image caption: ਰਜਿੰਦਰ ਸਿੰਘ ਪੁਰੇਵਾਲ ਅਤੇ ਦੂਜੀ ਤਸਵੀਰ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਸਮੇਂ ਇਮਰਾਨ ਖਾਨ, ਨਵਜੋਤ ਸਿੰਘ ਸਿੱਧੂ ਅਤੇ ਹਰਸਿਮਰਤ ਕੌਰ ਤੇ ਹੋਰ ਅਧਿਕਾਰੀ

ਕਰਤਾਰਪੁਰ ਲਾਂਘਾ-ਕੈਪਟਨ ਨਹੀਂ ਖੱਟ ਸਕੇ ਸ਼ਾਬਾਸ਼ !

    ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਮੌਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਜੋ ਸ਼ਾਬਾਸ਼ ਖੱਟਣੀ ਸੀ, ਉਸ ਦਾ ਮੌਕਾ ਖੁੰਝਾ ਦਿੱਤਾ। ਨੀਂਹ ਪੱਥਰ ਰੱਖਣ ਇਧਰਲੇ ਪੰਜਾਬ ਵਾਲੇ ਪਾਸੇ ਜਿਹੜੀ ਕੜ੍ਹੀ ਬਾਦਲਕਿਆਂ ਤੇ ਕਾਂਗਰਸੀਆਂ ਵੱਲੋਂ ਘੋਲੀ ਗਈ, ਉਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਜਿਸ ਸਮਾਗਮ ਵਿਚ 'ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ' ਦੀਆਂ ਗੂੰਜਾਂ ਪੈਂਣੀਆਂ ਸਨ, ਉਸ ਸਮਾਗਮ ਵਿਚ ਸਿਆਸੀ ਧਿਰਾਂ ਇੱਕ-ਦੂਜੇ ਦੀ ਜ਼ਿੰਦਾਬਾਦ-ਮੁਰਦਾਬਾਦ ਕਰਨ ਵਿਚ ਲੱਗੀਆਂ ਰਹੀਆਂ। ਦੋ ਦੁਸ਼ਮਣ ਆਖੇ ਜਾਂਦੇ ਦੇਸ਼ਾਂ ਵਿਚਕਾਰ ਸ਼ਾਂਤੀ ਦਾ ਇੱਕ ਵੱਡਾ ਕਦਮ ਹੋਣ ਕਾਰਣ, ਸਮਾਗਮ ਦੀ ਦੇਸ਼-ਵਿਦੇਸ਼ ਦਾ ਮੀਡੀਆ, ਵੱਡੀ ਪੱਧਰ 'ਤੇ ਕਵਰੇਜ਼ ਕਰ ਰਿਹਾ ਸੀ। ਦੋਵਾਂ ਸਿਆਸੀ ਧਿਰਾਂ ਨੇ ਜਲੂਸ ਕੱਢ ਕੇ, ਸਿੱਖਾਂ ਦੇ ਪੱਲੇ ਬਦਨਾਮੀ ਪੁਆਉਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕੀਤਾ। ਸਾਡੇ ਅਕਲੋਂ ਕੋਰੇ ਲੀਡਰ ਲੋਕ ਭੁੱਲ ਗਏ ਕਿ ਸਿਆਸੀ ਦੂਸ਼ਮਣਬਾਜ਼ੀ ਲਈ ਆਏ ਦਿਨ-ਮੌਕੇ ਮਿਲਣੇ ਹਨ, ਜੇ ਉਹ ਇਸ ਧਾਰਮਿਕ ਸਮਾਗਮ ਨੂੰ ਧਾਰਮਿਕ ਸ਼ਰਧਾ ਨਾਲ ਮਨਾਉਂਦੇ ਆਪਣੀਆਂ ਰਾਜਸੀ ਰੋਟੀਆਂ ਤੇ ਸਿਆਸੀ ਸਾੜੇ ਨੂੰ ਇੱਕ ਪਾਸੇ ਰੱਖ ਕੇ ਸਿਰਫ਼ ਧਾਰਮਿਕ ਭਾਵਨਾਵਾਂ ਦਾ ਹੀ ਪ੍ਰਗਟਾਅ ਕੀਤਾ ਜਾਂਦਾ ਤਾਂ ਇਸ ਮੌਕੇ ਨੂੰ ਸਮੁੱਚੀ ਦੁਨੀਆਂ ਨੂੰ ਸਿੱਖ ਕੌਮ ਦੀਆਂ ਅਹਿਸਾਨ ਕਰਨ ਵਾਲੇ ਪ੍ਰਤੀ ਡੂੰਘੀਆਂ ਭਾਵਨਾਵਾਂ ਦੇ ਪ੍ਰਗਟਾਵੇ ਦੇ ਰੂਪ ਵਿਚ ਵੇਖਣਾ ਸੀ। ਚਾਹੀਦਾ ਤਾਂ ਇਹ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ  ਦੇ ਲਾਂਘੇ ਲਈ ਸਾਰੀਆਂ ਧਿਰਾਂ ਨੂੰ ਇੱਕ-ਜੁੱਟ ਤੇ ਇੱਕਮੱਤ ਹੋ ਕੇ, ਉਸ ਮਹਾਨ ਇਨਕਲਾਬੀ ਰਹਿਬਰ ਦੀਆਂ ਸਿਖਿਆਵਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜਪੁਜੀ ਸਾਹਿਬ ਅਤੇ ਆਸਾ ਜੀ ਦੀ ਵਾਰ ਵਿਚ ਮਨੁੱਖ ਨੂੰ ਦੁਨੀਆਵੀਂ ਤੌਰ-ਤਰੀਕਿਆਂ ਦੀ ਹੀ ਜਾਚ ਦੱਸੀ ਹੈ। ਸਾਡੇ ਕੋਲ ਗੁਰਬਾਣੀ ਦੇ ਰੂਪ ਵਿਚ ਦੁਨੀਆ ਦਾ ਸਭ ਤੋਂ ਅਨਮੋਲ ਖਜ਼ਾਨਾ ਹੈ। ਪ੍ਰੰਤੂ ਅਸੀਂ ਉਸਨੂੰ ਕਦੇ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸੀਂ ਬਾਹਰੀ ਲੋਕਾਂ ਨੂੰ ਆਖ਼ਰ ਕੀ ਜਵਾਬ ਦੇਵਾਂਗੇ? ਸਾਂਝੇ ਇਤਿਹਾਸਕ ਸਮਾਗਮ ਵਿਚ ਚੌਧਰ ਲਈ ਅਤੇ ਮਿਹਣੇ ਦੇਣ ਲਈ ਕਦੇ ਵੀ ਕੋਈ ਥਾਂ ਨਹੀਂ ਹੁੰਦੀ। ਇਹੋ-ਜਿਹੇ ਸਮਾਗਮ ਵਿਚ ਸਿਰਫ਼ ਸੱਚ ਹੀ ਬੋਲਣਾ ਚਾਹੀਦਾ ਹੈ, ਪ੍ਰੰਤੂ ਜਿਸ ਤਰ੍ਹਾਂ ਇਸ ਇਤਿਹਾਸਕ ਸਮਾਗਮ ਵਿਚ ਬਾਦਲਕੇ ਅਤੇ ਕੈਪਟਨ ਨੇ ਆਪੋ ਵਿਚ ਉਲਝੇ ਹਨ, ਮਿਹਣੋ-ਮਿਹਣੀ ਹੋਏ ਹਨ, ਉਸਨੇ ਇਸ ਮਹਾਨ ਸਮਾਗਮ ਦੀ ਕਿਰਕਿਰੀ ਕਰਕੇ ਰੱਖ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਰੱਖੇ ਜਾਣ ਵਾਲੇ ਨੀਂਹ ਪੱਥਰ ਸਮਾਗਮ ਵਿਚ ਸੱਦਾ ਮਿਲਣ 'ਤੇ ਪਾਕਿਸਤਾਨ ਜਾਣ ਤੋਂ ਇਨਕਾਰ ਕਰਕੇ, ਸਿੱਖ ਭਾਵਨਾਵਾਂ ਨਾਲ ਡੂੰਘਾ ਖਿਲਵਾੜ ਕੀਤਾ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਿੱਖਾਂ ਦੇ ਮਿੱਤਰ ਵਜੋਂ ਜਾਣਿਆਂ ਜਾਂਦਾ ਹੈ, ਉਸਦੇ ਸਵਾਗਤ ਤੋਂ ਇਨਕਾਰ ਦਾ ਅਰਥ ਸਿੱਖ ਭਾਵਨਾਵਾਂ ਨਾਲ ਖਿਲਵਾੜ ਸੀ। ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਸਮਾਗਮ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦ ਦਾ ਰਾਗ ਅਲਾਪ ਕੇ ਪਾਕਿਸਤਾਨ ਦੇ ਸਮਾਗਮ ਵਿਚ ਜਾਣ ਤੋਂ ਇਨਕਾਰ ਕਰ ਕੇ, ਅਕ੍ਰਿਤਘਣ ਹੋਣ ਦਾ ਸਬੂਤ ਦਿੱਤਾ ਹੈ। ਸਵਾਲ ਤਾਂ ਇਹ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਪਿਛਲੇ ਕਾਰਜਕਾਲ ਸਮੇਂ ਪਾਕਿਸਤਾਨ ਨਹੀਂ ਸੀ ਗਏ? ਉਦੋਂ ਤਾਂ ਉਥੋਂ ਦੇ ਮੁੱਖ ਮੰਤਰੀ ਵੱਲੋਂ ਤੋਹਫ਼ੇ ਵਿਚ ਦਿੱਤਾ ਘੋੜਾ ਲਿਆਂਦਾ ਸੀ, ਉਥੇ ਦੀ ਵਸਨੀਕ ਪੱਤਰਕਾਰ ਅਰੂਸਾ ਆਲਮ ਨਾਲ ਕੈਪਟਨ ਦੀ ਨੇੜਤਾ ਦੇ ਚਰਚੇ ਕਿਸੇ ਤੋਂ ਗੁੱਝੇ ਨਹੀਂ ਰਹੇ, ਜੋ ਪੰਜਾਬ ਵਿੱਚ ਸਰਕਾਰੀ ਮਹਿਮਾਨ ਬਣ ਕੇ ਰਹਿੰਦੀ ਹੈ। ਅਸਲ ਵਿੱਚ ਜੇ ਕੈਪਟਨ ਦਾ ਨਿੱਜੀ ਮਨੋਰਥ  ਹੁੰਦਾ ਹੈ ਤਾਂ ਉਹਨਾਂ ਲਈ ਪਾਕਿਸਤਾਨ ਪਿਆਰਾ ਹੋ ਜਾਂਦਾ ਹੈ ਅਤੇ ਜਦੋਂ ਸਿੱਖ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਅੱਤਵਾਦੀ ਬਣ ਜਾਂਦਾ ਹੈ। ਇੱਕ ਪਾਸੇ ਕੇਂਦਰ ਸਰਕਾਰ ਪਾਕਿਸਤਾਨ ਤੋਂ ਆਏ ਸੱਦੇ ਨੂੰ ਪ੍ਰਵਾਨ ਕਰ ਰਹੀ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਸੇ  ਸੱਦੇ ਨੂੰ ਅੱਤਵਾਦ ਦੇ ਬਹਾਨੇ ਠੁਕਰਾ ਰਹੇ ਹਨ। ਉਹ ਕਿਹੜੀ ਦੇਸ਼ ਭਗਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹਨ? ਕਰਤਾਰਪੁਰ ਸਾਹਿਬ ਦਾ ਲਾਂਘਾ ਹਰ ਸਿੱਖ ਦੀ ਰੀਝ ਤੇ ਤਮੰਨਾ ਹੈ, ਫਿਰ ਉਹ ਹਰ ਸਿੱਖ ਦੀ ਇਸ ਰੀਝ ਦੀ ਪੂਰਤੀ ਵਿਚ ਅਜਿਹੀ ਕੁੜੱਤਣ ਪੈਦਾ ਕਰ ਕੇ ਰੋੜੇ ਕਿਉਂ ਅਟਕਾ ਰਹੇ ਹਨ? ਸਾਨੂੰ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਮਨਸ਼ਾ ਨੂੰ ਪਰਖਣਾ ਚਾਹੀਦਾ ਹੈ। ਪਾਕਿਸਤਾਨ ਨੇ ਇਹ ਕਦਮ ਸਿੱਖਾਂ ਦੀ ਚਿਰੋਕਣੀ ਮੰਗ ਦੀ ਪੂਰਤੀ ਅਤੇ ਸਿੱਖ ਕੌਮ ਨੂੰ ਭਾਵਨਾਤਮਕ ਖ਼ੁਸ਼ੀ ਦੇਣ ਲਈ ਕੀਤਾ ਹੈ। ਸਰਹੱਦਾਂ 'ਤੇ ਜਿਹੜਾ ਮਾਹੌਲ ਹੈ, ਉਸ ਲਈ ਦੋਵੇਂ ਦੇਸ਼ ਜ਼ੁੰਮੇਵਾਰ ਹਨ। ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ। ਜਦੋਂ ਤੱਕ  ਦੋਵਾਂ ਦੇਸ਼ਾਂ ਵਿਚੋਂ ਦੁਸ਼ਮਣੀ ਵਾਲੀਆਂ ਭਾਵਨਾਵਾਂ ਖ਼ਤਮ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਅਜਿਹੇ ਦੋਸ਼ ਪ੍ਰਤੀ ਦੋਸ਼ ਲੱਗਦੇ ਰਹਿਣਗੇ।
    ਕੈਪਟਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਗੁਰੂ ਸਾਹਿਬ ਨੂੰ ਸਿਮਰਦਿਆਂ ਵੀ ਸਾਡੇ ਮਨਾਂ ਵਿਚ ਹਓਮੈ ਤੇ ਵੈਰ-ਵਿਰੋਧ ਦੀ ਭਾਵਨਾ ਖ਼ਤਮ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਸੀ ਸਿਆਸੀ ਵਖਰੇਂਵਿਆਂ ਨੂੰ ਇਕ ਪਲ ਲਈ ਵੀ ਵਿਸਾਰ ਨਹੀਂ ਸਕਦੇ ਅਤੇ ਹਰ ਪਲ ਨੂੰ ਆਪਣੀ ਨਿੱਜੀ ਤੇ ਸਿਆਸੀ ਹਓਮੈ ਦਾ ਪਰਚਮ ਬਣਾ ਕੇ ਬੁਲੰਦ ਕਰਨਾ ਚਾਹੁੰਦੇ ਹਾਂ।
     ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਨਾਲ ਦੋਹਾਂ ਦੇਸ਼ਾਂ ਵਿਚਕਾਰਲੇ ਰਿਸ਼ਤਿਆਂ ਵਿਚ ਕੁੜੱਤਣ ਘਟਣ ਨਾਲ ਆਪਸੀ ਵਪਾਰ ਦੀਆਂ ਸੰਭਾਵਨਾਵਾਂ ਬਹੁਤ ਵੱਡੀਆਂ ਹਨ ਅਤੇ ਇਸ ਨਾਲ ਪੰਜਾਬ ਨੂੰ ਵੱਡੇ ਫ਼ਾਇਦੇ ਹੋ ਸਕਦੇ ਹਨ।  
     ਕੈਪਟਨ ਨੂੰ ਨੀਂਹ ਪੱਥਰ ਵਾਲੇ ਸਮਾਗਮ ਵੇਲੇ ਹੀ ਚਾਹੀਦਾ ਤਾਂ ਇਹ ਸੀ ਕਿ ਗੁਰੂ ਸਾਹਿਬ ਨੂੰ ਸਮਰਪਿਤ ਇਹ ਸਮਾਗਮ ਅਦੁੱਤੀ ਸ਼ਰਧਾ ਤੇ ਸਾਦਗੀ ਨਾਲ ਮਨਾਇਆ ਜਾਂਦਾ ਅਤੇ ਸਦਾ ਲਈ ਲੋਕਾਂ ਦੇ ਮਨਾਂ ਉੱਤੇ ਉਸੇ ਹੀ ਤਰੀਕੇ ਨਾਲ ਉੱਕਰਿਆ ਜਾਂਦਾ ਜਿਵੇਂ ਉਨ੍ਹਾਂ ਦੇ ਮਨ ਵਿਚ ਬਾਬਾ ਗੁਰੂ ਨਾਨਕ ਦੇਵ ਜੀ ਦਾ ਅਕਸ ਹੈ। ਤੇ ਫੇਰ ਉਹ ਖੁਦ ਪਾਕਿਸਤਾਨ ਜਾਂਦੇ, ਸਿੱਖਾਂ ਦੇ ਮਨ ਵਿੱਚ ਸਦਾ ਲਈ ਘਰ ਕਰ ਜਾਂਦੇ, ਪਰ ਅਫਸੋਸ ਕੈਪਟਨ ਕਿਸੇ ਸਿਆਸੀ ਮਜਬੂਰੀ ਦੇ ਚੱਲਦਿਆਂ ਸ਼ਾਇਦ ਇਹ ਭੱਲ ਖੱਟਣ ਤੋਂ ਵਾਂਝੇ ਰਹਿ ਗਏ, ਜੋ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਬਿਨਾ ਹੱਥ ਹਿਲਾਇਆਂ ਉਹਨਾਂ ਦੀ ਝੋਲੀ ਪੈਣ ਵਾਲੀ ਸੀ।

ਰਜਿੰਦਰ ਸਿੰਘ ਪੁਰੇਵਾਲ