਰੂ ਸਾਹਿਬਾਨ ਵੱਲੋਂ ਜਮਹੂਰੀਅਤ ਅਤੇ ਪੰਚ ਪ੍ਰਧਾਨੀ ਦੇ ਦਿੱਤੇ ਸੰਕਲਪ ਖ਼ਿਲਾਫ਼ ਖੜ੍ਹੀ ਕੀਤੀ ਜਾ ਰਹੀ ਸਿਆਸੀ ਧਾਰਾ ਕਿੰਨੇ ਕੁ ਸਮੇਂ ਤੱਕ ਨਿਰਵਿਰੋਧ ਖੜ੍ਹੀ ਰਹਿ ਸਕਦੀ ਹੈ। ਅਕਾਲੀ ਦਲ ਨੇ ਹਮੇਸ਼ਾਂ ਧਰਮ ਅਤੇ ਰਾਜਨੀਤੀ ਦੇ ਸੁਮੇਲ ਦੀ ਵਕਾਲਤ ਕਰਦਿਆਂ ਖ਼ੁਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਅਵੇਦਾਰ ਦੇ ਤੌਰ ਉੱਤੇ ਪੇਸ਼ ਕੀਤਾ। ਇਸ ਵਾਰ ਮਾਮਲਾ ਪੰਥਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਦਾ ਵਿਰੋਧ ਕਰ ਰਹੇ ਦੋ ਨੌਜਵਾਨਾਂ ਦੀ ਹੱਤਿਆ ਅਤੇ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ਬਾਰੇ ਸਟੈਂਡ ਸਪਸ਼ਟ ਕਰਨ ਨਾਲ ਸਬੰਧਿਤ ਹੈ। ਇਨ੍ਹਾਂ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਲੰਘ ਜਾਣਾ ਅਕਾਲੀ ਦਲ ਉੱਤੇ ਕਾਬਜ਼ ਆਗੂਆਂ ਲਈ ਆਸਾਨ ਨਹੀਂ ਹੋਵੇਗਾ। ਬਾਦਲ ਦਲ ਦੇ ਮੂਹਰੈਲਾਂ ਨੂੰ ਇਹ ਸੱਚ ਵੀ ਸਮਝਣਾ ਚਾਹੀਦਾ ਹੈ ਕਿ ਜਿਸ ਕੱਟੜਹਿੰਦੂਤਵੀ ਧਿਰ ਦੇ ਨਾਲ ਉਸ ਨੇ ਸਿਆਸੀ ਗੱਠਜੋੜ ਕੀਤਾ ਹੋਇਆ ਹੈ, ਉਹ ਧਿਰ ਆਪਣੇ ਹਿੰਦੂਤਵੀ ਏਜੰਡੇ ਨੂੰ ਕਿਸੇ ਵੀ ਕੀਮਤ ਉੱਤੇ ਨਹੀਂ ਛੱਡਦੀ, ਸੱਤਾ ਹਾਸਲ ਕਰਨ ਨਾਲੋਂ ਵੱਧ ਉਸ ਧਿਰ ਲਈ ਆਪਣੇ ਹਿੰਦੂਤਵੀ ਏਜੰਡਿਆਂ ਦੀ ਪਾਲਣਾ ਕਰਨਾ ਹੈ। ਕਾਸ਼ ਬਾਦਲਕਿਆਂ ਉੱਤੇ ਵੀ ਖਰਬੂਜ਼ੇ ਵਾਲਾ ਰੰਗ ਚੜ੍ਹ ਸਕੇ ਤੇ ਇਸ ਪੰਥਕ ਪਾਰਟੀ ਦੀ ਮੁਹਾਣ ਬਾਦਲ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਸਕੇ..।

ਰਜਿੰਦਰ ਸਿੰਘ ਪੁਰੇਵਾਲ