image caption: ਰਜਿੰਦਰ ਸਿੰਘ ਪੁਰੇਵਾਲ

ਕੀ ਪੰਜਾਬ ਵਾਕਿਆ ਹੀ ਗੜਬੜੀ ਵੱਲ ਵਧ ਰਿਹਾ ਹੈ?

      ਕੀ ਭਾਰਤੀ ਫੌਜ ਦਾ ਮੁਖੀ ਜਨਰਲ ਵਿਪਿਨ ਰਾਵਤ ਸਹੀ ਆਖਦਾ ਸੀ ਕਿ ਪੰਜਾਬ ਵਿੱਚ ਬਾਹਰੀ ਤਾਕਤਾਂ ਗੜਬੜੀ ਕਰਵਾ ਸਕਦੀਆਂ ਹਨ? ਪੰਜਾਬ ਵਿਚ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਸਤਿਸੰਗ ਘਰ ਵਿੱਚ ਹੋਏ ਗਰਨੇਡ ਹਮਲੇ ਤੋਂ ਬਾਅਦ ਹਰ ਪੰਜਾਬੀ ਲਈ ਭਾਰਤੀ ਫੌਜ ਮੁਖੀ ਦਾ ਬਿਆਨ ਵੀ ਚਿੰਤਾ ਤੇ ਚਿੰਤਨ ਦਾ ਵਿਸ਼ਾ ਬਣੀ ਗਿਆ ਹੈ। ਹਰ ਫਿਕਰਮੰਦ ਇਹੀ ਸੋਚਦਾ ਹੈ ਕਿ ਕੀ ਸਚਮੁਚ ਹੀ ਸ਼ਾਂਤ ਪਾਣੀ ਵਾਂਗ ਵਹਿ ਰਹੇ ਪੰਜਾਬ ਦੇ ਅੰਦਰਲੀ ਬੇਚੈਨੀ ਭਾਂਬੜ ਬਣਨ ਵੱਲ ਵਧ ਰਹੀ ਹੈ? ਕੀ ਸੱਚਮੁੱਚ ਹੀ ਪੰਜਾਬ ਦੇ ਹਾਲਾਤ ਵਿਗੜ ਗਏ ਹਨ? ਜਾਂ ਵਿਗੜਦੇ ਜਾ ਰਹੇ ਹਨ? ਕੀ ਵਾਕਿਆ ਹੀ ਦਹਿਸ਼ਤ ਦਾ ਮਾਹੌਲ ਹੈ? ਇਹੋ ਜਿਹੀ ਦਹਿਸ਼ਤ ਪੰਜਾਬੀਆਂ ਨੇ ਚਾਲੀ ਸਾਲ ਪਹਿਲਾਂ 13 ਅਪਰੈਲ 1978 ਨੂੰ ਹੋਈ ਸਿੱਖ-ਨਿਰੰਕਾਰੀ ਟਕਰਾਓ ਦੀ ਇਸੇ ਤਰ੍ਹਾਂ ਦੀ ਘਟਨਾ ਜਿਸ ਵਿਚ 13 ਲੋਕ ਮਾਰੇ ਗਏ ਸਨ, ਦੌਰਾਨ ਦੇਖੀ ਤੇ ਮਹਿਸੂਸ ਕੀਤੀ ਸੀ। 13 ਅਪਰੈਲ 1978 ਤੋਂ ਬਾਅਦ ਪੰਜਾਬ ਤੇ ਕੇਂਦਰ ਦੀ ਕੂੜ ਸਿਆਸਤ  ਨੇ ਪੰਜਾਬ ਨੂੰ ਲੰਬੇ ਸਮੇਂ ਲਈ ਹਨੇਰੇ ਕਾਲ ਵਿਚ ਧੱਕ ਦਿੱਤਾ ਅਤੇ ਇਹ ਅਗਾਂਹਵਧੂ ਸੂਬੇ ਦੀ ਥਾਂ 'ਤੇ ਇਹੋ ਜਿਹੇ ਸੂਬੇ ਵਜੋਂ ਸਾਹਮਣੇ ਆਇਆ, ਜਿੱਥੇ ਸਿਆਸਤ ਕਦੇ ਵੀ ਸੁਚੱਜੀਆਂ ਲੀਹਾਂ 'ਤੇ ਵਾਪਸ ਨਾ ਆਈ। ਇਸ ਸੰਤਾਪ ਨੇ ਪੰਜਾਬੀਆਂ ਅਤੇ ਖ਼ਾਸ ਕਰਕੇ ਨੌਜਵਾਨਾਂ ਤੇ ਕਿਸ਼ੋਰਾਂ ਦੀ ਮਾਨਸਿਕਤਾ ਉੱਤੇ ਡੂੰਘੇ ਫੱਟ ਲਾਏ ਜਿਨ੍ਹਾਂ ਦੇ ਨਾਸੂਰ ਅਜੇ ਵੀ ਨਹੀਂ ਭਰੇ। ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਦਾ ਕਤਲ, ਦਿੱਲੀ ਵਿਚ ਸਿੱਖਾਂ ਦਾ ਘਾਣ, ਤੇ ਨੌਜਵਾਨਾਂ 'ਤੇ ਜ਼ੁਲਮ ਉਸ ਸਮੇਂ ਦੀ ਦਾਸਤਾਨ ਦੇ ਕਿੱਸੇ ਹਨ। ਕੁਝ ਸਮੇਂ ਤੋਂ ਪੰਜਾਬ ਨੂੰ ਫਿਰ ਬਲਦੀ ਦੇ ਬੂਥੇ ਧੱਕਿਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲੇ, ਬਹਿਬਲ ਕਲਾਂ ਤੇ ਜਵਾਹਰਕੇ ਵਿਚ ਹੋਈ ਪੁਲੀਸ ਫਾਇਰਿੰਗ, ਮੌੜ ਮੰਡੀ ਵਿਚ ਹੋਇਆ ਧਮਾਕਾ ਅਤੇ ਇਨ੍ਹਾਂ ਕੇਸਾਂ ਵਿਚ ਠੋਸ ਕਾਰਵਾਈ ਨਾ ਹੋਣ ਕਰਕੇ ਪੰਜਾਬੀ ਡਾਢੇ ਨਿਰਾਸ਼ ਤੇ ਦੁਖੀ ਹਨ। ਇਸ ਦੇ ਨਾਲ ਨਾਲ ਪੁਰਾਣੀਆਂ ਸਮੱਸਿਆਵਾਂ ਜਿਵੇਂ ਬੇਰੁਜ਼ਗਾਰੀ, ਨਸ਼ਿਆਂ ਦਾ ਵਧ ਰਿਹਾ ਮੱਕੜਜਾਲ, ਰਿਸ਼ਵਤਖੋਰੀ, ਭੋਇੰ ਤੇ ਖਣਨ ਮਾਫ਼ੀਆ ਅਤੇ ਕੁਨਬਾਪ੍ਰਸਤੀ ਤੋਂ ਕੋਈ ਛੁਟਕਾਰਾ ਮਿਲਣ ਦੀਆਂ ਸੰਭਾਵਨਾਵਾਂ ਦਿਖਾਈ ਨਹੀਂ ਦਿੰਦੀਆਂ ਜਿਸ ਕਰਕੇ ਇਹ ਪ੍ਰਭਾਵ ਜਾ ਰਿਹਾ ਹੈ ਕਿ ਸਰਕਾਰ ਵਿਚ ਚੰਗਾ ਸ਼ਾਸਨ ਦੇਣ ਬਾਰੇ ਪ੍ਰਤੀਬੱਧਤਾ ਦੀ ਘਾਟ ਹੈ। ਆਮ ਲੋਕ ਅਤੇ ਖ਼ਾਸ ਕਰਕੇ ਨੌਜਵਾਨਾਂ ਵਿਚ ਸਿਆਸੀ ਅਮਲ ਪ੍ਰਤੀ ਰੋਸ ਤੇ ਵਿਸ਼ਾਦ ਵਧਦੇ ਜਾ ਰਹੇ ਹਨ।
     ਹੁਣ ਜਦੋਂ ਕੁਝ ਦਿਨਾਂ ਤੋਂ ਪੰਜਾਬ ਵਿੱਚ ਸ਼ੱਕੀਆਂ ਦੀ ਆਮਦ ਦੀਆਂ ਖਬਰਾਂ ਜ਼ੋਰਸ਼ੋਰ ਨਾਲ ਪਰਚਾਰੀਆਂ ਜਾ ਰਹੀਆਂ ਸਨ, ਤਾਂ ਇਹ ਵੀ ਐਲਾਨ ਕੀਤਾ ਜਾ ਰਿਹਾ ਸੀ ਕਿ ਪੰਜਾਬ ਹਾਈ ਅਲਰਟ ਉੱਤੇ ਹੈ, ਅਜਿਹੇ ਹਾਈ ਅਲਰਟ ਦੇ ਦਰਮਿਆਨ ਹੀ ਅਦਲੀਵਾਲ ਵਾਲੇ ਸਤਿਸੰਗ ਭਵਨ ਦੇ ਅੰਦਰ ਜਦੋਂ ਨਿੰਰਕਾਰੀ ਸੰਗਤ ਬੈਠੀ ਹੋਈ ਤੇ ਉਨ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਆਏ, ਜ਼ਬਰਦਸਤੀ ਅੰਦਰ ਗਏ ਤੇ ਗਰਨੇਡ ਸੁੱਟ ਕੇ ਨਿਕਲ ਗਏ। ਇਸ ਘਟਨਾ ਵਿੱਚ ਤਿੰਨ ਜਣਿਆਂ ਦੀ ਖੜ੍ਹੇ ਪੈਰ ਮੌਤ ਹੋਣ ਤੇ ਕਰੀਬ 20-21 ਜਣਿਆਂ ਦੇ ਸਖਤ ਜ਼ਖਮੀ ਹੋਣ ਦੀ ਖਬਰ ਹੈ। ਇਹ ਸਾਰੀ ਘਟਨਾ ਦੁਖਦਾਈ ਹੈ। ਕਈ ਝੂਠ ਤੇ ਕੁਫਰ ਤੋਲਨ ਵਾਲੇ ਪੱਤਰਕਾਰ ਇਸ ਘਟਨਾ ਨੂੰ ਚਾਲੀ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਕੁਝ ਸੰਗਠਨਾਂ ਅਤੇ ਨਿਰੰਕਾਰੀ ਮੱਤ ਦੇ ਪੈਰੋਕਾਰਾਂ ਦੇ ਝਗੜੇ ਨਾਲ ਮੇਲ ਕੇ ਪੇਸ਼ ਕਰ ਰਹੇ ਹਨ। ਜਦ ਕਿ ਦੋਹਾਂ ਧਿਰਾਂ ਵਿਚ ਖਤਰਨਾਕ ਟਕਰਾਅ ਵਾਲੀ ਸਥਿਤੀ ਨਹੀਂ ਹੈ। ਦੋਵੇਂ ਧਿਰਾਂ ਸ਼ਾਂਤਮਈ ਚੱਲ ਰਹੀਆਂ ਸਨ। ਫੇਰ ਡਰ , ਦਹਿਸ਼ਤ ਦਾ ਮਾਹੌਲ ਕਿÀੁਂ? ਇਹ ਚੋਣਾਂ ਆਉਣ ਤੋਂ ਪਹਿਲਾਂ ਧਮਾਕੇ ਕਿਉਂ ਹੋਏ? ਹੁਣ ਜਦੋ ਨਿਰੰਕਾਰੀ ਹਮਲੇ ਬਾਰੇ ਕੁਝ ਵੀ ਪਤਾ ਨਹੀਂ ਕਿ ਕੌਣ ਹੈ ਇਸ ਲਈ ਜੁਮੇਵਾਰ ਤਾਂ ਫੇਰ  ਸਿੱਖ ਨੌਜਵਾਨਾਂ ਦੀ ਫਡੋਫੜੀ ਕਿਉ ਹੋ ਰਹੀ ਹੈ? ਕਾਤਲ ਕੌਣ ਹਨ ਪੁਖਤਾ ਸਬੂਤ ਨਹੀਂ ਫਿਰ ਅਜਿਹਾ ਵਰਤਾਰਾ ਕਿਉਂ? ਮਨੁਖੀ ਅਧਿਕਾਰਾਂ ਦੀ ਉਲੰਘਣਾ ਕਿਉਂ? ਕੈਪਟਨ ਸਰਕਾਰ ਨੂੰ ਕਨੂੰਨੀ ਧਰਮ ਅਪਨਾਉਣ ਦੀ ਲੋੜ ਹੈ। ਹਿੰਦੂ ਦਲਿਤ ਭਾਈਚਾਰੇ ਨੂੰ ਇਸ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਣ ਲਈ ਅਵਾਜ ਉਠਾਉਣ ਦੀ ਲੋੜ ਹੈ। ਸਾਡੀ ਅਵਾਜ ਪੰਜਾਬੀਆਂ ਦੀ ਹੋਵੇ ਕਿ ਸਿਆਸਤ ਨਾ ਖੇਡੋ ਅਸਲੀ ਮੁਜਰਮਾਂ ਨੂੰ ਗਿਰਫਤਾਰ ਕਰੋ। ਸਿਆਸਤਦਾਨ ਜਨਤਾ ਦੇ ਸੇਵਕ ਵਜੋਂ ਭੂਮਿਕਾ ਨਿਭਾਉਣ। ਪੰਜਾਬ ਸੰਤਾਪ ਦੌਰਾਨ ਇਕੱਲੇ ਸਿੱਖਾਂ ਨੇ ਨਹੀਂ, ਸਮੂਹ ਪੰਜਾਬੀਆਂ ਨੇ, ਭਾਵ ਅਸੀਂ ਸਭ ਨੇ ਦੁੱਖ ਭੋਗਿਆ ਹੈ, ਤਾਂ ਸਾਨੂੰ ਸਭ ਨੂੰ ਇਕ ਅਵਾਜ਼ ਵਿੱਚ ਹਕੂਮਤ ਨੂੰ ਸੁਨੇਹਾ ਦੇਣਾ ਚਾਹੀਦਾ ਹੈ ਕਿ ਹੋਛੀ ਸਿਆਸਤ ਲਈ ਇਹ ਡਰਾਮੇ ਖਤਮ ਹੋਣ। ਪੰਜਾਬ ਨੂੰ ਸ਼ਾਂਤ ਰਹਿਣ ਦਿਉ। ਪੰਜਾਬੀ ਇਨਸਾਫ ਚਾਹੁੰਦੇ ਹਨ ਇਹੋ ਜਿਹੀਆਂ ਵਾਰਦਾਤਾਂ ਨਾਲ ਨਫਰਤ ਕਰਦੇ ਹਨ। ਇਹੀ ਗੁਰੂ ਨਾਨਕ ਦੀ ਅਵਾਜ਼ ਹੈ। ਸਾਨੂੰ ਹਿੰਸਾ ਮਨਜੂਰ ਨਹੀਂ। ਸਰਕਾਰ ਸੁਚੇਤ ਹੋਵੇ।
    ਲੋਕਾਂ ਦਾ ਰੋਸ ਸਿਖਾਂ ਦੇ ਧਾਰਮਿਕ ਲੀਡਰਾਂ ਤੇ ਵੀ ਹੈ  ਕਿ ਤੁਸੀਂ ਸੰਵਿਧਾਨ ਕਨੂੰਨ ਅਨੁਸਾਰ ਕਿਉ ਨਹੀਂ ਅਵਾਜ ਉਠਾਉਦੇ। ਤੁਹਾਡਾ ਬ੍ਰਹਮ ਗਿਆਨ ਕਿਥੇ ਹੈ। ਬਾਬਾ ਠਾਕੁਰ ਸਿੰਘ ਪਟਿਆਲੇ ਵਾਲੇ ਸਵਰਗ ਵਿਚ ਸੰਤਰੇ ਲੱਭਣ ਕਿਉ ਤੁਰ ਗਏ।  ਪੰਜਾਬ ਤੇ ਸਮਾਜ ਬਾਰੇ ਤੁਹਾਡੀ ਕੀ ਜਿੰਮੇਵਾਰੀ ਹੈ ਤੇ ਤੁਸੀਂ ਕਿਹੜਾ ਜਾਪ ਕਰ ਰਹੇ ਹੋ। ਇਹ ਕਿਹੜੀ ਫਿਲਾਸਫੀ ਹੈ ਜਿਥੇ ਮਨੁੱਖਤਾ ਦਾ ਦਰਦ ਨਹੀਂ ਹੈ। ਜਿਥੇ ਸਾਡੀ ਸੋਚ ਵਿਚੋ ਗੁਰੂ ਨਾਨਕ ਬਾਬਾ ਗਾਇਬ ਹਨ ਤੇ ਸੰਤ ਰਵਿਦਾਸ ਜੀ ਦੀ ਮਹਾਨ ਬੁਲੰਦ ਅਵਾਜ਼ ਬੇਗਮਪੁਰਾ ਤਹਾਡੇ ਦਿਮਾਗ ਨੂੰ ਹਲੂਣ ਨਹੀਂ ਰਹੀ। ਕੀ ਤੁਸੀਂ ਪੱਥਰਾਂ ਦੇ ਦੇਵਤੇ ਹੋ ਗਏ? ਕਿਥੇ ਹੈ ਗਦਰੀ ਬਾਬਿਆਂ ਤੇ ਭਗਤ ਸਿੰਘ ਦਾ ਸਮਾਜ ਤੇ ਸੁਪਨੇ?
   ਯਾਦ ਰੱਖਿਓ! ਜੇਕਰ ਸਾਰੇ ਪੰਜਾਬੀਆਂ ਜਾਂ ਪੰਜਾਬ ਦੀ ਸ਼ਾਂਤੀ ਦੇ ਫਿਕਰਮੰਦਾਂ ਨੇ ਇਸ ਸ਼ੱਕੀ ਹਮਲੇ ਦੀ ਸੱਚਾਈ ਲਈ ਅਵਾਜ਼ ਬੁਲੰਦ ਨਾ ਕੀਤੀ ਤਾਂ ਸ਼ਾਂਤ ਕਲਕਲ ਵਹਿੰਦੀ ਨਦੀ ਵਰਗੇ ਪੰਜਾਬ 'ਚ ਉਬਾਲਾ ਆਉਣੋ ਦੇਰ ਨਹੀਂ ਲੱਗਣੀ।

ਰਜਿੰਦਰ ਸਿੰਘ ਪੁਰੇਵਾਲ